ਪੰਜਾਬ

ਆਪਣੀਆਂ ਮੰਗਾਂ ਲੈ ਕੇ ਰਾਜਪਾਲ ਕੋਲ ਜਾਣ ਦੀ ਥਾਂ ਆਪਣੇ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਜਾਓ: ਮਜੀਠੀਆ ਨੇ ਕਾਂਗਰਸੀ ਆਗੂਆਂ ਨੂੰ ਆਖਿਆ

ਮਣੀਪੁਰ ਘਟਨਾ ਦੀ ਨਿਖੇਧੀ ਕਰਦਿਆਂ ਇਸਨੂੰ ਦੇਸ਼ ਦੇ ਚੇਹਰੇ ’ਤੇ ਧੱਬਾ ਕਰਾਰ ਦਿੱਤਾ

ਕਿਸਾਨਾਂ ਲਈ ਪੂਰਨ ਮੁਆਵਜ਼ਾ ਤੇ ਵਧੀਕ ਰਾਹਤ ਮੰਗੀ
ਸਾਰੇ ਕਿਸਾਨਾਂ ਤੇ ਹੋਰ ਉਤਪਾਦਕ ਕਰਜ਼ਿਆਂ ਦੀ ਅਦਾਇਗੀ ’ਤੇ ਰੋਕ ਮੰਗੀ
ਡੇਰਾ ਸਿਰਸਾ ਮੁਖੀ ਦੀ ਰਿਹਾਈ ਤੇ ਵਿਸ਼ੇਸ਼ ਸਹੂਲਤਾਂ ਦੇਣ ਦਾ ਕੀਤਾ ਵਿਰੋਧ
ਚੰਡੀਗੜ੍ਹ, 20 ਜੁਲਾਈ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਕਾਂਗਰਸ ਨੂੰ ਆਖਿਆ ਕਿ ਉਹ ਹੜ੍ਹ ਪੀੜਤਾਂ ਦੀਆਂ ਮੁਸ਼ਕਿਲਾਂ ਦੇ ਹੱਲ ਵਾਸਤੇ ਰਾਜਪਾਲ ਕੋਲ ਜਾਣ ਦੇ ਨਕਲੀ ਤੇ ਡਰਾਮੇਬਾਜ਼ੀ ਵਾਲੇ ਦੌਰੇ ਕਰਕੇ ਪੰਜਾਬੀਆਂ ਨਾਲ ਧੋਖਾ ਕਰਨਾ ਬੰਦ ਕਰਨ। ਉਹਨਾਂ ਕਿਹਾ ਕਿ ਉਹਨਾਂ ਨੂੰ ’ਆਪਣੇ ਮੁੱਖ ਮੰਤਰੀ ਭਗਵੰਤ ਮਾਨ’ ਕੋਲ ਜਾਣਾ ਚਾਹੀਦਾ ਹੈ ਤੇ ਉਹਨਾਂ ਨੂੰ ਬੇਨਤੀ ਕਰਨੀ ਚਾਹੀਦੀ ਹੈ ਕਿ ਉਹ ਨਾ ਸਿਰਫ ਐਲਾਨ ਕਰਨ ਬਲਕਿ ਸੂਬੇ ਦੇ ਹੜ੍ਹ ਮਾਰੇ ਲੋਕਾਂ ਨੂੰ ਅਸਲ ਉਦਾਰਵਾਦੀ ਰਾਹਤ ਪ੍ਰਦਾਨ ਕਰਨ।
ਉਹਨਾਂ ਕਿਹਾ ਕਿ ਪੰਜਾਬ ਵਿਚ ਜੋ ਪਿਛਲੀ ਕਾਂਗਰਸ ਸੀ ਉਹ ਹੁਣ ਆਪ ਦਾ ਅਧਿਕਾਰਤ ਵਿੰਗ ਬਣ ਗਈ ਹੈ ਤੇ ਇਸ ਕਾਰਨ ਹੁਣ ਇਹ ਸਰਕਾਰ ਦਾ ਹਿੱਸਾ ਹੈ।
 ਮਜੀਠੀਆ ਨੇ ਕਿਹਾ ਕਿ ਸਿਰਫ ਜਾਅਲੀ ਤਰੀਕੇ ਵੱਖਰੇ ਤੌਰ ’ਤੇ ਸਾਹਮਣੇ ਆਉਣ ਤੋਂ ਇਲਾਵਾ ਕਾਂਗਰਸ ਨੇ ਪੰਜਾਬ ਵਿਚ ਆਪਣੀ ਥਾਂ ਆਪ ਨੂੰ ਦੇ ਦਿੱਤੀ ਹੈ। ਇਸ ਵਾਸਤੇ ਲੋਕਾਂ ਤੇ ਰਾਜਪਾਲ ਦਾ ਸਮਾਂ ਬਰਬਾਦ ਕਰਨ ਦੀ ਥਾਂ ਰਾਜਾ ਵੜਿੰਗ ਤੇ ਉਹਨਾਂ ਦੇ ਬੰਦਿਆਂ ਨੂੰ ਹੁਣ ਆਪਣੀਆਂ ਮੰਗਾਂ ਦੀ ਪੂਰਤੀ ਵਾਸਤੇ ’ਆਪਣੇ ਮੁੱਖ ਮੰਤਰੀ ਮਾਨ’ ਦੀ ਰਿਹਾਇਸ਼ ’ਤੇ ਜਾਣਾ ਚਾਹੀਦਾ ਹੈ।
ਅੱਜ ਦੁਪਹਿਰ ਪਾਰਟੀ ਦੇ ਮੁੱਖ ਦਫਤਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਕਾਂਗਰਸ ਵਿਚ ਅਸਿੱਧੇ ਤੌਰ ’ਤੇ ਦੋਫਾੜ ਪੈ ਗਿਆ ਹੈ ਤੇ ਸੂਬੇ ਵਿਚ ਅਨੇਕਾਂ ਸੀਨੀਅਰ ਕਾਂਗਰਸੀ ਆਗੂ ਆਪਣੀ ਹੀ ਪਾਰਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਤੇ ਆਪ ਦੇ ਆਗੂ ਅਰਵਿੰਦ ਕੇਜਰੀਵਾਲ ਦੀ ਧੋਖੇਬਾਜ਼ੀ ਵਾਲੀ ਖੇਡ ਕਾਰਨ ਹੋਏ ਅਪਮਾਨ ਤੋਂ ਬਾਅਦ ਆਪਣੇ ਆਪ ਨੂੰ ਸਹੀ ਪੇਸ਼ ਕਰਨ ਦਾ ਯਤਨ ਕਰ ਰਹੇ ਹਨ।
ਸਾਬਕਾ ਮੰਤਰੀ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਚੰਨੀ, ਅੰਮ੍ਰਿਤਸਰ ਦੇ ਕਾਂਗਰਸੀ ਆਗੂ ਸੋਨੀ ਤੇ ਆਸ਼ੂ ਵਰਗੇ ਅਨੇਕਾਂ ਕਾਂਗਰਸੀ ਆਗੂ ਆਮ ਆਦਮੀ ਪਾਰਟੀ ਨਾਲ ਹੋਏ ਸਮਝੌਤੇ ਭ੍ਰਿਸ਼ਟਾਚਾਰ ਦੇ ਕੇਸਾਂ ਵਿਚ ਫਸੇ ਹੋਏ ਹੋਣ ਕਾਰਨ ਤੇ ਆਪਣੇ ਸਿਆਸੀ ਸਰੰਡਰ ਲਈ ਇਸਦਾ ਲਾਭ ਲੈ ਸਕਦੇ ਹਨ ਪਰ ਅਜਿਹੇ ਬਹੁਤ ਸਾਰੇ ਹੋਰ ਆਗੂ ਹਨ ਜੋ ਆਪਣੀ ਹੀ ਪਾਰਟੀ ਵੱਲੋਂ ਕੀਤੇ ਧੋਖੇ ਤੋਂ ਔਖੇ ਹਨ।
ਮਜੀਠੀਆ ਨੇ ਸੀਨੀਅਰ ਕਾਂਗਰਸੀ ਆਗੂਆਂ ਸਰਦਾਰ ਪ੍ਰਤਾਪ ਸਿੰਘ ਬਾਜਵਾ ਤੇ ਸਰਦਾਰ ਸੁਖਪਾਲ ਸਿੰਘ ਖਹਿਰਾ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਭਾਵੇਂ ਉਹ ਸਾਡਾ ਵਿਰੋਧ ਕਰਦੇ ਹਨ ਪਰ ਫਿਰ ਵੀ ਉਹਨਾਂ ਦੀ ਸ਼ਲਾਘਾ ਕਰਨੀ ਬਣਦੀ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਘੱਟੋ ਘੱਟ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣ ਦਾ ਯਤਨ ਤਾਂ ਕੀਤਾ ਹੈ ਪਰ ਜਿਸ ਤਰੀਕੇ ਉਹਨਾਂ ਦੀ ਪਾਰਟੀ ਨੇ ਉਹਨਾਂ ਦੀ ਪਿੱਠ ਵਿਚ ਛੁਰਾ ਮਾਰਿਆ ਹੈ, ਉਸ ਲਈ ਉਹ ਉਹਨਾਂ ਨਾਲ ਹਮਦਰਦੀ ਪ੍ਰਗਟ ਕਰਦੇ ਹਨ।
ਅਕਾਲੀ ਆਗੂ ਨੇ ਮੰਗ ਕੀਤੀ ਕਿ ਹੜ੍ਹ ਮਾਰੇ ਪੰਜਾਬੀਆਂ ਨੂੰ ਪੂਰਨ ਮੁਆਵਜ਼ਾ ਦਿੱਤਾ ਜਾਵੇ ਤੇ ਕਿਸਾਨਾਂ ਨੂੰ ਵਿਸ਼ੇਸ਼ ਵਧੀਕ ਰਾਹਤ ਦਿੱਤੀ ਜਾਵੇ ਕਿਉਂਕਿ ਹੁਣ ਉਹ ਇਸ ਸੀਜ਼ਨ ਵਿਚ ਆਪਣੀ ਫਸਲ ਦੁਬਾਰਾ ਨਹੀਂ ਲਗਾ ਸਕਣਗੇ। ਉਹਨਾਂ ਕਿਹਾ ਕਿ ਝੋਨਾ ਲਾਉਣ ਦਾ ਸਿਖ਼ਰਲਾ ਸਮਾਂ ਲੰਘ ਗਿਆ ਹੈ। ਜੇਕਰ ਇਸ ਸੀਜ਼ਨ ਵਿਚ ਹੁਣ ਹੋਰ ਮੀਂਹ ਨਾ ਵੀ ਪੈਣ ਤਾਂ ਵੀ ਸੂਬੇ ਦੇ ਅਰਥਚਾਰੇ ਖਾਸ ਤੌਰ ’ਤੇ ਗਰੀਬ ਤੇ ਕਸੂਤੇ ਫਸੇ ਕਿਸਾਨਾਂ ਨੂੰ ਇਸ ਮਾਰ ਵਿਚੋਂ ਉਭਰਣ ਵਾਸਤੇ ਕਈ ਸਾਲ ਲੱਗ ਜਾਣਗੇ। ਉਹਨਾਂ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਦੇ ਸਾਰੇ ਕਰਜ਼ਿਆਂ ਅਤੇ ਹੜ੍ਹਾਂ ਨਾਲ ਪ੍ਰਭਾਵਤ ਵਪਾਰਕ ਇਕਾਈਆਂ ਦੇ ਕਰਜ਼ਿਆਂ ਦੇ ਭੁਗਤਾਨ ’ਤੇ ਰੋਕ ਲਗਾਉਣੀ ਚਾਹੀਦੀ ਹੈ।
ਉਹਨਾਂ ਕਿਹਾ ਕਿ ਪੰਜਾਬ ਵਿਚ ਹੜ੍ਹ ਪੂਰਨ ਤੌਰ ’ਤੇ ’ਮਨੁੱਖ ਦਾ ਸਹੇੜਿਆ’ ਸੰਕਟ ਹੈ। ਉਹਨਾਂ ਕਿਹਾ ਕਿ ਤਿੰਨ ਚਾਰ ਦਿਨਾਂ ਤੋਂ ਲਗਾਤਾਰ ਮੀਂਹ ਪੈਂਦਾ ਰਿਹਾ ਤੇ ਇਸੇ ਨਾਲ ਹੀ ਸਰਕਾਰ ਦੀ ਤਿਆਰੀ ਦੀ ਪੋਲ ਖੁੱਲ੍ਹ ਗਈ ਤੇ ਆਮ ਲੋਕਾਂ ਦੀ ਜ਼ਿੰਦਗੀ ਲੀਹੋਂ ਲੱਥ ਗਈ। ਉਹਨਾਂ ਕਿਹਾ ਕਿ ਜੇਕਰ ਮੀਂਹ 8 ਤੋਂ 10 ਦਿਨਾਂ ਤੱਕ ਜਾਰੀ ਰਹਿੰਦੇ ਤਾਂ ਅਸੀਂ ਅੰਦਾਜ਼ਾ ਲਗਾ ਸਕਦੇਹਾਂ  ਕਿ ਕੀ ਵਾਪਰਦਾ। ਉਹਨਾਂ ਕਿਹਾ ਕਿ ਸਰਕਾਰ ਨੇ ਬਰਸਾਤਾਂ ਤੇ ਹੜ੍ਹਾਂ ਬਾਰੇ ਵਾਰ-ਵਾਰ ਦਿੱਤੇ ਅਲਰਟਾਂ ਦੀ ਪਰਵਾਹ ਨਹੀਂ ਕੀਤੀ। ਉਹਨਾਂਕਿਹਾ  ਕਿ ਹੁਣ ਲੋਕ ਸਰਕਾਰ ਦੀ ਅਣਗਹਿਲੀ ਤੇ ਅਯੋਗਤਾ ਦਾ ਖਮਿਆਜ਼ਾ ਭੁਗਤ ਰਹੇ ਹਨ।
ਅਕਾਲੀ ਆਗੂ ਨੇ ਡੇਰਾ ਸਿਰਸਾ ਮੁਖੀ ਦੀ ਮੁੜ ਰਿਹਾਈ ਤੇ ਉਸਨੂੰ ਵਿਸ਼ੇਸ਼ ਸਹੂਲਤਾਂ ਦੇਣ ਦਾ ਜ਼ੋਰਦਾਰ ਵਿਰੋਧ ਕੀਤਾ ਤੇ ਕਿਹਾਕਿ  ਉਹ ਸਲਾਖਾਂ ਪਿੱਛੇ ਹੀ ਰਹਿਣਾ ਚਾਹੀਦਾ ਹੈ।
ਸਾਬਕਾ ਮਾਲ ਮੰਤਰੀ ਨੇ ਮਣੀਪੁਰ ਵਿਚ ਦੋ ਲੜਕੀਆਂ ਨਾਲ ਵਪਾਰੀ ਘਟਨਾ ਨੂੰ ਬਹੁਤ ਹੀ ਨਿੰਦਣਯੋਗ ਤੇ ਸਾਡੇ ਦੇਸ਼ ਦੇ ਚੇਹਰੇ ’ਤੇ ਧੱਬਾ ਕਰਾਰ ਦਿੱਤਾ। ਉਹਨਾਂ ਮੰਗ ਕੀਤੀ ਕਿ ਸੂਬੇ ਵਿਚ ਜੰਗਲ ਦਾ ਰਾਜ ਖਤਮ ਕੀਤਾ ਜਾਵੇ ਤੇ ਨਸਲੀ ਗਰੱਪਾਂ ਤੇ ਘੱਟ ਗਿਣਤੀਆਂ ਖਾਸ ਤੌਰ ’ਤੇ ਇਸਾਈਆਂ ਨਾਲ ਹੋ ਰਹੇ ਵਿਤਕਰੇ ਨੂੰ ਤੁਰੰਤ ਬੰਦ ਕਰਨ ਦੀ ਮੰਗ ਕੀਤੀ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!