ਪੰਜਾਬ

ਰਾਸ਼ਟਰੀ ਮਿਲਟਰੀ ਕਾਲਜ ਵਿੱਚ ਪੰਜਾਬ ਦੇ ਬੱਚਿਆਂ ਲਈ ਦਾਖ਼ਲਾ ਲੈਣ ਦਾ ਸੁਨਹਿਰੀ ਮੌਕਾ: ਚੇਤਨ ਸਿੰਘ ਜੌੜਾਮਾਜਰਾ


ਆਰ.ਆਈ.ਐਮ.ਸੀ. ਦੇਹਰਾਦੂਨ ਨੇ ਜਨਵਰੀ 2024 ਟਰਮ ਲਈ ਅਰਜ਼ੀਆਂ ਮੰਗੀਆਂ; ਚੰਡੀਗੜ੍ਹ ‘ਚ 3 ਜੂਨ ਨੂੰ ਹੋਵੇਗੀ ਪ੍ਰੀਖਿਆ

ਚੰਡੀਗੜ੍ਹ, 16 ਫਰਵਰੀ:

ਪੰਜਾਬ ਨੇ ਭਾਰਤੀ ਰੱਖਿਆ ਬਲਾਂ ਵਿੱਚ ਵੱਡਾ ਯੋਗਦਾਨ ਪਾਇਆ ਹੈ ਪਰ ਹਾਲ ਹੀ ਵਿੱਚ ਇਹ ਰੁਝਾਨ ਕੁਝ ਹੱਦ ਤੱਕ ਘੱਟ ਗਿਆ ਹੈ, ਇਸ ਰੁਝਾਨ ਨੂੰ ਮੁੜ ਬਹਾਲ ਕਰਨ ਦੇ ਉਦੇਸ਼ ਨਾਲ, ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਪੰਜਾਬ ਦੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਭਾਰਤੀ ਹਥਿਆਰਬੰਦ ਬਲਾਂ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕਰ ਰਹੀ ਹੈ।
ਰੱਖਿਆ ਸੇਵਾਵਾਂ ਭਲਾਈ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਦੱਸਿਆ ਕਿ ਰਾਸ਼ਟਰੀ ਭਾਰਤੀ ਮਿਲਟਰੀ ਕਾਲਜ ਦੇਹਰਾਦੂਨ, ਉੱਤਰਾਖੰਡ ਵੱਲੋਂ ਜਨਵਰੀ 2024 ਦੀ ਟਰਮ ਵਾਸਤੇ ਦਾਖਲੇ ਲਈ ਲਿਖਤੀ ਪ੍ਰੀਖਿਆ 3 ਜੂਨ 2023 (ਸ਼ਨੀਵਾਰ) ਨੂੰ ਚੰਡੀਗੜ੍ਹ ਦੇ ਸੈਕਟਰ 15 ਸਥਿਤ ਲਾਲਾ ਲਾਜਪਤ ਰਾਏ ਭਵਨ ਵਿੱਚ ਕਰਵਾਈ ਜਾਵੇਗੀ।
ਉਹਨਾਂ ਅੱਗੇ ਦੱਸਿਆ ਕਿ ਲੜਕੇ ਅਤੇ ਲੜਕੀਆਂ ਦੋਵੇਂ ਹੀ ਆਰ.ਆਈ.ਐਮ.ਸੀ., ਦੇਹਰਾਦੂਨ ਵਿੱਚ ਦਾਖਲੇ ਲਈ ਅਪਲਾਈ ਕਰਨ ਦੇ ਯੋਗ ਹਨ। ਪੰਜਾਬ ਸਰਕਾਰ ਵੱਲੋਂ ਪ੍ਰਤੀ ਕੈਡਿਟ ਪ੍ਰਤੀ ਸਾਲ ਪੰਜਾਬ ਦੇ ਕੈਡਿਟਾਂ ਨੂੰ 33,000 ਰੁਪਏ ਵਜ਼ੀਫ਼ਾ ਰਾਸ਼ੀ ਵਜੋਂ ਦਿੱਤੇ ਜਾਂਦੇ ਹਨ।
ਉਨ੍ਹਾਂ ਦੱਸਿਆ ਕਿ ਪ੍ਰੀਖਿਆ ਦੇਣ ਵਾਲੇ ਉਮੀਦਵਾਰਾਂ ਦੀ ਉਮਰ 11 ਸਾਲ ਤੋਂ ਘੱਟ ਅਤੇ 1 ਜਨਵਰੀ 2024 ਨੂੰ 13 ਸਾਲ ਦੀ ਨਹੀਂ ਹੋਣੀ ਚਾਹੀਦੀ, ਭਾਵ ਉਨ੍ਹਾਂ ਦਾ ਜਨਮ 2 ਜਨਵਰੀ 2011 ਤੋਂ ਪਹਿਲਾਂ ਅਤੇ 1 ਜੁਲਾਈ, 2017 ਤੋਂ ਬਾਅਦ ਨਹੀਂ ਹੋਇਆ ਹੋਣਾ ਚਾਹੀਦਾ।  ਉਹ ਜਾਂ ਤਾਂ ਸੱਤਵੀਂ ਜਮਾਤ ਵਿੱਚ ਪੜ੍ਹ ਰਹੇ ਹੋਣੇ ਚਾਹੀਦੇ ਹਨ ਜਾਂ ਕਿਸੇ ਮਾਨਤਾ ਪ੍ਰਾਪਤ ਸਕੂਲ ਤੋਂ ਸੱਤਵੀਂ ਜਮਾਤ ਪਾਸ ਕਰ ਚੁੱਕੇ ਹੋਣ। ਚੁਣੇ ਗਏ ਉਮੀਦਵਾਰਾਂ ਨੂੰ ਅੱਠਵੀਂ ਜਮਾਤ ਵਿੱਚ ਦਾਖਲਾ ਦਿੱਤਾ ਜਾਵੇਗਾ। ਲਿਖਤੀ ਇਮਤਿਹਾਨ ਵਿੱਚ ਅੰਗਰੇਜ਼ੀ, ਗਣਿਤ ਅਤੇ ਆਮ ਗਿਆਨ ਸਮੇਤ ਤਿੰਨ ਪੇਪਰ ਸ਼ਾਮਲ ਹੋਣਗੇ, ਜਦੋਂ ਕਿ ਜਬਾਨੀ ਪ੍ਰੀਖਿਆ/ਇੰਟਰਵਿਊ ਸਿਰਫ਼ ਉਨ੍ਹਾਂ ਉਮੀਦਵਾਰਾਂ ਲਈ ਹੋਵੇਗਾ ਜੋ ਲਿਖਤੀ ਪ੍ਰੀਖਿਆ ਵਿੱਚ ਕੁਆਲੀਫਾਈ ਕਰਦੇ ਹਨ ਅਤੇ ਜਬਾਨੀ ਪ੍ਰੀਖਿਆ ਦੀ ਮਿਤੀ ਬਾਅਦ ਵਿੱਚ ਦੱਸੀ ਜਾਵੇਗੀ।

ਰੱਖਿਆ  ਸੇਵਾਵਾਂ ਭਲਾਈ ਵਿਭਾਗ ਦੇ ਡਾਇਰੈਕਟਰ ਨੇ ਕਿਹਾ ਕਿ ਪ੍ਰਾਸਪੈਕਟਸ-ਕਮ-ਅਰਜ਼ੀ ਫਾਰਮ ਅਤੇ ਪੁਰਾਣੇ ਪ੍ਰਸ਼ਨ ਪੱਤਰਾਂ ਦਾ ਕਿਤਾਬਚਾ ਆਰ.ਆਈ.ਐਮ.ਸੀ. ਦੀ ਵੈੱਬਸਾਈਟ www.rimc.gov.in ‘ਤੇ ਜਨਰਲ ਉਮੀਦਵਾਰਾਂ ਲਈ 600 ਰੁਪਏ ਅਤੇ ਅਨੁਸੂਚਿਤ ਜਾਤੀ/ਜਨਜਾਤੀ ਉਮੀਦਵਾਰਾਂ ਲਈ 555 ਰੁਪਏ ਦਾ ਆਨਲਾਈਨ ਭੁਗਤਾਨ ਕਰਕੇ ਪ੍ਰਾਪਤ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਭੁਗਤਾਨ ਪ੍ਰਾਪਤ ਹੋਣ ‘ਤੇ ਪ੍ਰਾਸਪੈਕਟਸ-ਕਮ-ਅਰਜ਼ੀ ਫਾਰਮ ਅਤੇ ਪੁਰਾਣੇ ਪ੍ਰਸ਼ਨ ਪੱਤਰਾਂ ਦਾ ਕਿਤਾਬਚਾ ਸਪੀਡ ਪੋਸਟ ਦੁਆਰਾ ਹੀ ਭੇਜਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਉਮੀਦਵਾਰ ਡਿਮਾਂਡ ਡਰਾਫਟ ਰਾਹੀਂ ਪ੍ਰਾਸਪੈਕਟਸ-ਕਮ-ਐਪਲੀਕੇਸ਼ਨ ਫਾਰਮ ਅਤੇ ਪੁਰਾਣੇ ਪ੍ਰਸ਼ਨ ਪੇਪਰਾਂ ਦਾ ਕਿਤਾਬਚਾ ਕਮਾਂਡੈਂਟ ਆਰ.ਆਈ.ਐਮ.ਸੀ., ਦੇਹਰਾਦੂਨ ਪਾਸੋਂ ਜਨਰਲ ਉਮੀਦਵਾਰ ਲਈ 600 ਰੁਪਏ ਅਤੇ ਅਨੁਸੂਚਿਤ ਜਾਤੀ/ਅਨੁਸੂਚਿਤ ਜਨਜਾਤੀ ਦੇ ਉਮੀਦਵਾਰ ਲਈ 555 ਰੁਪਏ ਦਾ ਬੈਂਕ ਡਰਾਫਟ ਕਮਾਂਡੈਂਟ ਆਰ.ਆਈ.ਐਮ.ਸੀ., ਦੇਹਰਾਦੂਨ ਡਰਾਵੀ ਸ਼ਾਖਾ, ਸਟੇਟ ਬੈਂਕ ਆਫ ਇੰਡੀਆਂ ਤੇਲ ਭਵਨ (ਕੋਡ 01576) ਉਤਰਾਖੰਡ ਭੇਜ ਕੇ ਵੀ ਮੰਗਵਾਏ ਜਾ ਸਕਦੇ ਹਨ। ਆਪਣੇ ਪਤੇ ਸਮੇਤ ਪਿੰਨ ਕੋਡ ਅਤੇ ਸੰਪਰਕ ਨੰਬਰ ਸਾਫ-ਸਾਫ ਵੱਡੇ ਅੱਖਰਾਂ ਵਿੱਚ ਟਾਈਪ ਕੀਤਾ/ਲਿਖਿਆ ਹੋਵੇ।
ਉਨ੍ਹਾਂ ਦੱਸਿਆ ਕਿ ਅਰਜ਼ੀ ਦੋ ਪਰਤਾਂ ਵਿਚ ਹੋਵੇ ਜਿਸ ਦੇ ਨਾਲ ਤਿੰਨ ਪਾਸ ਪੋਰਟ ਸਾਈਜ ਫੋਟੋਆਂ, ਜਿਸ ਸੰਸਥਾ ਵਿੱਚ ਪੜ੍ਹਦਾ ਹੋਵੇ ਦੁਆਰਾ ਤਸਦੀਕਸ਼ੁੱਦਾ, ਜਨਮ ਸਰਟੀਫਿਕੇਟ, ਰਾਜ ਦਾ ਰਿਹਾਇਸ਼ੀ ਸਰਟੀਫਿਕੇਟ, ਅਨਸੂਚਿਤ/ਅਨਸੂਚਿਤ ਜਨਜਾਤੀਆਂ ਦੇ ਉਮੀਦਵਾਰਾਂ ਵੱਲੋਂ ਜਾਤੀ ਸਰਟੀਫਿਕੇਟ, ਜਿਥੇ ਬੱਚਾ ਪੜ੍ਹਾਈ ਕਰ ਰਿਹਾ ਹੋਵੇ ਪ੍ਰਿੰਸੀਪਲ ਦੁਆਰਾ ਜਾਰੀ ਸਰਟੀਫਿਕੇਟ ਜਿਸ ਵਿੱਚ ਬੱਚੇ ਦੀ ਜਨਮ ਦੀ ਤਾਰੀਖ ਅਤੇ ਕਲਾਸ ਲਿਖੀ ਹੋਵੇ ਅਤੇ ਆਧਾਰ ਕਾਰਡ ਦੀ ਕਾਪੀ ਨਾਲ ਨੱਥੀ ਹੋਏ ਜਰੂਰੀ ਹਨ।
ਜ਼ਿਕਰਯੋਗ ਹੈ ਕਿ  ਅਰਜ਼ੀਆਂ 15 ਅਪ੍ਰੈਲ, 2023 ਜਾਂ ਇਸ ਤੋਂ ਪਹਿਲਾਂ ਡਾਇਰੈਕਟੋਰੇਟ ਰੱਖਿਆ ਸੇਵਾਵਾਂ ਭਲਾਈ, ਪੰਜਾਬ, ਚੰਡੀਗੜ੍ਹ ਦੇ ਸੈਕਟਰ 21 ਡੀ ਸਥਿਤ ਸੈਨਿਕ ਭਵਨ ਵਿਖੇ ਪਹੁੰਚਣੀਆਂ ਜ਼ਰੂਰੀ ਹਨ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!