*ਗੁਜਰਾਤ ਚੋਣਾਂ: ‘ਆਪ’ ਨੇ ਮੁੱਖ ਮੰਤਰੀ ਚਿਹਰੇ ਲਈ ਲੋਕਾਂ ਤੋਂ ਮੰਗੇ ਸੁਝਾਅ, ਜਾਰੀ ਕੀਤਾ ਫੋਨ ਨੰਬਰ ਅਤੇ ਈਮੇਲ*
*ਲੋਕਾਂ ਦਾ ਭਰਵਾਂ ਹੁੰਗਾਰਾ ਸਬੂਤ; ਗੁਜਰਾਤ ਚੋਣਾਂ 'ਚ 'ਆਪ' ਦਰਜ ਕਰੇਗੀ ਵੱਡੀ ਜਿੱਤ: ਭਗਵੰਤ ਮਾਨ*
–ਦੂਸਰੀਆਂ ਪਾਰਟੀਆਂ ਤੋਂ ਪੈਸੇ ਲੈ ਲਓ, ਪਰ ਵੋਟਾਂ ‘ਆਪ’ ਨੂੰ ਦਿਓ: ਭਗਵੰਤ ਮਾਨ
-ਕਿਹਾ, ਦੂਜੀਆਂ ਪਾਰਟੀਆਂ ਦੇ ਉਲਟ, ‘ਆਪ’ ਲੋਕਾਂ ਤੋਂ ਸੁਝਾਅ ਲੈ ਕੇ ਲਾਗੂ ਕਰਦੀ ਹੈ ਲੋਕ ਭਲਾਈ ਦੇ ਫੈਸਲੇ, ਇਹੀ ਹੈ ਅਸਲੀ ਲੋਕਤੰਤਰ
‘ਆਪ’ ਨਾਲ ਵਿਧਾਨ ਸਭਾ ਅਤੇ ਲੋਕ ਸਭਾ ‘ਚ ਜਾਣਗੇ ਆਮ ਘਰਾਂ ਦੇ ਧੀਆਂ-ਪੁੱਤ: ਭਗਵੰਤ ਮਾਨ
ਚੰਡੀਗੜ੍ਹ/ਗੁਜਰਾਤ, 29 ਅਕਤੂਬਰ:
ਗੁਜਰਾਤ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪਾਰਟੀ ਦੇ ਮੁੱਖ ਮੰਤਰੀ ਦੇ ਉਮੀਦਵਾਰ ਲਈ ਗੁਜਰਾਤ ਦੇ ਲੋਕਾਂ ਤੋਂ ਸੁਝਾਅ ਮੰਗਣ ਲਈ ਇੱਕ ਨੰਬਰ ਅਤੇ ਈਮੇਲ ਆਈਡੀ ਜਾਰੀ ਕੀਤੀ।
ਸ਼ਨੀਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਗੁਜਰਾਤ ਦੀ ਹੋਰ ਸੀਨੀਅਰ ਆਗੂਆਂ ਨਾਲ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ, ਕੇਜਰੀਵਾਲ ਨੇ ਗੁਜਰਾਤ ਦੇ ਲੋਕਾਂ ਨੂੰ ਪਾਰਟੀ ਦੇ ਮੁੱਖ ਮੰਤਰੀ ਉਮੀਦਵਾਰ ਦੀ ਚੋਣ ਕਰਨ ਲਈ ਐਸਐਮਐਸ, ਵਟਸਐਪ, ਵੌਇਸ ਮੇਲ ਅਤੇ ਈ-ਮੇਲ ਰਾਹੀਂ ਆਪਣੇ ਸੁਝਾਅ ਭੇਜਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ‘ਆਪ’ ਸੂਬੇ ਦੇ ਲੋਕਾਂ ਵੱਲੋਂ ਦਿੱਤੇ ਸੁਝਾਵਾਂ ਦੇ ਆਧਾਰ ‘ਤੇ 4 ਨਵੰਬਰ ਨੂੰ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰੇਗੀ।
‘ਆਪ’ ਨੇ ਇੱਕ ਨੰਬਰ -6357000360 ਅਤੇ ਈ-ਮੇਲ – aapnocm@gmail.com ਜਾਰੀ ਕੀਤੀ, ਜਿੱਥੇ ਲੋਕ 3 ਨਵੰਬਰ ਨੂੰ ਸ਼ਾਮ 5 ਵਜੇ ਤੱਕ ਐਸਐਮਐਸ, ਵਟਸਐਪ ਮੈਸੇਜ, ਵੌਇਸ ਮੇਲ ਅਤੇ ਈ-ਮੇਲ ਭੇਜ ਸਕਦੇ ਹਨ।
ਕੇਜਰੀਵਾਲ ਨਾਲ ਗੁਜਰਾਤ ਦੌਰੇ ‘ਤੇ ਗਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਵਸਾਰੀ ਵਿੱਚ ਇੱਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ‘ਆਪ’ ਨੂੰ ਚੋਣ ਪ੍ਰਚਾਰ ਦੌਰਾਨ ਗੁਜਰਾਤ ਦੇ ਲੋਕਾਂ ਵੱਲੋਂ ਭਰਵਾਂ ਪਿਆਰ ਅਤੇ ਹੁੰਗਾਰਾ ਮਿਲ ਰਿਹਾ ਹੈ ਅਤੇ ਇਹ ਇਸ ਗੱਲ ਦਾ ਸਬੂਤ ਹੈ ਕਿ ਪਾਰਟੀ ਇਸ ਵਾਰ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੇ ਗੜ੍ਹ ਵਿੱਚ ਭਾਰੀ ਬਹੁਮਤ ਨਾਲ ਹੂੰਝਾ ਫੇਰ ਜਿੱਤ ਦਰਜ ਕਰੇਗੀ।
ਮਾਨ ਨੇ ਕਿਹਾ ਕਿ ਸੱਤਾਧਾਰੀ ਭਾਜਪਾ ਨੇ ਸਿਰਫ ਗੁਜਰਾਤ ਦੇ ਲੋਕਾਂ ਨੂੰ ਲੁੱਟਿਆ ਹੈ ਅਤੇ ਆਪਣੇ 27 ਸਾਲਾਂ ਦੇ ਕਾਰਜਕਾਲ ਵਿੱਚ ਆਮ ਲੋਕਾਂ ਦੀ ਭਲਾਈ ਲਈ ਕੁਝ ਨਹੀਂ ਕੀਤਾ ਹੈ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਅਤੇ ਪੰਜਾਬ ਦੀ ਤਰ੍ਹਾਂ ਭ੍ਰਿਸ਼ਟਾਚਾਰ ਖਤਮ ਕਰਕੇ ਸਿਹਤ, ਸਿੱਖਿਆ ਅਤੇ ਸਰਕਾਰੀ ਪ੍ਰਣਾਲੀ ਵਿੱਚ ਸੁਧਾਰ ਲਿਆਏਗੀ।
ਭਾਜਪਾ ਨੂੰ ਸਬਕ ਸਿਖਾਉਣ ਲਈ ਵੋਟਰਾਂ ਨੂੰ ‘ਆਪ’ ਦੀ ਸ਼ਾਨਦਾਰ ਜਿੱਤ ਯਕੀਨੀ ਬਣਾਉਣ ਦੀ ਅਪੀਲ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਉਹ ਦੂਜੀਆਂ ਸਿਆਸੀ ਪਾਰਟੀਆਂ ਵੱਲੋਂ ਦਿੱਤੇ ਗਏ ਪੈਸੇ ਜਾਂ ਤੋਹਫ਼ਿਆਂ ਤੋਂ ਇਨਕਾਰ ਨਾ ਕਰਨ, ਪਰ ਵੋਟ ਸਿਰਫ਼ ‘ਆਪ’ ਨੂੰ ਹੀ ਪਾਉਣ। ਉਨ੍ਹਾਂ ਕਿਹਾ ਕਿ ਲੋਕਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਦੂਜੀਆਂ ਪਾਰਟੀਆਂ ਵੋਟਾਂ ਦੇ ਬਦਲੇ ਲੋਕਾਂ ਨੂੰ ਰਿਸ਼ਵਤ ਦੇ ਰਹੀਆਂ ਹਨ। ਲੋਕਾਂ ਇਨ੍ਹਾਂ ਵੱਲੋਂ ਦਿੱਤੇ ਪੈਸੇ ਅਤੇ ਤੋਹਫ਼ੇ ਲੈ ਲੈਣ ਪਰ ਸੂਬੇ ਵਿੱਚ ਚੰਗੇ ਬਦਲਾਅ ਲਿਆਉਣ ਲਈ ਇਸ ਵਾਰ ਵੋਟ ਝਾੜੂ (ਆਪ ਦਾ ਚੋਣ ਨਿਸ਼ਾਨ) ਨੂੰ ਹੀ ਪਾਉਣ।
ਲੋਕਾਂ ਖਾਸ ਕਰਕੇ ਨੌਜਵਾਨ ਪੀੜ੍ਹੀ ਦੀ ਤਾਰੀਫ ਕਰਦਿਆਂ ਸੀ.ਐਮ ਮਾਨ ਨੇ ਕਿਹਾ ਕਿ ਹੁਣ ਲੋਕ ਬੁੱਧੀਮਾਨ ਹਨ ਅਤੇ ਉਹ ਜਾਣਦੇ ਹਨ ਕਿ ਉਨ੍ਹਾਂ ਦੇ ਭਵਿੱਖ ਲਈ ਕੀ ਬਿਹਤਰ ਹੈ। ਉਹ ਬਦਲਾਅ ਚਾਹੁੰਦੇ ਹਨ ਅਤੇ ਘਰਾਂ ‘ਤੇ ਝੰਡੇ ਲਗਾ ਕੇ ਹੁਣ ਹੋਰ ਨਹੀਂ ਭਰਮਾਇਆ ਜਾ ਸਕਦਾ, ਕਿਉਂਕਿ ਇਹ ਟਵਿਟਰ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਵਾਲੀ ਪੀੜ੍ਹੀ ਹੈ, ਉਹ ਆਪਣੀ ਵੋਟ ਸਮਝਦਾਰੀ ਨਾਲ ਪਾਉਣਗੇ ਅਤੇ ‘ਆਪ’ ਦੀ ਸਰਕਾਰ ਹੀ ਚੁਣਨਗੇ।
ਉਨ੍ਹਾਂ ਕਿਹਾ ਕਿ ਦਿੱਲੀ ਤੋਂ ਫੈਸਲੇ ਲੈਣ ਵਾਲੀਆਂ ਦੂਜੀਆਂ ਪਾਰਟੀਆਂ ਦੇ ਉਲਟ ‘ਆਪ’ ਇੱਕ ਸੱਚੀ ਲੋਕਤੰਤਰੀ ਪਾਰਟੀ ਹੈ ਅਤੇ ਲੋਕਾਂ ਤੋਂ ਸੁਝਾਅ ਲੈ ਕੇ ਹੀ ਸਾਰੇ ਲੋਕ ਪੱਖੀ ਫੈਸਲੇ ਲਾਗੂ ਕਰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ‘ਆਪ’ ਸਰਕਾਰ ਨੇ ਉਦਯੋਗਪਤੀਆਂ ਤੋਂ ਫੀਡਬੈਕ ਲੈ ਕੇ ਉਦਯੋਗਿਕ ਨੀਤੀ ਲਾਗੂ ਕੀਤੀ ਹੈ, ਕਿਸਾਨ ਨੀਤੀਆਂ ਕਿਸਾਨਾਂ ਤੋਂ ਪੁੱਛ ਕੇ ਲਾਗੂ ਕੀਤੀਆਂ ਹਨ ਅਤੇ ਇਸ ਵਾਰ ਵੀ ਪੰਜਾਬ ਦਾ ਬਜਟ ਆਮ ਲੋਕਾਂ ਦੇ ਸੁਝਾਅ ਲੈ ਕੇ ਹੀ ਪੇਸ਼ ਕੀਤਾ ਗਿਆ ਹੈ। ‘ਆਪ’ ਲੋਕਾਂ ਦੀ ਪਾਰਟੀ ਹੈ ਅਤੇ ਇਸ ਦਾ ਏਜੰਡਾ ਆਮ ਲੋਕਾਂ ਸਸ਼ਕਤ ਕਰਨਾ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਬਣਦੇ ਹੱਕ ਦਿਵਾਉਣਾ ਹੈ।
ਕਾਂਗਰਸ ‘ਤੇ ਨਿਸ਼ਾਨਾ ਸਾਧਦੇ ਹੋਏ ਮਾਨ ਨੇ ਕਿਹਾ ਕਿ ਕਾਂਗਰਸ ਨੇ ਦਹਾਕਿਆਂ ਤੱਕ ਦੇਸ਼ ਨੂੰ ਲੁੱਟਿਆ ਅਤੇ ਹੁਣ ਉਹ ਇੱਕ ‘ਕੋਮਾ’ ‘ਚ ਗਈ ਹੋਈ ਪਾਰਟੀ ਹੈ। ਭਾਜਪਾ ਵੀ ਕਾਂਗਰਸ ਦੇ ਨਾਪਾਕ ਨਕਸ਼ੇ-ਕਦਮਾਂ ‘ਤੇ ਚੱਲੀ ਅਤੇ ਆਮ ਲੋਕਾਂ ਨੂੰ ਲੁੱਟਿਆ। ਇਨ੍ਹਾਂ ਪਾਰਟੀਆਂ ਦੇ ਆਗੂਆਂ ਨੇ ਸਿਰਫ਼ ਆਪਣੇ ਖ਼ਜ਼ਾਨੇ ਭਰੇ ਅਤੇ ਆਪਣੇ ਪਰਿਵਾਰਕ ਮੈਂਬਰਾਂ ਦਾ ਭਲਾ ਕੀਤਾ ਪਰ ‘ਆਪ’ ਆਮ ਲੋਕਾਂ ਨੂੰ ਮੌਕਾ ਦੇਵੇਗੀ। ਹੁਣ ਪੰਜਾਬ ਵਾਂਗ ਗੁਜਰਾਤ ਦੇ ਮੰਤਰੀ ਵੀ ਆਮ ਘਰਾਂ ਦੇ ਹੋਣਗੇ।
ਉਨ੍ਹਾਂ ਕਿਹਾ ਕਿ ‘ਆਪ’ ਆਮ ਲੋਕਾਂ ਦੀ ਪਾਰਟੀ ਹੈ। ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਅਤੇ ਲੋਕ ਸਭਾ ਵਿੱਚ ਸਧਾਰਨ ਪਿਛੋਕੜ ਵਾਲੇ ਪਰਿਵਾਰਾਂ ਦੇ ਪੁੱਤਰ-ਧੀਆਂ ਹੀ ਜਾਣਗੇ। ਇਹ ‘ਆਪ’ ਨੂੰ ਉਨ੍ਹਾਂ ਪਾਰਟੀਆਂ ਨਾਲੋਂ ਵੱਖਰਾ ਬਣਾਉਂਦਾ ਹੈ ਜਿੱਥੇ ਸਿਰਫ਼ ਸਿਆਸਤਦਾਨਾਂ ਦੇ ਬੱਚੇ ਹੀ ਵਿਧਾਇਕ ਬਣਦੇ ਹਨ। ਪੰਜਾਬ ਦੀ ਤਰ੍ਹਾਂ, ਜਿੱਥੇ 92 ਵਿਧਾਇਕਾਂ ਵਿੱਚੋਂ 82 ਵਿਧਾਇਕ ਪਹਿਲੀ ਵਾਰ ਚੁਣ ਕੇ ਆਏ ਹਨ ਅਤੇ ਉਹ ਸਾਰੇ ਆਮ ਪਿਛੋਕੜ ਤੋਂ ਆਏ ਹਨ, ‘ਆਪ’ ਗੁਜਰਾਤ ਵਿੱਚ ਆਮ ਲੋਕਾਂ ਨੂੰ ਮੌਕਾ ਦੇਵੇਗੀ ਕਿਉਂਕਿ ਲੋਕ ਬਦਲਾਅ ਚਾਹੁੰਦੇ ਹਨ ਅਤੇ ਉਹ ਇਨ੍ਹਾਂ ਚੋਣਾਂ ਵਿੱਚ ਪੰਜਾਬ ਦਾ ਇਤਿਹਾਸ ਦੁਹਰਾਉਣਗੇ।
ਉਨ੍ਹਾਂ ਅੱਗੇ ਕਿਹਾ ਕਿ ਮੋਬਾਈਲ ਰਿਪੇਅਰ ਦੀ ਦੁਕਾਨ ‘ਤੇ ਕੰਮ ਕਰਨ ਵਾਲੇ ਨੌਜਵਾਨ ਨੇ ਪੰਜਾਬ ‘ਚ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਹਰਾਇਆ। ਇਹ ਹੁਣ ਗੁਜਰਾਤ ਵਿੱਚ ਵੀ ਹੋਵੇਗਾ ਅਤੇ ਇਸ ਲਈ ਭਾਜਪਾ ਬੇਚੈਨ ਹੈ। ਗੁਜਰਾਤ ਦੇ ਲੋਕਾਂ ਨੇ ‘ਆਪ’ ਨੂੰ ਸੱਤਾ ‘ਚ ਲਿਆਉਣ ਦਾ ਮਨ ਬਣਾ ਲਿਆ ਹੈ। ਉਨ੍ਹਾਂ ਨੇ 27 ਸਾਲਾਂ ਤੱਕ ਬਹੁਤ ਦੁੱਖ ਝੱਲੇ ਹਨ।
‘ਆਪ’ ਵੱਲੋਂ ਪੰਜਾਬ ‘ਚ ਸਿਰਫ 7 ਮਹੀਨਿਆਂ ‘ਚ ਕੀਤੇ ਵੱਡੇ ਬਦਲਾਅ ਅਤੇ ਵਿਕਾਸ ਕਾਰਜਾਂ ਬਾਰੇ ਲੋਕਾਂ ਜਾਣੂ ਕਰਵਾਉਂਦਿਆਂ ਉਨ੍ਹਾਂ ਕਿਹਾ ਕਿ ਸੱਤਾ ‘ਚ ਆਉਣ ਤੋਂ ਬਾਅਦ ‘ਆਪ’ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟੋਲਰੇਨਸ ਦੀ ਨੀਤੀ ਅਪਣਾਈ ਅਤੇ ਹੈਲਪਲਾਈਨ ਨੰਬਰ ਜਾਰੀ ਕੀਤਾ। ਸਾਬਕਾ ਮੰਤਰੀਆਂ ਸਮੇਤ 200 ਤੋਂ ਵੱਧ ਲੋਕ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਜੇਲ੍ਹ ਵਿੱਚ ਬੰਦ ਹਨ। ਹੁਣ ਪੰਜਾਬ ਵਿੱਚੋਂ ਭ੍ਰਿਸ਼ਟਾਚਾਰ ਖ਼ਤਮ ਹੋ ਗਿਆ ਹੈ ਅਤੇ ਆਮ ਲੋਕਾਂ ਦੇ ਕੰਮ ਬਿਨਾਂ ਰਿਸ਼ਵਤ ਦੇ ਹੋ ਰਹੇ ਹਨ।
ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ 20 ਹਜ਼ਾਰ ਤੋਂ ਵੱਧ ਸਰਕਾਰੀ ਨੌਕਰੀਆਂ ਲਈ ਨਿਯੁਕਤੀ ਪੱਤਰ ਦਿੱਤੇ ਹਨ ਅਤੇ ਪੰਜਾਬ ਵਿੱਚ ਪੁਰਾਣੀ ਪੈਨਸ਼ਨ ਸਕੀਮ ਵੀ ਲਾਗੂ ਕਰ ਦਿੱਤੀ ਗਈ ਹੈ। ਇਸ ਨਾਲ ਸਰਕਾਰੀ ਮੁਲਾਜ਼ਮਾਂ ਨੂੰ ਬਹੁਤ ਫਾਇਦਾ ਹੋਵੇਗਾ। ਪੰਜਾਬ ਸਰਕਾਰ 5 ਫਸਲਾਂ, ਕਣਕ, ਚਾਵਲ, ਮੂੰਗੀ, ਨਰਮਾ ਅਤੇ ਕਪਾਹ, ‘ਤੇ ਐਮਐਸਪੀ ਦੇ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਫ਼ਸਲਾਂ ਵੀ ‘ਤੇ ਵੀ ਐਮਐਸਪੀ ਦਿੱਤਾ ਜਾਵੇਗਾ ਤਾਂ ਜੋ ਕਿਸਾਨਾਂ ਨੂੰ ਉਨ੍ਹਾਂ ਦੀਆਂ ਫ਼ਸਲਾਂ ਦਾ ਵਾਜਬ ਭਾਅ ਮਿਲ ਸਕੇ।
ਉਨ੍ਹਾਂ ਗੁਜਰਾਤ ਦੇ ਲੋਕਾਂ ਨੂੰ ਕਿਹਾ ਕਿ ਉਹ ਇਸ ਵਾਰ ‘ਆਪ’ ਨੂੰ ਮੌਕਾ ਦੇਣ ਅਤੇ ਆਮ ਆਦਮੀ ਪਾਰਟੀ ਨੂੰ ਭਾਰੀ ਬਹੁਮਤ ਨਾਲ ਜਤਾਉਣ ਕਿ ਪੰਜਾਬ ਅਤੇ ਦਿੱਲੀ ਦਾ ਰਿਕਾਰਡ ਵੀ ਤੋੜ ਦੇਣ।