ਪੰਜਾਬ

85 ਵਰਿਆਂ ਦੇ ਗੁਰਬਚਨ ਸਿੰਘ ਰੰਧਾਵਾ ਵੱਲੋਂ ਭਾਰਤੀ ਅਥਲੈਟਿਕਸ ਦੀ ਚੋਣ ਕਮੇਟੀ ਦੇ ਚੇਅਰਮੈਨ ਵਜੋਂ ਅਸਤੀਫਾ

ਭਾਰਤ ਦੇ ਪਹਿਲੇ ਅਰਜੁਨਾ ਐਵਾਰਡੀ ਅਥਲੀਟ ਗੁਰਬਚਨ ਸਿੰਘ ਰੰਧਾਵਾ ਵੱਲੋਂ ਨਵੇਂ ਅਥਲੀਟਾਂ ਨੂੰ ਅੱਗੇ ਲਿਆਉਣ ਦਾ ਸੱਦਾ

18 ਸਾਲ ਦੀਆਂ ਸੇਵਾਵਾਂ ਦੌਰਾਨ ਭਾਰਤੀ ਅਥਲੈਟਿਕਸ ਨੇ ਕਈ ਮੀਲ ਪੱਥਰ ਸਥਾਪਤ ਕੀਤੇ

ਚੰਡੀਗੜ, 16 ਜੂਨ
ਭਾਰਤ ਦੇ ਮਹਾਨ ਅਥਲੀਟ ਅਤੇ ਦੇਸ਼ ਦੇ ਪਹਿਲੇ ਅਰਜੁਨਾ ਐਵਾਰਡੀ ਖਿਡਾਰੀ ਗੁਰਬਚਨ ਸਿੰਘ ਰੰਧਾਵਾ ਵੱਲੋਂ ਅਥਲੈਟਿਕਸ ਫੈਡਰੇਸ਼ਨ ਆਫ਼ ਇੰਡੀਆ ਦੀ ਚੋਣ ਕਮੇਟੀ ਦੇ ਚੇਅਰਮੈਨ ਵਜੋਂ 18 ਸਾਲ ਸੇਵਾਵਾਂ ਨਿਭਾਉਣ ਉਪਰੰਤ ਅਸਤੀਫਾ ਦੇਣ ਦਾ ਫੈਸਲਾ ਕੀਤਾ ਗਿਆ। ਓਲੰਪੀਅਨ ਰੰਧਾਵਾ ਨੇ ਬੀਤੇ ਦਿਨੀਂ ਅਥਲੈਟਿਕਸ ਫੈਡਰੇਸ਼ਨ ਆਫ਼ ਇੰਡੀਆ ਨੂੰ ਪੱਤਰ ਲਿਖ ਕੇ ਸੇਵਾ ਇੱਛਾ ਨਾਲ ਆਪਣਾ ਅਹੁਦਾ ਛੱਡਣ ਦੇ ਫੈਸਲੇ ਤੋਂ ਜਾਣੂੰ ਕਰਵਾਇਆ। 85 ਵਰਿਆਂ ਨੂੰ ਢੁੱਕੇ  ਰੰਧਾਵਾ ਨੇ ਆਪਣੇ ਕਾਰਜਕਾਲ ਉਤੇ ਸੰਤੁਸ਼ਟੀ ਜ਼ਾਹਰ ਕਰਦਿਆਂ ਵਧਦੀ ਉਮਰ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਹ ਹੁਣ ਆਪਣਾ 100 ਫੀਸਦੀ ਸਮਾਂ ਨਹੀਂ ਦੇ ਸਕਦੇ ਅਤੇ ਮੌਕਾ ਆ ਗਿਆ ਹੈ ਕਿ ਨੌਜਵਾਨ ਅਥਲੀਟਾਂ ਹੱਥ ਨਹੀਂ ਜ਼ਿੰਮੇਵਾਰੀ ਸੌਂਪੀ ਜਾਵੇ।

ਗੁਰਬਚਨ ਸਿੰਘ ਰੰਧਾਵਾ ਦੇ ਕਾਰਜਕਾਲ ਦੌਰਾਨ ਭਾਰਤੀ ਅਥਲੈਟਿਕਸ ਨੇ ਕਈ ਮੀਲ ਪੱਥਰ ਸਥਾਪਤ ਕੀਤੇ ਹਨ ਜਿਨਾਂ ਵਿੱਚ ਭਾਰਤ ਨੂੰ ਨੀਰਜ ਚੋਪੜਾ ਦੇ ਰੂਪ ਵਿੱਚ ਦੇਸ਼ ਦਾ ਪਹਿਲਾ ਓਲੰਪਿਕ ਚੈਂਪੀਅਨ ਅਥਲੀਟ ਮਿਲਿਆ। ਅੰਜੂ ਬੌਬੀ ਜਾਰਜ ਨੇ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਤਮਗਾ ਜਿੱਤਿਆ। ਇਸ ਤੋਂ ਇਲਾਵਾ ਭਾਰਤੀ ਅਥਲੀਟਾਂ ਵੱਲੋਂ ਏਸ਼ਿਆਈ ਖੇਡਾਂ, ਰਾਸ਼ਟਰਮੰਡਲ ਖੇਡਾਂ, ਸੈਫ ਖੇਡਾਂ, ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ ਸਣੇ ਵੱਡੇ ਕੌਮਾਂਤਰੀ ਟੂਰਨਾਮੈਂਟਾਂ ਵਿੱਚ ਬਿਹਤਰੀਨ ਪ੍ਰਦਰਸ਼ਨ ਦਿਖਾਇਆ ਗਿਆ।

ਭਾਰਤ ਦੇ ਪਹਿਲੇ ਅਰਜੁਨਾ ਐਵਾਰਡੀ ਅਥਲੀਟ ਗੁਰਬਚਨ ਸਿੰਘ ਰੰਧਾਵਾ ਨੇ ਕਿਹਾ ਕਿ ਅਥਲੈਟਿਕਸ ਉਨਾਂ ਦੇ ਖੂਨ ਵਿੱਚ ਹੈ ਅਤੇ ਉਨਾਂ ਨੂੰ ਇਹ ਖੁਸ਼ੀ ਹੈ ਕਿ ਜਿਹੜਾ ਸੁਫਨਾ ਉਨਾਂ ਸਮੇਤ ਮਿਲਖਾ ਸਿੰਘ, ਪੀ.ਟੀ.ਊਸ਼ਾ ਜਿਹੇ ਅਥਲੀਟਾਂ ਤੋਂ ਪੂਰਾ ਨਹੀਂ ਹੋਇਆ, ਉਹ ਨੀਰਜ ਚੋਪੜਾ ਨੇ ਪੂਰਾ ਕੀਤਾ। 1962 ਦੀਆਂ ਜਕਾਰਤਾ ਏਸ਼ਿਆਈ ਖੇਡਾਂ ਵਿੱਚ ਡਿਕੈਥਲਨ ਵਿੱਚ ਸੋਨ ਤਮਗਾ ਅਤੇ 1964 ਦੀਆਂ ਟੋਕੀਓ ਓਲੰਪਿਕ ਖੇਡਾਂ ਵਿੱਚ 110 ਮੀਟਰ ਹਰਡਲਜ਼ ਦੌੜ ਦੇ ਫ਼ਾਈਨਲ ਵਿੱਚ ਪੰਜਵੇਂ ਸਥਾਨ ਉਤੇ ਆਉਣ ਵਾਲੇ ਸ. ਰੰਧਾਵਾ ਨੂੰ ਦੇਸ਼ ਦਾ ਚੌਥਾ ਸਰਵਉੱਚ ਨਾਗਰਿਕ ਸਨਮਾਨ ਪਦਮ ਸ਼੍ਰੀ ਵੀ ਮਿਲਿਆ ਹੈ।ਉਹ ਟੋਕੀਓ ਓਲੰਪਿਕਸ ਵਿੱਚ ਭਾਰਤੀ ਖੇਡ ਦਲ ਦੇ ਝੰਡਾਬਰਦਾਰ ਵੀ ਸਨ।

ਅੰਮਿ੍ਰਤਸਰ ਜ਼ਿਲੇ ਦੇ ਪਿੰਡ ਨੰਗਲੀ (ਮਹਿਤਾ) ਵਿਖੇ 6 ਜੂਨ 1939 ਨੂੰ ਜਨਮੇ  ਰੰਧਾਵਾ ਸੀ.ਆਰ.ਪੀ.ਐਫ. ਕਮਾਂਡੈਂਟ ਵਜੋਂ ਰਿਟਾਇਰ ਹੋਏ ਹਨ। ਉਨਾਂ ਆਪਣੇ ਕਰੀਅਰ ਵਿੱਚ ਅਥਲੀਟ ਤੋਂ ਇਲਾਵਾ ਕੋਚ, ਸਰਕਾਰੀ ਨਿਗਰਾਨ, ਚੋਣ ਕਮੇਟੀ ਦੇ ਚੇਅਰਮੈਨ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਖੇਡ ਸਲਾਹਕਾਰ ਵਜੋਂ ਵੀ ਸੇਵਾਵਾਂ ਨਿਭਾਈਆਂ ਹਨ। ਉਨਾਂ ਆਪਣੇ ਕਾਰਜਕਾਲ ਦੌਰਾਨ ਸੁਰੇਸ਼ ਕਲਮਾਡੀ, ਡਾ. ਲਲਿਤ ਭਨੋਟ ਤੇ ਡਾ. ਐਡੀਲੇ ਜੇ ਸੁਮਾਰੀਵਾਲਾ ਵੱਲੋਂ ਮਿਲੇ ਸਹਿਯੋਗ ਲਈ ਧੰਨਵਾਦ ਕਰਦਿਆਂ ਆਸ ਪ੍ਰਗਟਾਈ ਕਿ ਡਾ. ਸੁਮਾਰੀਵਾਲਾ ਤੇ ਅੰਜੂ ਬੌਬੀ ਜਾਰਜ ਦੀ ਅਗਵਾਈ ਹੇਠ ਅਥਲੈਟਿਕਸ ਫੈਡਰੇਸ਼ਨ ਇਸ ਖੇਡ ਨੂੰ ਹੋਰ ਸਿਖਰਾਂ ਉਤੇ ਲਿਜਾਏਗੀ।

ਰੰਧਾਵਾ ਦੇ ਪਰਿਵਾਰ ਵਿੱਚ ਉਨਾਂ ਦੇ ਪਿਤਾ ਮੇਜਰ ਟਹਿਲ ਸਿੰਘ ਰੰਧਾਵਾ, ਪਤਨੀ ਜਸਵਿੰਦਰ ਤੇ ਪੁੱਤਰ ਰਣਜੀਤ ਸਿੰਘ ਰੰਧਾਵਾ ਜਿੱਥੇ ਅਥਲੀਟ ਰਹੇ ਹਨ ਉਥੇ ਭਰਾ ਹਰਭਜਨ ਸਿੰਘ ਰੰਧਾਵਾ ਭਾਰਤੀ ਅਥਲੈਟਿਕਸ ਟੀਮ ਦੇ ਮੁੱਖ ਕੋਚ ਰਹੇ ਹਨ। ਪਿਛਲੇ ਲੰਬੇ ਅਰਸੇ ਤੋਂ ਨਵੀਂ ਦਿੱਲੀ ਵਿਖੇ ਰਹਿੰਦੇ ਓਲੰਪੀਅਨ ਰੰਧਾਵਾ ਦੀ ਜੀਵਨੀ ‘ਉੱਡਣਾ ਬਾਜ਼’ ਖੇਡ ਲੇਖਕ ਨਵਦੀਪ ਸਿੰਘ ਗਿੱਲ ਵੱਲੋਂ ਲਿਖੀ ਗਈ। ਪੰਜਾਬ ਸਰਕਾਰ ਵੱਲੋਂ ਸ. ਰੰਧਾਵਾ ਦੀ ਜੀਵਨੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਦਸਵੀਂ ਦੀ ਫਿਜ਼ੀਕਲ ਐਜੂਕੇਸ਼ਨ ਦੀ ਪਾਠ ਪੁਸਤਕ ਵਿੱਚ ਵੀ ਸ਼ਾਮਲ ਕੀਤੀ ਗਈ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!