ਹਰਸਿਮਰਤ ਬਾਦਲ ਕਾਲੇ ਖੇਤੀ ਕਾਨੂੰਨਾਂ ਲਿਆਉਣ ਵਿੱਚ ਆਪਣੀ ਹਿੱਸੇਦਾਰੀ ਤੋਂ ਮੁਨਕਰ ਨਹੀਂ ਹੋ ਸਕਦੀ: ਰੰਧਾਵਾ
ਕੈਬਨਿਟ ਵਿੱਚ ਸ਼ਮੂਲੀਅਤ ਦਸਤਖਤਾਂ ਤੋਂ ਵੱਡਾ ਸਬੂਤ
ਕਾਂਗਰਸੀ ਮੰਤਰੀ ਨੇ ਹਰਸਿਮਰਤ ਨੂੰ ਬਿਆਨ ਦੇਣ ਤੋਂ ਪਹਿਲਾ ਵੱਡੇ ਬਾਦਲ ਤੋਂ ਜਾਣਕਾਰੀ ਲੈਣ ਦੀ ਸਲਾਹ ਦਿੱਤੀ
ਚੰਡੀਗੜ, 3 ਜਨਵਰੀ
ਸੀਨੀਅਰ ਕਾਂਗਰਸੀ ਆਗੂ ਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਹਰਸਿਮਰਤ ਕੌਰ ਬਾਦਲ ਵੱਲੋਂ ਖੇਤੀ ਕਾਨੂੰਨਾਂ ਬਾਰੇ ਦਿੱਤੇ ਗੁੰਮਰਾਹਕੁਨ ਬਿਆਨ ’ਤੇ ਬੋਲਦਿਆਂ ਕਿਹਾ ਕਿ ਅਕਾਲੀ ਦਲ ਅਤੇ ਬਾਦਲ ਪਰਿਵਾਰ ਦੀ ਨੂੰਹ ਕਾਲੇ ਖੇਤੀ ਕਾਨੂੰਨ ਲਿਆਉਣ ਵਿੱਚ ਆਪਣੀ ਹਿੱਸੇਦਾਰੀ ਤੋਂ ਜਿੰਨਾ ਮਰਜ਼ੀ ਟਾਲਾ ਵੱਟ ਲੈਣ ਪਰ ਉਹ ਕਿਸਾਨੀ ਦਾ ਗਲਾ ਘੋਟਣ ਲਈ ਆਪਣੀ ਸ਼ਮੂਲੀਅਤ ਤੋਂ ਭੱਜ ਨਹੀਂ ਸਕਣਗੇ।
ਹਰਸਿਮਰਤ ਬਾਦਲ ਵੱਲੋਂ ਖੇਤੀ ਆਰਡੀਨੈਂਸਾਂ ਉਤੇ ਆਪਣੇ ਦਸਤਖਤ ਸਿੱਧ ਕਰਨ ਦੀ ਚੁਣੌਤੀ ਨੂੰ ਖੁੱਲੇਆਮ ਕਬੂਲਦਿਆਂ ਸ. ਰੰਧਾਵਾ ਨੇ ਕਿਹਾ ਕਿ ਜਦੋਂ ਕੈਬਨਿਟ ਮੀਟਿੰਗ ਵਿੱਚ ਸਮੁੱਚਾ ਫੈਸਲਾ ਲਿਆ ਜਾਂਦਾ ਹੈ ਤਾਂ ਇਸ ਵਿੱਚ ਸ਼ਾਮਲ ਸਮੂਹ ਮੰਤਰੀਆਂ ਦੀ ਸਹਿਮਤੀ ਦਸਤਖਤਾਂ ਤੋਂ ਵੱਡਾ ਸਬੂਤ ਹੁੰਦੀ ਹੈ। ਉਨਾਂ ਚੁਟਕੀ ਲੈਂਦਿਆਂ ਹਰਸਿਮਰਤ ਬਾਦਲ ਨੂੰ ਸਪੱਸ਼ਟ ਕਰਨ ਲਈ ਕਿਹਾ ਕਿ ਆਪਣੇ ਛੇ ਸਾਲ ਦੇ ਕੇਂਦਰੀ ਮੰਤਰੀ ਦੇ ਕਾਰਜਕਾਲ ਦੌਰਾਨ ਕੇਂਦਰੀ ਕੈਬਨਿਟ ਵੱਲੋਂ ਕੀਤੇ ਫੈਸਲਿਆਂ ਉਤੇ ਕਿਸ ਆਧਾਰ ’ਤੇ ਵਾਹ-ਵਾਹ ਖੱਟਦੀ ਰਹੀ। ਉਨਾਂ ਨਾਲ ਹੀ ਸਲਾਹ ਦਿੱਤੀ ਕਿ ਇਹ ਬਿਆਨ ਦੇਣ ਤੋਂ ਪਹਿਲਾ ਆਪਣੇ ਸਹੁਰਾ ਸਾਹਿਬ ਤੋਂ ਪੁੱਛ ਲੈਣਾ ਚਾਹੀਦਾ ਸੀ ਕਿ ਕੈਬਨਿਟ ਵੱਲੋਂ ਲਏ ਫੈਸਲਿਆਂ ਵਿੱਚ ਮੰਤਰੀਆਂ ਦੀ ਸਹਿਮਤੀ ਹੁੰਦੀ ਹੈ ਜਾਂ ਨਹੀਂ। ਉਨਾਂ ਕਿਹਾ ਕਿ ਇਸ ਮਾਮਲੇ ਵਿੱਚ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਜ਼ਿਆਦਾ ਚੰਗੀ ਤਰਾਂ ਸਮਝਾ ਸਕਦੇ ਹਨ।
ਸੁਖਜਿੰਦਰ ਸਿੰਘ ਰੰਧਾਵਾ ਨੇ ਹਰਸਿਮਰਤ ਨੂੰ ਸਵਾਲ ਕਰਦਿਆਂ ਕਿਹਾ ਕਿ ਕਾਲੇ ਖੇਤੀ ਆਰਡੀਨੈਂਸਾਂ ਲਿਆਉਣ ਤੋਂ ਬਾਅਦ ਇਸ ਦੀ ਤਰਫਦਾਰੀ ਲਈ ਬਾਦਲ ਪਰਿਵਾਰ ਵੱਲੋਂ ਬੰਨੀਆਂ ਸਿਫਤਾਂ ਦੇ ਪੁੱਲਾਂ ਬਾਰੇ ਵੀ ਉਹ ਆਪਣਾ ਸਪੱਸ਼ਟੀਕਰਨ ਦੇਣ। ਜੂਨ 2020 ਵਿੱਚ ਆਰਡੀਨੈਂਸ ਪਾਸ ਕਰਨ ਤੋਂ ਬਾਅਦ ਹਰਸਿਮਰਤ ਬਾਦਲ ਵੱਲੋਂ ਜਿੱਥੇ ਇਸ ਦੇ ਹੱਕ ਵਿੱਚ ਇੰਟਰਵਿਊਜ਼ ਦਿੱਤੀਆਂ ਗਈਆਂ ਉਥੇ ਵੱਡੇ ਬਾਦਲ ਕੋਲੋਂ ਵੀ ਹੱਕ ਵਿੱਚ ਬਿਆਨ ਦਿਵਾਇਆ ਗਿਆ।
ਕਾਂਗਰਸੀ ਆਗੂ ਨੇ ਕਿਹਾ ਕਿ ਬਾਦਲ ਪਰਿਵਾਰ ਕਾਲੇ ਖੇਤੀ ਕਾਨੂੰਨਾਂ ਲਿਆਉਣ ਵਿੱਚ ਆਪਣੀ ਹਿੱਸੇਦਾਰੀ ਤੋਂ ਮੁਨਕਰ ਨਹੀਂ ਹੋ ਸਕਦਾ ਅਤੇ ਹਰਸਿਮਰਤ ਦਾ ਕੂੜ ਪ੍ਰਚਾਰ ਅਕਾਲੀ ਦਲ ਵੱਲੋਂ ਕਿਸਾਨਾਂ ਨਾਲ ਕਮਾਏ ਧ੍ਰੋਹ ਤੋਂ ਨਹੀਂ ਬਚਾ ਸਕਦਾ।