ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਕੇਂਦਰੀ ਸਿਹਤ ਮੰਤਰੀ ਡਾ. ਮਨਸੁੱਖ ਮਾਂਡਵੀਆ ਨਾਲ ਮੁਲਾਕਾਤ
-ਡਾ. ਬਲਬੀਰ ਸਿੰਘ ਨੇ ਕੇਂਦਰੀ ਸਿਹਤ ਮੰਤਰੀ ਨੂੰ ਪੰਜਾਬ ਦੀਆਂ ਸਿਹਤ ਮੰਗਾਂ ਬਾਰੇ ਮੰਗ ਪੱਤਰ ਸੌਂਪਿਆ
-ਕੇਂਦਰੀ ਸਿਹਤ ਮੰਤਰੀ ਵੱਲੋਂ ਸਿਹਤ ਸੇਵਾਵਾਂ ਦੇ ਪੰਜਾਬ ਮਾਡਲ ਤੇ ਆਮ ਆਦਮੀ ਕਲੀਨਿਕਾਂ ਦੀ ਸ਼ਲਾਘਾ-ਡਾ. ਬਲਬੀਰ ਸਿੰਘ
ਪਟਿਆਲਾ, 5 ਮਾਰਚ:
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਪਟਿਆਲਾ ਪੁੱਜੇ ਕੇਂਦਰੀ ਸਿਹਤ ਮੰਤਰੀ ਡਾ. ਮਨਸੁੱਖ ਐਲ. ਮਾਂਡਵੀਆ ਨਾਲ ਮੁਲਾਕਾਤ ਕਰਕੇ ਪੰਜਾਬ ਦੇ ਸਿਹਤ ਸਬੰਧੀ ਮਸਲੇ ਜ਼ੋਰਦਾਰ ਢੰਗ ਨਾਲ ਉਭਾਰੇ। ਕੇਂਦਰੀ ਸਿਹਤ ਮੰਤਰੀ ਨੂੰ ਪੰਜਾਬ ਦੀਆਂ ਸਿਹਤ ਨਾਲ ਜੁੜੀਆਂ ਅਹਿਮ ਤੇ ਜਰੂਰੀ ਮੰਗਾਂ ਬਾਰੇ ਇੱਕ ਮੰਗ ਪੱਤਰ ਸੌਂਪਦਿਆਂ ਡਾ. ਬਲਬੀਰ ਸਿੰਘ ਨੇ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬੇ ਦੀਆਂ ਸਿਹਤ ਸੇਵਾਵਾਂ ਨੂੰ ਵਿਸ਼ਵ ਪੱਧਰੀ ਬਣਾਉਣ ਲਈ ਲਿਆਂਦੀ ਜਾ ਰਹੀ ਕ੍ਰਾਂਤੀ ਤੋਂ ਵੀ ਜਾਣੂ ਕਰਵਾਇਆ। ਇਸ ਮੌਕੇ ਪਟਿਆਲਾ ਦੇ ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਵੀ ਮੌਜੂਦ ਸਨ।
ਇਸ ਮੁਲਾਕਾਤ ਬਾਰੇ ਜਾਣਕਾਰੀ ਦਿੰਦਿਆਂ ਡਾ.ਬਲਬੀਰ ਸਿੰਘ ਨੇ ਦੱਸਿਆ ਕਿ ਮੀਟਿੰਗ ‘ਚ ਕੇਂਦਰੀ ਮੰਤਰੀ ਨਾਲ ਸਿਹਤ ਨਾਲ ਜੁੜੇ ਸਾਰੇ ਮਾਮਲਿਆਂ ਬਾਰੇ ਵਿਸਥਾਰ ‘ਚ ਚਰਚਾ ਕੀਤੀ ਗਈ ਅਤੇ ਡਾ. ਮਾਂਡਵੀਆ ਨੇ ਇਨ੍ਹਾਂ ਬਾਰੇ ਹਾਂ ਪੱਖੀ ਹੁੰਗਾਰਾ ਭਰਦਿਆਂ ਪੰਜਾਬ ਸਰਕਾਰ ਵੱਲੋਂ ਰਾਜ ਦੇ ਨਾਗਰਿਕਾਂ ਨੂੰ ਸੰਪੂਰਨ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਲਾਗੂ ਕੀਤੇ ਜਾ ਰਹੇ ਮਾਡਲ ਅਤੇ ਆਮ ਆਦਮੀ ਕਲੀਨਿਕਾਂ ਦੀ ਭਰਵੀਂ ਸ਼ਲਾਘਾ ਕੀਤੀ। ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਕੇਂਦਰੀ ਸਿਹਤ ਮੰਤਰੀ ਨੇ ਇਹ ਵੀ ਭਰੋਸਾ ਦਿੱਤਾ ਕਿ ਪੰਜਾਬ ਦੇ ਸਿਹਤ ਨਾਲ ਸਬੰਧਤ ਰੁਕੇ ਹੋਏ ਫੰਡ ਵੀ ਜਲਦ ਜਾਰੀ ਕੀਤੇ ਜਾਣਗੇ।
ਡਾ. ਬਲਬੀਰ ਸਿੰਘ ਨੇ ਅੱਗੇ ਦੱਸਿਆ ਕਿ ਕੇਂਦਰੀ ਸਿਹਤ ਮੰਤਰੀ ਨੇ ਰਾਜ ਦੇ ਸਾਰੇ ਜ਼ਿਲ੍ਹਿਆਂ ਲਈ ਕ੍ਰਿਟੀਕਲ ਕੇਅਰ ਯੂਨਿਟ ਬਣਾਉਣ ਨੂੰ ਵੀ ਪ੍ਰਵਾਨ ਕੀਤਾ ਹੈ, ਜਿਸ ਲਈ ਪੰਜਾਬ ਵੱਲੋਂ ਜਲਦ ਹੀ ਇੱਕ ਵਿਸਥਾਰਤ ਤਜਵੀਜ ਬਣਾ ਕੇ ਭੇਜੀ ਜਾਵੇਗੀ। ਉਨ੍ਹਾਂ ਹੋਰ ਦੱਸਿਆ ਕਿ ਪੰਜਾਬ ਦੇ ਨਵੇਂ ਮੈਡੀਕਲ ਕਾਲਜਾਂ ਲਈ ਵੀ ਕੇਂਦਰੀ ਸਿਹਤ ਮੰਤਰੀ ਨੇ ਲੋੜੀਂਦੇ ਫੰਡ ਮੁਹੱਈਆ ਕਰਵਾਉਣ ਦਾ ਭਰੋਸਾ ਦਿੰਦਿਆਂ ਪੰਜਾਬ ਦੀ ਮੰਗ ‘ਤੇ 388 ਕਿਸਮਾਂ ਦੀਆਂ ਜਰੂਰੀ ਦਵਾਈਆਂ ਤੇ 42 ਕੈਂਸਰ ਰੋਕੂ ਦਵਾਈਆਂ ਦੀਆਂ ਕੀਮਤਾਂ ‘ਤੇ ਨਿਯੰਤਰਨ ਸਬੰਧੀ ਕਾਰਵਾਈ ਕਰਨ ਦਾ ਵੀ ਭਰੋਸਾ ਦਿੱਤਾ।
ਪੰਜਾਬ ਦੇ ਸਿਹਤ ਮੰਤਰੀ ਵੱਲੋਂ ਸਿਹਤ ਸੇਵਾਵਾਂ ਤੇ ਮੈਡੀਕਲ ਸਿੱਖਿਆ ‘ਚ ਵੱਡੇ ਸੁਧਾਰਾਂ ਦੀ ਲੋੜ ‘ਤੇ ਜ਼ੋਰ ਦਿੰਦਿਆਂ ਸਾਰੇ ਸੂਬਿਆਂ ਦੇ ਸਿਹਤ ਮੰਤਰੀਆਂ ਨਾਲ ਇੱਕ ਸਾਂਝੀ ਮੀਟਿੰਗ ਕੀਤੇ ਜਾਣ ਦੀ ਦਿੱਤੀ ਸਲਾਹ ਨੂੰ ਵੀ ਕੇਂਦਰੀ ਮੰਤਰੀ ਨੇ ਪ੍ਰਵਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਨੇ ਕ੍ਰਿਟੀਕਲ ਕੇਅਰ ਯੂਨਿਟਾਂ ‘ਚ ਤਾਇਨਾਤ ਹੋਣ ਵਾਲੇ ਵਿਸ਼ੇਸ ਸਟਾਫ਼ ਦੀ ਵਿਸ਼ੇਸ਼ ਸਿਖਲਾਈ ਕਰਵਾਉਣ ਦੀ ਸਲਾਹ ਦੀ ਵੀ ਕੇਂਦਰੀ ਮੰਤਰੀ ਨੇ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੇ ਫੈਮਿਲੀ ਮੈਡੀਸਨ ਫੈਮਿਲੀ ਫ਼ਿਜ਼ੀਸ਼ੀਅਨ ਤੇ ਹੋਲਿਸਟਿਕ ਹੈਲਥ ਕੇਅਰ ਜਿਸ ‘ਚ ਪ੍ਰੀਵੈਂਟਿਵ ਕੇਅਰ, ਪ੍ਰੋਮੋਸ਼ਨ ਤੇ ਰੀ-ਹੈਬਲੀਟੇਟਿਵ ਸੇਵਾਵਾਂ ਸਮੇਤ ਗੰਭੀਰ ਮਰੀਜਾਂ ਦੀ ਸਿਹਤ ਸੇਵਾਵਾਂ ਬਾਰੇ ਚਰਚਾ ‘ਤੇ ਵੀ ਹਾਂ ਪੱਖੀ ਹੁੰਗਾਰਾ ਦਿੱਤਾ ਹੈ।
ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਕੇਂਦਰੀ ਸਿਹਤ ਮੰਤਰੀ ਡਾ. ਮਨਸੁੱਖ ਐਲ. ਮਾਂਡਵੀਆ ਵੱਲੋਂ ਦਿੱਤੇ ਹਾਂ ਪੱਖੀ ਹੁੰਗਾਰੇ ਦੇ ਮੱਦੇਨਜ਼ਰ ਉਨ੍ਹਾਂ ਨੂੰ ਉਮੀਦ ਹੈ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬੇ ਦੇ ਨਾਗਰਿਕਾਂ ਨੂੰ ਹੋਰ ਵੀ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰੇਗੀ। ਇਸ ਤੋਂ ਪਹਿਲਾਂ ਡਾ. ਬਲਬੀਰ ਸਿੰਘ ਤੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕੇਂਦਰੀ ਸਿਹਤ ਮੰਤਰੀ ਡਾ. ਮਾਂਡਵੀਆ ਦਾ ਪਟਿਆਲਾ ਪੁੱਜਣ ‘ਤੇ ਸਵਾਗਤ ਵੀ ਕੀਤਾ।