ਪੰਜਾਬ

ਆਪਣੀ ਕਿਸਮ ਦੇ ਸਭ ਤੋਂ ਪਹਿਲੇ ਪ੍ਰੋਜੈਕਟ ਤਹਿਤ ਸੁਨਾਮ ਦੇ ਸਾਰੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਨੂੰ ਅਤਿ ਆਧੁਨਿਕ ਰੋਬੋਟਿਕ ਲੈਬਾਟਰੀਆਂ ਨਾਲ ਕੀਤਾ ਜਾਵੇਗਾ ਲੈਸ: ਅਮਨ ਅਰੋੜਾ

ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ 18 ਰੋਬੋਟਿਕਸ ਲੈਬ ਅਤੇ 3 ਐਕਸ.ਆਰ. ਰਿਐਲਿਟੀ ਲੈਬ ਤਿਆਰ ਕਰਨ ਵਾਲਾ ਪ੍ਰੋਜੈਕਟ ਲਾਂਚ

ਚੰਡੀਗੜ੍ਹ, 27 ਮਈ:

ਪੰਜਾਬ ਦੇ ਰੋਜ਼ਗਾਰ ਉਤਪਤੀ ਤੇ  ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਸ੍ਰੀ ਅਮਨ ਅਰੋੜਾ ਨੇ ਦੱਸਿਆ ਕਿ ਸੂਬੇ ਦੀ ਸਕੂਲ ਸਿੱਖਿਆ ਦੇ ਇਤਿਹਾਸ ਵਿੱਚ ਇੱਕ ਹੋਰ ਮੀਲ ਪੱਥਰ ਸਥਾਪਤ ਕਰਦਿਆਂ ਵਿਦਿਆਰਥੀਆਂ ਦੀ ਰਚਨਾਤਮਕ ਸੋਚ ਅਤੇ ਸਮੱਸਿਆਵਾਂ ਨੂੰ ਹੱਲ ਕਰਨ ਦੀ ਸਮਰੱਥਾ ਵਧਾਉਣ ਦੇ ਮਕਸਦ ਨਾਲ ਸੁਨਾਮ ਵਿਧਾਨ ਸਭਾ ਹਲਕੇ ਦੇ ਸਾਰੇ 18 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਨੂੰ ਅਤਿ-ਆਧੁਨਿਕ ਰੋਬੋਟਿਕ ਲੈਬਾਟਰੀਆਂ ਨਾਲ ਲੈਸ ਕੀਤਾ ਜਾ ਰਿਹਾ ਹੈ।

ਸ੍ਰੀ ਅਮਨ ਅਰੋੜਾ ਅੱਜ ਸੁਨਾਮ ਵਿਖੇ ਸ਼ਹੀਦ ਊਧਮ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਵਿਖੇ ਸਥਾਪਿਤ ਕੀਤੀ ਗਈ ਰੋਬੋਟਿਕ ਲੈਬ ਦਾ ਉਦਘਾਟਨ ਕਰਨ ਦੇ ਨਾਲ-ਨਾਲ ਬਾਕੀ 17 ਸੀਨੀਅਰ ਸੈਕੰਡਰੀ ਸਕੂਲਾਂ ਨੂੰ ਵੀ ਲੈਬ ਦਾ ਸਮਾਨ ਵੰਡਿਆ।

ਇਸ ਤੋਂ ਇਲਾਵਾ ਸੁਨਾਮ ਦੇ ਸ਼ਹੀਦ ਊਧਮ ਸਿੰਘ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਤੇ ਲੜਕੇ ਅਤੇ ਸ਼ਹੀਦ ਭਾਈ ਮਤੀ ਦਾਸ ਸੀਨੀਅਰ ਸੈਕੰਡਰੀ ਸਕੂਲ ਲੌਂਗੋਵਾਲ ਵਿੱਚ ਜਰਮਨ ਫਰਮ ਮਿਰਾਕਲ.10 ਦੀ ਮਦਦ ਨਾਲ ਤਿੰਨ ਐਕਸ.ਆਰ. ਰਿਐਲਿਟੀ ਲੈਬ ਵੀ ਸਥਾਪਿਤ ਕੀਤੀਆਂ ਜਾ ਰਹੀਆਂ ਹਨ।
ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਇਹ ਅਤਿ-ਆਧੁਨਿਕ ਰੋਬੋਟਿਕ ਲੈਬਾਟਰੀਆਂ ਅਤੇ ਐਕਸ.ਆਰ. ਰਿਐਲਿਟੀ ਲੈਬਜ਼ ਵਿਦਿਆਰਥੀਆਂ ਨੂੰ ਨਵੀਨਤਮ ਤਕਨਾਲੋਜੀ ਖੇਤਰਾਂ ਜਿਵੇਂ ਕਿ ਰੋਬੋਟਿਕਸ, ਦਿ ਇੰਟਰਨੈਟ ਆਫ ਥਿੰਗਜ਼ (ਆਈ.ਓ.ਟੀ.), ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.), 3ਡੀ ਪ੍ਰਿੰਟਿੰਗ, ਬੇਸਿਕਸ ਆਫ਼ ਇਲੈਕਟ੍ਰਾਨਿਕਸ ਆਦਿ ਦੀ ਸਿਖਲਾਈ ਪ੍ਰਾਪਤ ਕਰਨ ਵਿੱਚ ਮਦਦ ਕਰਨਗੀਆਂ। ਉਨ੍ਹਾਂ ਅੱਗੇ ਕਿਹਾ ਕਿ ਇਹ ਪ੍ਰੋਜੈਕਟ ਸਿੱਖਣ ਦੇ ਮਨੋਰੰਜਕ ਢੰਗ-ਤਰੀਕਿਆਂ ਦੁਆਰਾ ਵਿਦਿਆਰਥੀਆਂ ਦੇ ਗਿਆਨ ਦੇ ਹੁਨਰ ਨੂੰ ਹੋਰ ਨਿਖਾਰਨ ਲਈ ਨਵੀਨਤਾਕਾਰੀ ਢੰਗ ਨਾਲ ਸਹੂਲਤਾਂ ਪ੍ਰਦਾਨ ਦੇਵੇਗਾ।

ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਸੁਨਾਮ ਦੇਸ਼ ਦਾ ਵੀ ਪਹਿਲਾ ਵਿਧਾਨ ਸਭਾ ਹਲਕਾ ਹੈ ਜਿਸ ਨੇ ਸਾਰੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਨੂੰ ਇਨ੍ਹਾਂ ਹਾਈ-ਟੈਕ ਅਤੇ ਅਤਿ-ਆਧੁਨਿਕ ਲੈਬਾਟਰੀਆਂ ਨਾਲ ਲੈਸ ਕੀਤਾ ਹੈ।

ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਸਿੱਖਿਆ ਖੇਤਰ ਵਿੱਚ ਕ੍ਰਾਂਤੀ ਲਿਆਉਣ ਲਈ ਵਚਨਬੱਧ ਹੈ। ਇਸ ਤੋਂ ਪਹਿਲਾਂ ਸੂਬਾ ਸਰਕਾਰ ਨੇ 117 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਨੂੰ ਅਪਗ੍ਰੇਡ ਕਰਕੇ “ਸਕੂਲਜ਼ ਆਫ਼ ਐਮੀਨੈਂਸ” (ਐਸ.ਓ.ਈ.) ਦੀ ਸਥਾਪਨਾ ਕੀਤੀ ਸੀ ਅਤੇ ਸਕੂਲ ਦੇ ਪ੍ਰਿੰਸੀਪਲਾਂ ਨੂੰ ਆਪਣੇ ਅਧਿਆਪਨ ਦੇ ਪੇਸ਼ੇਵਰਾਨਾ ਹੁਨਰ ਨੂੰ ਨਿਖਾਰਨ ਵਾਸਤੇ ਸਿਖਲਾਈ ਲਈ ਸਿੰਗਾਪੁਰ ਵੀ ਭੇਜਿਆ ਗਿਆ ਸੀ।

ਕੈਬਨਿਟ ਮੰਤਰੀ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਆਲਾ ਦਰਜੇ ਦੀ ਸਿੱਖਿਆ ਪ੍ਰਦਾਨ ਕਰਨ ਲਈ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਅੱਗੇ ਵਧਾਉਂਦਿਆਂ, ਉਨ੍ਹਾਂ ਆਪਣੇ ਹਲਕੇ ਦੇ ਸਾਰੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਰੋਬੋਟਿਕ ਲੈਬ ਸਥਾਪਤ ਕਰਨ ਦੀ ਇਹ ਪਹਿਲ ਕੀਤੀ ਹੈ।

ਇਸ ਦੇ ਨਾਲ ਹੀ ਕਿਊਰੀਅਸ ਲਰਨਿੰਗ ਲੈਬ ਇਨ੍ਹਾਂ ਸਕੂਲਾਂ ਦੇ ਸਟਾਫ਼ ਨੂੰ ਲੋੜ ਮੁਤਾਬਕ ਤਕਨੀਕੀ ਸਿਖਲਾਈ ਅਤੇ ਹੋਰ ਸਹਾਇਤਾ ਪ੍ਰਦਾਨ ਕਰੇਗੀ। ਉਹਨਾਂ ਨੂੰ ਕਿਊਰੀਅਸ ਲਰਨਿੰਗ ਪਲੇਟਫਾਰਮ ਤੱਕ ਪਹੁੰਚ ਪ੍ਰਦਾਨ ਕਰਵਾਈ ਜਾਵੇਗੀ ਜਿਸ ਨਾਲ ਉਨ੍ਹਾਂ ਨੂੰ ਆਪਣੇ ਨਵੀਨਤਮ ਵਿਚਾਰਾਂ ਨਾਲ ਆਲੇ ਦੁਆਲੇ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਮਦਦ ਮਿਲੇਗੀ ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!