ਪੰਜਾਬ
*ਸੂਬੇ ਦੇ ਸਾਰੇ ਸਕੂਲਾਂ ਵਿਚ 23 ਦਸੰਬਰ ਨੂੰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਕਰਵਾਏ ਜਾਣਗੇ ਸਮਾਗਮ : ਹਰਜੋਤ ਸਿੰਘ ਬੈਂਸ*
**23 ਦਸੰਬਰ ਨੂੰ ਸਕੂਲਾਂ ਵਿੱਚ ਸਵੇਰ ਦੇ ਸਮੇਂ ਸ਼ਹੀਦੀ ਦਿਹਾੜਿਆਂ ਨਾਲ ਸੰਬੰਧਿਤ ਹੋਣਗੇ ਪ੍ਰੋਗਰਾਮ*
ਚੰਡੀਗੜ, 14 ਦਸੰਬਰ :
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਸਮੂਹ ਸਰਕਾਰੀ/ਨਿੱਜੀ ਪ੍ਰਾਇਮਰੀ, ਹਾਈ ਅਤੇ ਸੈਕੰਡਰੀ ਸਕੂਲਾਂ ਵਿੱਚ 23 ਦਸੰਬਰ 2022 ਦਿਨ ਸ਼ੁੱਕਰਵਾਰ ਨੂੰ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਅਤੇ ਨਿੱਘੀ ਯਾਦ ਨੂੰ ਸਮਰਪਿਤ ਸਮਾਗਮ ਕਰਵਾਉਣ ਦਾ ਫ਼ੈਸਲਾ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ
ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਦੁਨੀਆਂ ਭਰ ਵਿੱਚ ਵਸਦੇ ਪੰਜਾਬੀਆਂ ਅਤੇ ਖ਼ਾਸ ਕਰ ਸਿੱਖ ਸੰਗਤਾਂ ਵਲੋਂ 20 ਦਸੰਬਰ ਤੋਂ 28 ਦਸੰਬਰ ਤੱਕ ਸ਼ਹੀਦੀ ਹਫ਼ਤੇ ਦੇ ਰੂਪ ਵਿਚ ਬੜੀ ਸ਼ਰਧਾ ਭਾਵਨਾ ਨਾਲ ਸਿਜਦਾ ਕੀਤਾ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਸੂਬੇ ਦੇ ਸਾਰੇ ਸਕੂਲਾਂ ਵਿਚ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਪਹਿਲੀ ਵਾਰ ਕਰਵਾਏ ਜਾ ਰਹੇ ਹਨ ਤਾਂ ਜ਼ੋ ਸਕੂਲੀ ਵਿਦਿਆਰਥੀਆਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਚੰਗੀ ਤਰ੍ਹਾਂ ਜਾਣੂ ਹੋ ਸਕਣ।
ਇਸ ਸਬੰਧੀ ਕਰਵਾਏ ਜਾਣ ਵਾਲੇ ਸਮਾਗਮ ਬਾਰੇ ਜਾਣਕਾਰੀ ਦਿੰਦਿਆਂ ਸਿੱਖਿਆ ਮੰਤਰੀ ਨੇ ਦੱਸਿਆ ਕਿ 23 ਦਸੰਬਰ 2022 ਦਿਨ ਸ਼ੁੱਕਰਵਾਰ ਨੂੰ ਸਕੂਲਾਂ ਵਿਚ ਸਵੇਰ ਦੀ ਸਭਾ ਤੋਂ ਬਾਅਦ 9:20 ਤੋਂ 10:20 ਤੱਕ ਵਿਦਿਆਰਥੀਆਂ ਵਲੋਂ ਸ਼ਹੀਦੀ ਹਫ਼ਤੇ ਨਾਲ ਸੰਬੰਧਿਤ ਕਵਿਤਾ/ਗੀਤ/ਸ਼ਬਦ/ਵਾਰ ਗਾਇਨ ਮੁਕਾਬਲੇ ਕਰਵਾਏ ਜਾਣਗੇ। 10:20 ਤੋਂ 11:00 ਤੱਕ ਸ਼ਹੀਦੀ ਸਾਕੇ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਵਿਛੋੜੇ ਨਾਲ ਸੰਬੰਧਿਤ ਭਾਸ਼ਨ/ਵਿੱਦਿਅਕ ਮੁਕਾਬਲੇ ਅਤੇ 11:00 ਤੋਂ 11:30 ਤੱਕ ਸਕੂਲ ਮੁਖੀ/ਸਟਾਫ/ਅਧਿਆਪਕਾਂ ਵਲੋਂ ਸ਼ਹੀਦੀ ਹਫ਼ਤੇ ਨਾਲ ਸੰਬੰਧਿਤ ਵਿਸ਼ੇਸ਼ ਸਿੱਖਿਆਦਾਇਕ ਪੇਸ਼ਕਾਰੀਆਂ ਕੀਤੀਆਂ ਜਾਣਗੀਆਂ।
ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿ ਇਨ੍ਹਾਂ ਮੁਕਾਬਲਿਆਂ ਦੌਰਾਨ ਸਕੂਲ ਮੁਖੀ ਆਪਣੇ ਪੱਧਰ ’ਤੇ ਵੀ ਕੋਈ ਹੋਰ ਗਤੀਵਿਧੀ ਕਰਵਾ ਸਕਦੇ ਹਨ ਜਿਸ ਨਾਲ ਸਾਹਿਬਜ਼ਾਦਿਆਂ ਦੀ ਯਾਦ ਅਤੇ ਸ਼ਹੀਦੀ ਨਾਲ ਸੰਬੰਧਿਤ ਜਾਣਕਾਰੀ ਪ੍ਰਦਾਨ ਕੀਤੀ ਜਾ ਸਕਦੀ ਹੋਵੇ
। ਬੈਂਸ ਨੇ ਕਿਹਾ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਦੀ ਮਿਸਾਲ ਦੁਨੀਆਂ ਦੇ ਇਤਿਹਾਸ ਵਿੱਚ ਹੋਰ ਕਿੱਧਰੇ ਨਹੀਂ ਮਿਲਦੀ ਅਤੇ ਇਸ ਉਪਰਾਲੇ ਨਾਲ ਸਕੂਲਾਂ ਦੇ ਵਿਦਿਆਰਥੀ ਇਸ ਮਹਾਨ ਇਤਿਹਾਸਿਕ ਸਾਕੇ ਤੋਂ ਜਾਣੂ ਹੋਣਗੇ।