ਪੰਜਾਬ
*ਨੈਸ਼ਨਲ ਯੂਨੀਅਨ ਆਫ਼ ਜਰਨਲਿਸਟ, ਇੰਡੀਆ ਦੀ ਚੋਣ ‘ਚ ਅਸ਼ੋਕ ਮਲਿਕ ਪ੍ਰਧਾਨ, ਸੁਰੇਸ਼ ਸ਼ਰਮਾ ਜਨਰਲ ਸਕੱਤਰ ਅਤੇ ਹਰਜਿੰਦਰ ਸਿੰਘ ਲਾਲ ਮੀਤ ਪ੍ਰਧਾਨ ਬਣੇ*
ਨਵੀਂ ਦਿੱਲੀ, 8 ਜੁਲਾਈ : ਦੇਸ਼ ਦੀ ਪੱਤਰਕਾਰਾਂ ਦੀ ਸਭ ਤੋਂ ਵੱਡੀ ਯੂਨੀਅਨ ਨੈਸ਼ਨਲ ਯੂਨੀਅਨ ਆਫ਼ ਜਰਨਲਿਸਟ, ਇੰਡੀਆ (ਐਨ.ਯੂ.ਜੇ.ਆਈ) ਦੀ ਸਰਬਸੰਮਤੀ ਨਾਲ ਹੋਈ ਚੋਣ ਵਿੱਚ ਦੈਨਿਕ ਟ੍ਰਿਬਿਊਨ ਚੰਡੀਗੜ੍ਹ ਦੇ ਸਾਬਕਾ ਸਹਾਇਕ ਐਡੀਟਰ ਅਸ਼ੋਕ ਮਲਿਕ ਨੂੰ ਸਰਬਸੰਮਤੀ ਨਾਲ ਨਵਾਂ ਕੌਮੀ ਪ੍ਰਧਾਨ ਚੁਣ ਲਿਆ ਗਿਆ ਹੈ। ਜਦੋਂਕਿ ਮੱਧ ਪ੍ਰਦੇਸ਼ ਦੇ ਸੀਨੀਅਰ ਪੱਤਰਕਾਰ ਸੁਰੇਸ਼ ਸ਼ਰਮਾ ਨੂੰ ਜਨਰਲ ਸਕੱਤਰ ਚੁਣਿਆ ਗਿਆ ਹੈ। ਪੱਤਰਕਾਰ ਅਤੇ ਪੰਜਾਬ ਯੂਨੀਅਨ ਆਫ਼ ਜਰਨਲਿਸਟਸ ਦੇ ਪ੍ਰਧਾਨ ਹਰਜਿੰਦਰ ਸਿੰਘ ਲਾਲ ਨੂੰ ਮੀਤ ਪ੍ਰਧਾਨ ਚੁਣਿਆ ਗਿਆ ਹੈ। ਇਸ ਚੋਣ ਦਾ ਐਲਾਨ ਐਨ.ਯੂ.ਜੇ.ਆਈ ਦੇ ਮੁੱਖ ਚੋਣ ਅਧਿਕਾਰੀ ਬੀ.ਬੀ.ਸੀ ਦੇ ਅਵਤਾਰ ਸਿੰਘ ਅਤੇ ਚੋਣ ਅਧਿਕਾਰੀ ਅਨਿਲ ਗੋਇਲ ਨੇ ਸਾਂਝੇ ਰੂਪ ਵਿਚ ਕੀਤਾ।
ਹੋਰ ਅਹੁਦੇਦਾਰਾਂ ਵਿੱਚ ਝਾਰਖੰਡ ਦੇ ਦੀਪਕ ਕੁਮਾਰ ਮੁਖਰਜੀ, ਮੱਧ ਪ੍ਰਦੇਸ਼ ਦੇ ਰਵਿੰਦਰਾ ਵਾਜਪਾਈ, ਤੇਲੰਗਾਨਾ ਦੇ ਵੀ. ਰਾਜਿੰਦਰਨਾਥ ਅਤੇ ਉੱਤਰ ਪ੍ਰਦੇਸ਼ ਦੇ ਤ੍ਰਿਯੁੱਗ ਨਾਰਾਇਣ ਤਿਵਾੜੀ ਨੂੰ ਵੀ ਮੀਤ ਪ੍ਰਧਾਨ ਚੁਣਿਆ ਗਿਆ ਹੈ। ਜਦੋਂਕਿ ਦਿੱਲੀ ਜਰਨਲਿਸਟ ਐਸੋਸੀਏਸ਼ਨ ਦੇ ਸੰਜੀਵ ਕੁਮਾਰ ਨੂੰ ਖ਼ਜ਼ਾਨਚੀ ਚੁਣਿਆ ਗਿਆ ਹੈ। ਉੜੀਸਾ ਦੇ ਅਜੇ ਕੁਮਾਰ ਸਾਹੂ, ਰਾਜਸਥਾਨ ਦੇ ਭਵਾਨੀ ਸ਼ੰਕਰ ਜੋਸ਼ੀ, ਹਿਮਾਚਲ ਪ੍ਰਦੇਸ਼ ਦੇ ਅਦੀਪ ਸੋਨੀ, ਆਂਧਰਾ ਪ੍ਰਦੇਸ਼ ਦੇ ਹੀਰਲ ਆਜ਼ਾਦ, ਅਤੇ ਦਿੱਲੀ ਦੇ ਵਿਨੋਦ ਕੁਮਾਰ ਨੂੰ ਸਕੱਤਰ ਚੁਣਿਆ ਗਿਆ ਹੈ। ਜਦੋਂਕਿ ਭਾਰਤ ਦੇ ਵੱਖ ਵੱਖ ਰਾਜਾਂ ਤੋਂ 31 ਕਾਰਜਕਾਰੀ ਮੈਂਬਰਾਂ ਦੀ ਚੋਣ ਵੀ ਬਿਨਾਂ ਮੁਕਾਬਲਾ ਸਰਬਸੰਮਤੀ ਨਾਲ ਹੋਈ।