ਪੰਜਾਬ
ਜਾਅਲੀ ਸਰਟੀਫੀਕੇਟਾਂ ਦੀ ਅਧੂਰੀ ਜਾਂਚ ਇੱਕ ਜਾਅਲਸਾਜ਼ੀ ਹੈ : ਹਰਨੇਕ ਸਿੰਘ ਮਾਵੀ
ਮੋਹਾਲੀ 28 ਜੁਲਾਈ 2023
ਜਾਅਲੀ ਡਿਗਰੀਆਂ ਵਿੱਚੋਂ ਕੇਵਲ ਇੱਕ ਮਾਮਲਾ, ਕੇਵਲ ਇੱਕ ਦੋਸ਼ੀ ਦੀ ਗ੍ਰਿਫਤਾਰੀ ਉਹ ਵੀ ਸ਼ਿਕਾਇਤਕਰਤਾ ਵੱਲੋਂ ਪੰਜਾਬ ਤੇ ਹਰਿਆਣਾ ਹਾਈਕੋਰਟ ਦੀ ਦਖਲਅੰਦਾਜ਼ੀ ਉਪਰੰਤ ਤੋਂ ਸਪੱਸ਼ਟ ਹੈ ਕਿ ਜਾਅਲਸਾਜ਼ੀ ਵਿਰੁੱਧ ਸਰਕਾਰ ਵੱਲੋਂ ਕਰਵਾਈ ਜਾ ਰਹੀ ਜਾਂਚ ਪੜਤਾਲ ਖੁਦ ਅਸਲੀ ਜਾਂਚ ਪੜਤਾਲ ਦੀ ਥਾਂ ਜਾਅਲੀ ਜਾਂਚ ਪੜਤਾਲ ਬਣਕੇ ਰਹਿ ਗਈ ਹੈ। ਉਪਰੋਕਤ ਗਹਿਰੀ ਟਿੱਪਣੀ ਜੀ ਟੀ ਯੂ ਅਤੇ ਫੈਡਰੇਸ਼ਨ ਦੇ ਸਾਬਕਾ ਸੂਬਾਈ ਆਗੂਆਂ ਸੁੱਚਾ ਸਿੰਘ ਖੱਟੜਾ ਤੇ ਜੀ ਟੀ ਯੂ ਦੇ ਸਾਬਕਾ ਸੂਬਾਈ ਪ੍ਰੈਸ ਸਕੱਤਰ ਹਰਨੇਕ ਸਿੰਘ ਮਾਵੀ ਨੇ ਪ੍ਰੈਸ ਦੇ ਨਾਂ ਸਾਂਝੇ ਬਿਆਨ ਵਿੱਚ ਕੀਤੀ। ਬਿਆਨ ਵਿੱਚ ਅੱਗੇ ਕਿਹਾ ਗਿਆ ਹੈ ਕਿ ਜਾਅਲੀ ਯੋਗਤਾਵਾਂ ਅਤੇ ਤਜਰਬਾ ਸਰਟੀਫੀਕੇਟਾਂ ਪਿੱਛੇ ਅੰਤਰ- ਵਿਭਾਗੀ ਅਤੇ ਅੰਤਰਰਾਜੀ ਸੰਗਠਿਤ ਗਰੋਹ ਕੰਮ ਕਰਦੇ ਹਨ। ਆਗੂਆਂ ਨੇ ਪ੍ਰਿੰਸੀਪਲ ਪਰਮਜੀਤ ਕੌਰ ਦੀ ਗ੍ਰਿਫਤਾਰੀ ਉਤੇ ਟਿੱਪਣੀ ਕਰਦਿਆਂ ਕਿਹਾ ਕਿ ਜਦੋਂ ਤੱਕ ਡਿਗਰੀਆਂ ਪ੍ਰਾਪਤ ਕਰਕੇ ਇੱਧਰ ਵੇਚਣ ਵਾਲੇ ਵੀ ਨੱਪੇ ਨਹੀਂ ਜਾਂਦੇ, ਪ੍ਰਿੰਸੀਪਲ ਦੇ ਸਾਫ ਬਰੀ ਹੋਣ ਦਾ ਸਕੋਪ ਹੈ।
ਆਗੂਆਂ ਮੰਗ ਕੀਤੀ ਕਿ ਟੈਕਨੀਕਲ ਯੂਨੀਵਰਸਿਟੀਆਂ ਤੋਂ ਵੀ ਜਾਅਲੀ ਡਿਮਲੋਮੇ ਡਿਗਰੀਆਂ ਆਈਆਂ ਅਤੇ ਨਿਯੁਕਤੀਆਂ ਤੱਕ ਜਾਂਚ ਵਧਾਉਣੀ ਚਾਹੀਦੀ ਹੈ। ਆਗੂਆਂ ਨੇ ਕਿਹਾ ਕਿ ਸੈਕੜਿਆਂ ਦੀ ਗਿਣਤੀ ਵਿੱਚ ਜਾਅਲੀ ਪ੍ਰਾਈਵੇਟ ਸਕੂਲ ਪੈਡ ਅਤੇ ਮੋਹਰਾਂ ਬਣਵਾ ਕੇ ਪ੍ਰਿੰਸੀਪਲ, ਹੈਡਮਾਸਟਰ ਅਤੇ ਲੈਕਚਰਾਰਾਂ ਦੇ ਤਜਰਬਾ ਸਰਟੀਫਿਕੇਟ ਲਗਾ ਕੇ ਮੈਰਿਟਾਂ ਬਣਾਕੇ ਨੌਕਰੀਆਂ ਲੈ ਗਏ। ਮੌਜੂਦਾ ਸਰਕਾਰ ਦੇ ਪੰਜ ਸਾਲ ਤੋਂ ਪਹਿਲਾਂ ਹੀ ਇਸ ਫਰਜੀਬਾੜੇ ਦੀਆਂ ਪੜਤਾਲਾਂ ਦਾ ਲੇਖਾ ਜੋਖਾ ਹੋਣਾ ਸ਼ੁਰੂ ਹੋ ਜਾਵੇਗਾ। ਸਰਕਾਰ ਨੂੰ ਉਸ ਕਿਆਮਤ ਤੋਂ ਡਰਦੇ ਮੁਕੰਮਲ ਗੰਭੀਰਤਾ ਵਿਖਾਉਣੀ ਪਵੇਗੀ।