ਜੁਆਇੰਟ ਐਕਸ਼ਨ ਕਮੇਟੀ ਦਾ ਆਈ.ਏ.ਐਸ ਅਤੇ ਪੀ.ਸੀ.ਐਸ ਅਧਿਕਾਰੀਆਂ ਦੀ ਹੜਤਾਲ ਸਬੰਧੀ ਸਟੈਂਡ
ਚੰਡੀਗੜ੍ਹ ( ) 11 ਜਨਵਰੀ 2023- ਜੁਆਂਇੰਟ ਐਕਸ਼ਨ ਕਮੇਟੀ,ਪੰਜਾਬ ਸਿਵਲ ਸਕੱਤਰੇਤ ਨੇ ਇਕ ਹੰਗਾਮੀ ਮੀਟਿੰਗ ਕਰ ਕੇ ਆਈ.ਏ.ਐਸ ਅਤੇ ਪੀ.ਸੀ.ਐਸ ਅਧਿਕਾਰੀਆਂ ਦੀ ਹੜਤਾਲ ਬਾਰੇ ਮੀਟਿੰਗ ਕਰਕੇ ਇਹ ਮੁੱਦਾ ਡਿਸਕਸ ਕੀਤਾ ਗਿਆ। ਕਮੇਟੀ ਦੇ ਬੁਲਾਰਿਆਂ ਨੇ ਕਿਹਾ ਕਿ ਵਿਜੀਲੈਂਸ ਵਿਭਾਗ ਵੱਲੋਂ ਪੰਜਾਬ ਸਰਕਾਰ ਦੇ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਅਤੇ ਯੋਗ ਪ੍ਰਣਾਲੀ ਅਖਤਿਆਰ ਕੀਤੇ ਬਿਨ੍ਹਾਂ ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਤੇ ਧੜਾ-ਧੜ ਐਫ.ਆਈ.ਆਰ ਕੀਤੀਆਂ ਜਾ ਰਹੀਆਂ ਹਨ, ਜੋ ਕਿ ਸਿਧਾਂਤਕ ਅਤੇ ਤਕਨੀਕੀ ਰੂਪ ਵਿੱਚ ਗਲਤ ਹਨ। ਜਿਸ ਦਾ ਜੁਆਇੰਟ ਐਕਸ਼ਨ ਕਮੇਟੀ ਸਖਤ ਵਿਰੋਧ ਕਰਦੀ ਹੈ।
ਸਕੱਤਰੇਤ ਦੇ ਆਗੂਆਂ ਨੇ ਕਿਹਾ ਹੈ ਕਿ ਸਕੱਤਰੇਤ ਦੀਆਂ ਜਥੇਬੰਦੀਆਂ ਭ੍ਰਿਸ਼ਟਾਚਾਰ ਦੇ ਪੂਰਨ ਵਿਰੋਧ ਵਿਚ ਹਨ ਪ੍ਰੰਤੂ ਇਸ ਦਾ ਇਹ ਅਰਥ ਨਹੀਂ ਕਿ ਕਾਨੂੰਨ ਨੂੰ ਛਿੱਕੇ ਟੰਗ ਕੇ ਅਤੇ ਬਿਨਾ ਕਾਨੂੰਨੀ ਵਿਧੀ ਅਪਣਾਏ ਜਿਸ ਤੇ ਚਾਹੇ ਕਾਰਵਾਈ ਕੀਤੀ ਜਾਵੇ। ਉਹਨਾਂ ਇਹ ਵੀ ਕਿਹਾ ਇਸ ਸਬੰਧੀ ਕਰਮਚਾਰੀ ਐਸੋਸੀਏਸ਼ਨਾਂ ਵੱਲੋਂ ਉੱਚ ਅਧਿਕਾਰੀਆਂ ਅਤੇ ਸਰਕਾਰ ਦੇ ਨੁਮਾਇੰਦਿਆਂ ਨੂੰ ਬਹੁਤ ਵਾਰ ਲਿਖਿਆ ਗਿਆ ਹੈ ਕਿ ਕਾਨੂੰਨ ਅਨੁਸਾਰ ਭ੍ਰਿਸ਼ਟਾਚਾਰ ਵਿਰੁੱਧ ਬਣਦੀਆਂ ਪ੍ਰਵਾਨਗੀਆਂ ਪ੍ਰਾਪਤ ਕਰ ਕੇ ਹੀ ਐਕਸ਼ਨ ਕੀਤੇ ਜਾਣ ਪ੍ਰੰਤੂ ਕਿਸੇ ਵੀ ਅਧਿਕਾਰੀ ਅਤੇ ਸਰਕਾਰੀ ਨੁਮਾਇੰਦਿਆਂ ਨੇ ਐਸੋਸ਼ੀਏਸ਼ਨ ਦੀ ਇਸ ਮੰਗ ਦਾ ਗੰਭੀਰ ਨੋਟਿਸ ਨਹੀਂ ਲਿਆ।
ਹੁਣ ਜਦੋਂ ਅਧਿਕਾਰੀਆਂ ਦੇ ਸਿਰ ਤੇ ਪਈ ਹੈ ਤਾਂ ਇਸ ਬਾਰੇ ਜੁਆਂਇਟ ਐਕਸ਼ਨ ਕਮੇਟੀ ਦਾ ਮੰਨਣਾ ਹੈ ਕਿ ਭ੍ਰਿਸ਼ਟਾਚਾਰ ਦੇ ਕਿਸੇ ਵੀ ਕੇਸ ਵਿਚ ਨਿਯਮਾਂ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾਣਾ ਚਾਹੀਦਾ ਜੇਕਰ ਸਰਕਾਰ ਵਲੋਂ ਕਾਨੂੰਨ ਨੂੰ ਅਣਦੇਖਿਆ ਕਰਦੇ ਹੋਏ ਯੋਗ ਪ੍ਰਣਾਲੀ ਅਖਤਿਆਰ ਕੀਤੇ ਬਿਨ੍ਹਾਂ ਕੋਈ ਵੀ ਕਾਰਵਾਈ ਕੀਤੀ ਜਾਂਦੀ ਹੈ ਤਾਂ ਜੁਆਇੰਟ ਐਕਸ਼ਨ ਕਮੇਟੀ ਇਸ ਦਾ ਪੂਰਨ ਤੌਰ ਤੇ ਵਿਰੋਧ ਕਰਦੀ ਹੈ ਅਤੇ ਸਰਕਾਰ ਨੂੰ ਅਪੀਲ ਕਰਦੀ ਹੈ ਕਿ ਸਬੰਧਤਾਂ ਨੂੰ ਸਰਕਾਰ ਦੇ ਨਿਯਮਾਂ ਅਨੁਸਾਰ ਕੰਮ ਕਰਨ ਲਈ ਪੱਤਰ ਜਾਰੀ ਕਰੇ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਨਿਯਮ ਅਨੁਸਾਰ ਬਣਦੀ ਕਾਰਵਾਈ ਆਰੰਭੀ ਜਾਵੇ।
ਜੁਆਇੰਟ ਐਕਸ਼ਨ ਕਮੇਟੀ ਵਲੋਂ ਇਹ ਵੀ ਕਿਹਾ ਕਿ ਕਮੇਟੀ ਭ੍ਰਿਸ਼ਟਾਚਾਰ ਦੇ ਵਿਰੁੱਧ ਸਰਕਾਰ ਦੇ ਨਾਲ ਹੈ। ਇਸ ਮੀਟਿੰਗ ਵਿਚ ਸੁਸ਼ੀਲ ਕੁਮਾਰ, ਸਾਹਿਲ ਸ਼ਰਮਾ, ਜਸਵੀਰ ਕੋਰ, ਇੰਦਰਪਾਲ ਸਿੰਘ ਭੰਗੂ, ਬਲਰਾਜ ਸਿੰਘ ਦਾਊਂ, ਕੇਸਰ ਸਿੰਘ, ਕੁਲਵੰਤ ਸਿੰਘ, ਮਿਥੁਨ ਚਾਵਲਾ, ਗੁਰਵੀਰ ਸਿੰਘ, ਮਨਦੀਪ ਸਿੰਘ, ਸੰਦੀਪ, ਸੌਰਭ, ਅਲਕਾ ਚੌਪੜਾ, ਸੁਦੇਸ਼ ਕੁਮਾਰੀ, ਜਸਵੀਰ ਕੌਰ, ਮਨਜੀਤ ਰੰਧਾਵਾ ਆਦਿ ਸ਼ਾਮਲ ਹੋਏ।