ਪੰਜਾਬ

ਲੁਧਿਆਣਾ ਐਨਕਾਊਂਟਰ ਦੌਰਾਨ ਮਾਰੇ ਗਏ ਗੈਂਗਸਟਰਾਂ ਦੇ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ  ਵਿਸ਼ੇਸ਼ ਜਾਂਚ ਟੀਮ ਦਾ ਗਠਨ

ਲੁਧਿਆਣਾ ਕਮਿਸ਼ਨਰੇਟ ਪੁਲਿਸ ਨੇ ਫੈਕਟਰੀ ਮਾਲਕ ਤੋਂ ਖੋਹੀ ਗਈ ਕੀਆ ਸੈਲਟੋਸ ਕਾਰ ਵੀ ਕੀਤੀ ਬਰਾਮਦ: ਅਰਪਿਤ ਸ਼ੁਕਲਾ

ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨੇ ਸੂਬੇ ‘ਚੋਂ ਗੈਂਗਸਟਰਾਂ, ਸਮਾਜ ਵਿਰੋਧੀ ਅਨਸਰਾਂ ਅਤੇ ਨਸ਼ਾ ਤਸਕਰਾਂ ਦੇ ਸਫ਼ਾਏ ਲਈ ਪੰਜਾਬ ਪੁਲਿਸ ਦੀ ਵਚਨਬੱਧਤਾ ਦੁਹਰਾਈ
ਪੰਜਾਬ ਪੁਲਿਸ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਚਨਬੱਧ

 

– ਮਾਰੇ ਗਏ ਦੋਵੇਂ ਗੈਂਗਸਟਰਾਂ ਦਾ ਪੁਰਾਣਾ ਅਪਰਾਧਕ ਰਿਕਾਰਡ: ਸੀ.ਪੀ. ਲੁਧਿਆਣਾ
ਚੰਡੀਗੜ੍ਹ, 30 ਨਵੰਬਰ:

 

ਸਪੈਸ਼ਲ ਡਾਇਰੈਕਟਰ ਜਨਰਲ ਆਫ਼ ਪੁਲਿਸ, ਕਾਨੂੰਨ ਤੇ ਵਿਵਸਥਾ ਅਰਪਿਤ ਸ਼ੁਕਲਾ ਨੇ ਅੱਜ ਇੱਥੇ ਦੱਸਿਆ ਕਿ ਪਿਛਲੇ ਦਿਨੀਂ ਲੁਧਿਆਣਾ ਵਿੱਚ ਪੁਲਿਸ ਮੁਕਾਬਲੇ ਦੌਰਾਨ ਮਾਰੇ ਗਏ ਦੋਵੇਂ ਗੈਂਗਸਟਰਾਂ ਦੇ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਲਈ ਡਿਪਟੀ ਕਮਿਸ਼ਨਰ ਆਫ਼ ਪੁਲਿਸ (ਦਿਹਾਤੀ) ਜਸਕਿਰਨਜੀਤ ਸਿੰਘ ਤੇਜਾ ਦੀ ਅਗਵਾਈ ਵਿੱਚ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਦਾ ਗਠਨ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਏਡੀਸੀਪੀ ਇਨਵੈਸਟੀਗੇਸ਼ਨ ਰੁਪਿੰਦਰ ਕੌਰ ਸਰਾਂ, ਏਡੀਸੀਪੀ-2 ਸੋਹੇਲ ਮੀਰ ਅਤੇ ਐਸਐਚਓ ਡੇਹਲੋਂ ਇਸ ਐਸ.ਆਈ.ਟੀ. ਦੇ ਮੈਂਬਰ ਹਨ।
ਸਪੈਸ਼ਲ ਡੀਜੀਪੀ, ਜਿਨ੍ਹਾਂ ਨਾਲ ਪੁਲਿਸ ਕਮਿਸ਼ਨਰ ਲੁਧਿਆਣਾ ਕੁਲਦੀਪ ਸਿੰਘ ਚਾਹਲ ਵੀ ਮੌਜੂਦ ਸਨ, ਇੱਥੇ ਪੰਜਾਬ ਪੁਲਿਸ ਹੈੱਡਕੁਆਰਟਰ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ।
ਜਾਣਕਾਰੀ ਮੁਤਾਬਕ ਦੋਵੇਂ ਗੈਂਗਸਟਰਾਂ ਦੀ ਪਛਾਣ ਸੰਜੀਵ ਕੁਮਾਰ ਉਰਫ਼ ਸੰਜੂ ਬਾਹਮਣ (26) ਅਤੇ ਸ਼ੁਭਮ ਉਰਫ਼ ਗੋਪੀ (26) ਵਜੋਂ ਹੋਈ ਹੈ। ਇਹ ਦੋਵੇਂ ਗੈਂਗਸਟਰ ਲੁਧਿਆਣਾ ਦੇ ਇੱਕ ਸਨਅਤਕਾਰ ‘ਤੇ ਗੋਲੀਆਂ ਚਲਾਉਣ ਅਤੇ ਲੁੱਟ-ਖੋਹ ਦੇ ਮਾਮਲੇ ਵਿੱਚ ਲੋੜੀਂਦੇ ਸਨ, ਜਿਨ੍ਹਾਂ ਨੂੰ ਲੁਧਿਆਣਾ ਦੇ ਦੋਰਾਹਾ ਸਥਿਤ ਟਿੱਬਾ ਪੁਲ ਨੇੜੇ ਬੁੱਧਵਾਰ ਸ਼ਾਮ ਨੂੰ ਹੋਏ ਮੁਕਾਬਲੇ ਦੌਰਾਨ ਪੁਲਿਸ ਨੇ ਮਾਰ ਮੁਕਾਇਆ। ਇਨ੍ਹਾਂ ਗੈਂਗਸਟਰਾਂ ਦੇ ਪੰਜ ਸਾਥੀ 26 ਨਵੰਬਰ ਨੂੰ ਲੁਧਿਆਣਾ ਪੁਲਿਸ ਨੇ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਏ ਸਨ।

 

ਮੁਕਾਬਲੇ ਦੌਰਾਨ ਹੋਈ ਦੋ-ਤਰਫ਼ਾ ਗੋਲੀਬਾਰੀ ਦੌਰਾਨ ਏ.ਐਸ.ਆਈ. ਸੁਖਦੀਪ ਸਿੰਘ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਏ ਸਨ। ਇਸ ਸਬੰਧੀ ਪੁਲਿਸ ਨੇ ਥਾਣਾ ਸਾਹਨੇਵਾਲ ਵਿਖੇ ਇੰਸਪੈਕਟਰ ਕੁਲਵੰਤ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਆਈਪੀਸੀ ਦੀ ਧਾਰਾ 307, 332, 353 ਅਤੇ 186 ਅਤੇ ਅਸਲਾ ਐਕਟ ਦੀ ਧਾਰਾ 25 ਅਤੇ 27 ਤਹਿਤ ਐਫਆਈਆਰ ਨੰਬਰ 285 ਦਰਜ ਕੀਤੀ ਹੈ।

 

ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਮਾਰੇ ਗਏ ਦੋਵੇਂ ਗੈਂਗਸਟਰ ਦਾ ਪੁਰਾਣਾ ਅਪਰਾਧਕ ਰਿਕਾਰਡ ਹੈ, ਜੋ ਪੰਜਾਬ ਪੁਲਿਸ ਨੂੰ ਅਸਲਾ ਐਕਟ, ਚੋਰੀ/ਡਕੈਤੀ ਅਤੇ ਐਨਡੀਪੀਐਸ ਐਕਟ ਨਾਲ ਸਬੰਧਤ ਕਈ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦੇ ਸਨ। ਉਨ੍ਹਾਂ ਦੱਸਿਆ ਕਿ ਫੜੇ ਗਏ ਵਿਅਕਤੀਆਂ ਕੋਲੋਂ ਲੁਧਿਆਣਾ ਪੁਲਿਸ ਨੇ ਕੀਆ ਸੈਲਟੋਸ ਕਾਰ ਵੀ ਬਰਾਮਦ ਕਰ ਲਈ ਹੈ, ਜੋ ਉਕਤ ਵਿਅਕਤੀਆਂ ਨੇ ਫੈਕਟਰੀ ਮਾਲਕ ਤੋਂ ਖੋਹੀ ਸੀ।

 

ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਸਪੈਸ਼ਲ ਡੀ.ਜੀ.ਪੀ. ਨੇ ਕਿਹਾ ਕਿ ਪੰਜਾਬ ਪੁਲਿਸ ਸੂਬੇ ‘ਚੋਂ ਗੈਂਗਸਟਰਾਂ, ਸਮਾਜ ਵਿਰੋਧੀ ਅਨਸਰਾਂ ਅਤੇ ਨਸ਼ਾ ਤਸਕਰਾਂ ਦੇ ਖਾਤਮੇ ਲਈ ਸੁਹਿਰਦ ਯਤਨ ਕਰ ਰਹੀ ਹੈ ਅਤੇ ਕਿਸੇ ਨੂੰ ਵੀ ਸੂਬੇ ਦੀ ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!