*ਬੇਅਦਬੀ ਦੇ ਦੋਸ਼ੀਆਂ ਲਈ ਉਮਰ ਕੈਦ ਯਕੀਨੀ ਨਾ ਬਣਾਉਣ ਨਾਲ ਆਪ ਸਰਕਾਰ ਬੇਨਕਾਬ ਹੋਈ : ਮਨਜਿੰਦਰ ਸਿੰਘ ਸਿਰਸਾ*
ਹੈਰਾਨੀ ਪ੍ਰਗਟ ਕੀਤੀ ਕਿ ਬੇਅਦਬੀ ਦੇ ਦੋਸ਼ੀਆਂ ਨੁੰ 3 ਸਾਲ ਦੀ ਕੈਦ ਮਿਲਣ ‘ਤੇ ਆਪ ਆਗੂ ਆਪਣੀ ਪਿੱਠ ਥਾਪੜ ਰਹੇ ਹਨ ਜਦੋਂ ਕਿ ਕਾਲੇ ਹਿਰਨ ਨੁੰ ਮਾਰਨ ਦੀ ਸਜ਼ਾ 5 ਸਾਲ ਹੋਈ
ਚੰਡੀਗੜ੍ਹ, 7 ਜੁਲਾਈ : ਭਾਜਪਾ ਦੇ ਸਿੱਖ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਸ੍ਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਬੇਅਦਬੀ ਦੇ ਦੋਸ਼ੀਆਂ ਲਈ ਉਮਰ ਕੈਦ ਦੀ ਸਜ਼ਾ ਯਕੀਨੀ ਨਾ ਬਣਾਉਣ ਦੀ ਜ਼ੋਰਦਾਰ ਨਿਖੇਧੀ ਕੀਤੀ ਅਤੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦੇ ਮਾਮਲੇ ਵਿਚ ਆਪ ਆਗੂ ਨਿਗੂਣੀ ਸਜ਼ਾ ਮਿਲਣ ‘ਤੇ ਆਪਣੀ ਪਿੱਠ ਥਾਪੜ ਰਹੇ ਹਨ ਜਦੋਂ ਕਿ ਕਾਲਾ ਹਿਰਨ ਮਾਰਨ ਲਈ 5 ਸਾਲ ਦੀ ਸਜ਼ਾ ਹੁੰਦੀ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਉਹ ਹੈਰਾਨ ਕਿ ਆਪ ਦੇ ਐਮ ਪੀ ਰਾਘਵ ਚੱਢਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ 3 ਸਾਲ ਦੀ ਸਜ਼ਾ ਮਿਲਣ ‘ਤੇ ਆਪਣੀ ਪਿੱਠ ਥਾਪੜ ਰਹੇ ਹਨ। ਉਹਨਾਂ ਕਿਹਾ ਕਿ ਕਾਲੇ ਹਿਰਨ ਨੁੰ ਮਾਰਨ ਦੇ ਮਾਮਲੇ ਵਿਚ 5 ਸਾਲ ਦੀ ਸਜ਼ਾ ਹੋਈ ਹੈ। ਉਹਨਾਂ ਕਿਹਾ ਕਿ ਇਸ ਫੈਸਲੇ ਨੇ ਆਪ ਦੀ ਪੰਜਾਬ ਸਰਕਾਰ ਦਾ ਅਸਲ ਚੇਹਰਾ ਬੇਨਕਾਬ ਕਰ ਦਿੱਤਾ ਹੈ ਕਿ ਇਹ ਸਰਕਾਰ ਬੇਅਦਬੀ ਮਾਮਲਿਆਂ ਵਿਚ ਸ਼ਾਮਲ ਬਾਬਿਆਂ ਦੇ ਸ਼ਰਧਾਲੂਆਂ ਨੁੰ ਬਚਾਉਣ ਲਈ ਕੰਮ ਕਰ ਰਹੀ ਹੈ ਜੋ ਕਿ ਬਹੁਤ ਸ਼ਰਮਨਾਕ ਹੈ।
ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਚੇਤੇ ਕਰਵਾਇਆ ਕਿ ਪੰਜਾਬ ਵਿਧਾਨ ਸਭਾ ਪਹਿਲਾਂ ਹੀ ਇੰਡੀਅਨ ਪੀਨਲ ਕੋਡ ਅਤੇ ਕੋਡ ਆਫ ਕ੍ਰੀਮੀਨਲ ਪ੍ਰੋਸੀਜ਼ਰ ਵਿਚ ਸੋਧ ਕਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਸਜ਼ਾ ਉਮਰ ਕਰ ਚੁੱਕੀ ਹੈ। ਉਹਨਾਂ ਕਿਹਾ ਕਿ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਆਪ ਸਰਕਾਰ ਨੇ ਉਮਰ ਕੈਦ ਦੀ ਸਜ਼ਾ ਲਈ ਅਦਾਲਤ ਵਿਚ ਦਲੀਲਾਂ ਨਹੀਂ ਦਿੱਤੀ ਤੇ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਿਰਫ 3 ਸਾਲ ਦੀ ਕੈਦ ਹੋਣ ‘ਤੇ ਖੁਸ਼ੀਆਂ ਮਨਾ ਰਹੀ ਹੈ।
ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਆਪ ਸਰਕਾਰ ਬੇਅਦਬੀ ਦੇ ਦੋਸ਼ੀਆਂ ਨਾਲ ਰਲੀ ਹੋਈ ਹੈ। ਉਹਨਾਂ ਕਿਹਾ ਕਿ ਇਹ ਹਰ ਕੋਈ ਜਾਣਦਾ ਹੈ ਕਿ ਸਿੱਖ ਜਥੇਬੰਦੀਆਂ ਇਹਨਾਂ ਕੇਸਾਂ ਦੀ ਲੜਾਈ ਬੜੀ ਸ਼ਿੱਦਤ ਤੇ ਰੋਹ ਨਾਲ ਲੜ ਰਹੀਆਂ ਸਨ ਪਰ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿਚ ਸ੍ਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਵਤੀਰੇ ਤੋਂ ਹੈਰਾਨ ਹਨ।