ਪੰਜਾਬ

ਵਣ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਵੱਲੋਂ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਚੱਲ ਰਹੇ ਪ੍ਰੋਜੈਕਟਾਂ ਦੀ ਕੀਤੀ ਸਮੀਖਿਆ

ਵਣ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਵੱਲੋਂ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਚੱਲ ਰਹੇ ਪ੍ਰੋਜੈਕਟਾਂ ਦੀ ਕੀਤੀ ਸਮੀਖਿਆ
ਪੰਜਾਬ ਰਾਜ ਵਿੱਚ ਵਣਾਂ ਅਤੇ ਰੁੱਖਾਂ ਹੇਠ ਧਰਤੀ ਦਾ ਰਕਬਾ ਸਾਲ 2030 ਤੱਕ ਰਾਜ ਦੇ ਕੁੱਲ ਰਕਬੇ ਦਾ 7.5% ਕਰਨ ਦਾ ਟੀਚਾ :ਲਾਲ ਚੰਦ ਕਟਾਰੂਚੱਕ
 ਚੰਡੀਗਡ਼੍ਹ/ ਐਸ ਏ ਐਸ ਨਗਰ,  28 ਮਾਰਚ :  
 ਸ੍ਰੀਮਾਨ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ, ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਵੱਲੋਂ ਵਣ ਭਵਨ ਮੋਹਾਲੀ ਵਿਖੇ ਵਣ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ ਵਿਭਾਗ ਦੇ ਕੰਮਾਂਕਾਰਾਂ ਦਾ ਰੀਵਿਊ ਕੀਤਾ ਗਿਆ।
ਮੀਟਿੰਗ ਉਪਰੰਤ ਪੱਤਰਕਾਰ ਮਿਲਣੀ ਨੂੰ ਸੰਬੋਧਨ ਕਰਦਿਆਂ  ਵਣ ਮੰਤਰੀ ਵੱਲੋਂ ਦੱਸਿਆ ਗਿਆ ਕਿ ਪੰਜਾਬ ਰਾਜ ਵਿੱਚ ਵਣਾਂ ਅਤੇ ਰੁੱਖਾਂ ਹੇਠ ਧਰਤੀ ਦਾ ਰਕਬਾ ਸਾਲ 2030 ਤੱਕ ਰਾਜ ਦੇ ਕੁੱਲ ਰਕਬੇ ਦਾ 7.5 ਫ਼ੀਸਦੀ ਕਰਨ ਦਾ ਟੀਚਾ ਰੱਖਿਆ ਗਿਆ ਹੈ। ਇਸ ਟੀਚੇ ਨੂੰ ਪੂਰਾ ਕਰਨ ਲਈ ਅਤੇ ਪੰਜਾਬ ਨੂੰ ਹਰਾ-ਭਰਾ ਸੂਬਾ ਬਣਾਉਣ ਲਈ ਸਾਲ 2022-23 ਦੌਰਾਨ ਵਣ ਵਿਭਾਗ ਵੱਲੋਂ ਲੱਗਭੱਗ 1.15 ਕਰੋੜ ਬੂਟੇ ਲਗਾਏ ਜਾਣਗੇ। ਜਿਸ ਵਿੱਚੋਂ ਲੱਗਭੱਗ 60 ਲੱਖ ਬੂਟੇ ਲੋੜ ਅਨੁਸਾਰ ਵਣ ਭੂਮੀ ਤੇ ਅਤੇ ਲੱਗਭੱਗ 55 ਲੱਖ ਬੂਟੇ ਕਿਸਾਨਾਂ ਅਤੇ ਲੋਕਾਂ ਵੱਲੋਂ ਲਗਾਏ ਜਾਣਗੇ ਅਤੇ ਲੋਕਾਂ ਲਈ ਪਰਿਆਵਰਨ ਅਤੇ ਵਣ ਜਾਗਰੂਕ ਪਾਰਕ, ਨਾਨਕ ਬਗੀਚੀਆਂ, ਪਵਿੱਤਰ ਵਣ (oxy park) ਛੱਤਬੀੜ ਚਿੜੀਆ ਘਰ ਵਿਖੇ ਬਟਰ ਫਲਾਈ ਪਾਰਕ ਤਿਆਰ ਕੀਤਾ ਜਾਵੇਗਾ, ਪਟਿਆਲਾ ਵਿਖੇ ਵੈਟਨਰੀ ਹਸਪਤਾਲ ਦਾ ਨਿਰਮਾਣ ਕੀਤਾ ਜਾਵੇਗਾ ਅਤੇ ਰਾਜ ਦੇ ਮੁੱਖ ਹਾਈਵੇਜ਼ ਨੂੰ ਟਾਲ ਪਲਾਂਟਸ ਲਗਾ ਕੇ ਹਰਿਆਲੀ ਵਿੱਚ ਵਾਧਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਵਣ ਵਿਕਾਸ ਨਿਗਮ ਰਾਹੀਂ ਚਾਹਵਾਨ ਪੰਚਾਇਤਾਂ ਦੀ ਪੰਚਾਇਤੀ ਜ਼ਮੀਨਾਂ ਦੀ ਖਰੀਦ ਕੀਤੀ ਜਾਵੇਗੀ ਅਤੇ ਪੰਚਾਇਤੀ ਰਕਬੇ ਵਿੱਚ ਲੱਗੇ ਖੈਰ ਦੇ ਰੁੱਖਾਂ ਨੂੰ ਵਣ ਨਿਗਮ ਰਾਹੀਂ ਕਰਵਾਉਣ ਦੀ ਵੀ ਯੋਜਨਾਂ ਬਣਾਈ ਗਈ ਹੈ। ਇਸ ਤੋਂ ਇਲਾਵਾ ਲੱਕੜ ਦੀ ਕੁਆਲਟੀ ਵਧਾਉਣ ਲਈ ਲੱਕੜ ਦੀ ਸੀਜ਼ਨਿੰਗ ਸਬੰਧੀ ਨਵਾਂ ਪ੍ਰੋਜੈਕਟ ਲਗਾਇਆ ਜਾਵੇਗਾ।
ਇਸ ਤੋਂ ਪਹਿਲਾਂ ਵਿਭਾਗ ਦੇ ਅਧਿਕਾਰੀਆਂ ਨਾਲ ਹੋਈ ਮੀਟਿੰਗ ਦੌਰਾਨ ਵਣ ਮੰਤਰੀ ਵੱਲੋਂ ਸਮੂੰਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਉਹ ਆਮ ਲੋਕਾਂ ਦੀਆਂ ਸਮੱਸਿਆਵਾਂ ਸਬੰਧੀ ਨਿੱਜੀ ਤੌਰ ਤੇ ਧਿਆਨ ਦੇਣ। ਫੀਲਡ ਅਧਿਕਾਰੀ ਵੱਧ ਤੋਂ ਵੱਧ ਫੀਲਡ ਵਿੱਚ ਰਹਿ ਕੇ ਆਪਣਾ ਸਮਾਂ ਲੋਕਾਂ ਦੇ ਕੰਮਾਂ ਲਈ ਕੱਢਣ ਅਤੇ ਉਨਾਂ ਨੂੰ ਪਹਿਲ ਦੇ ਅਧਾਰ ਤੇ ਸਮਾਂ ਦੇਣ। ਇਸ ਮੰਤਵ ਲਈ ਉਨਾਂ ਵੱਲੋਂ ਲੋਕਾਂ ਦੀ ਸਹੂਲਤ ਲਈ ਟੋਲ ਫਰੀ ਹੈਲਪਡੈਸਕ ਨੰ: 1800 180 2323 ਅਤੇ ਕੰਢੀ ਖੇਤਰ ਦੇ ਮਾਲਕਾਂ ਨੂੰ ਪਰਮਿੱਟ ਦੇਣ ਦੀ ਪਰਕਿਰਿਆ ਵਿੱਚ ਪਾਰਦਰਸ਼ਤਾ ਦੀ ਸਹੂਲਤ ਵਧਾਉਣ ਲਈ ਇੱਕ ਆਨ-ਲਾਈਨ ਪੋਰਟਲ ਵੀ ਲਾਂਚ ਕੀਤਾ ਗਿਆ ਹੈ। ਇਸ ਤੋਂ ਇਲਾਵਾ ਰਾਜ ਵਿੱਚ ਵਣ ਭੂਮੀ ਤੋਂ ਨਜਾਇਜ਼ ਕਬਜੇ ਹਟਾਉਣ ਲਈ ਇੱਕ ਕਾਰਜ ਵਿਧੀ ਤਿਆਰ ਕੀਤੀ ਜਾਵੇਗੀ ਤਾਂ ਜੋ ਵਣ ਭੂਮੀ ਤੋਂ ਨਾਜਾਇਜ਼ ਕਬਜ਼ਿਆਂ ਨੂੰ ਹਟਾਇਆ ਜਾ ਸਕੇ। ਵਣ ਮੰਤਰੀ ਵੱਲੋਂ ਰਾਜ ਵਿੱਚ ਐਗਰੋ-ਫਾਰੈਸਟਰੀ ਨੂੰ ਹੁੰਗਾਰਾ ਦੇਣ ਲਈ ਅਤੇ ਕਿਸਾਨਾਂ ਨੂੰ ਉਨਾਂ ਵੱਲੋਂ ਲਗਾਏ ਗਏ ਰੁੱਖਾਂ ਦੀ ਉਚਿਤ ਕੀਮਤ ਦੇਣ ਲਈ ਇੱਕ ਲੱਕੜ ਮੰਡੀ ਸ਼ੁਰੂ ਕਰਨ ਦੀ ਪਹਿਲ ਕਰਨ ਲਈ ਨਿਰਦੇਸ਼ ਦਿੱਤੇ ਗਏ।
ਸ੍ਰੀਮਤੀ ਸੀਮਾ ਜੈਨ ,ਵਧੀਕ ਮੁੱਖ ਸਕੱਤਰ (ਵਣ) ਵੱਲੋਂ ਦੱਸਿਆ ਗਿਆ ਕਿ ਵਣ ਵਿਭਾਗ ਦੇ ਜੰਗਲਾਂ ਦੀਆਂ ਹੱਦਾਂ ਦੇ ਡਿਜੀਟਾਈਜੇਸ਼ਨ ਦਾ ਕੰਮ ਜੰਗੀ ਪੱਧਰ ਤੇ ਸ਼ੁਰੂ ਕੀਤਾ ਜਾਵੇਗਾ ਤਾਂ ਜੋ ਜੰਗਲਾਂ ਵਿੱਚ ਨਜਾਇਜ਼ ਕਬਜੇ ਅਤੇ ਮਾਈਨਿੰਗ ਆਦਿ ਦੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ ਅਤੇ ਵਣ ਮੰਤਰੀ ਜੀ ਨੂੰ ਭਰੋਸਾ ਦਿਵਾਇਆ ਗਿਆ ਕਿ ਵਿਭਾਗ ਵਣਾਂ ਦੀ ਸੁਰੱਖਿਆ ਨੂੰ ਵਿਸ਼ੇਸ਼ ਤਰਜ਼ੀਹ ਦੇਵੇਗਾ।ਇਸ ਮੌਕੇ ਤੇ ਵਣ ਮੰਤਰੀ ਵੱਲੋਂ ਸਰਵੀਲੈਂਸ ਡਰੋਨ ਲਾਂਚ ਕੀਤਾ ਗਿਆ ਅਤੇ ਹਦਾਇਤ ਕੀਤੀ ਗਈ ਕਿ ਵਣ ਅਪਰਾਧ ਜਿਵੇਂ ਕਿ ਰੁੱਖਾਂ ਦੀ ਕਟਾਈ, ਨਜਾਇਜ਼ ਮਾਈਨਿੰਗ ਆਦਿ ਨੂੰ ਠੱਲ ਪਾਉਣ ਲਈ ਡਰੋਨ ਅਤੇ ਆਧੁਨਿਕ ਤਕਨੀਕਾਂ ਦੀ ਵਰਤੋਂ ਕੀਤੀ ਜਾਵੇ। ਉਨਾਂ ਵੱਲੋਂ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਕਿ ਫੀਲਡ ਸਟਾਫ ਵੱਲੋਂ ਡਿਊਟੀ ਦੌਰਾਨ ਵਰਦੀਆਂ ਪਹਿਨਣੀਆਂ ਯਕੀਨੀ ਬਣਾਈਆਂ ਜਾਣ, ਕਿਉਂਕਿ ਰੇਂਜ ਅਫਸਰ ਦੀ ਪੱਧਰ ਤੱਕ ਵਣ ਵਿਭਾਗ ਇੱਕ ਯੂਨੀਫਾਰਮਡ ਵਿਭਾਗ ਹੈ ਅਤੇ ਇਸ ਨਾਲ ਵਣਾਂ ਦੀ ਸੁਰੱਖਿਆ ਹੋਰ ਵੀ ਪ੍ਰਭਾਵੀ ਢੰਗ ਨਾਲ ਕੀਤੀ ਜਾ ਸਕੇਗੀ।
ਵਿਭਾਗ ਦੀਆਂ ਸਮੱਸਿਆਵਾਂ ਦਾ ਰੀਵਿਊ ਕਰਦੇ ਹੋਏ ਵਣ ਮੰਤਰੀ ਵੱਲੋਂ ਵਿਭਾਗ ਵਿੱਚ ਵਣ ਗਾਰਡਾਂ ਅਤੇ ਵਣ ਰੇਂਜ ਅਫਸਰਾਂ ਦੀਆਂ ਵੱਡੀ ਪੱਧਰ ਤੇ ਖਾਲੀ ਅਸਾਮੀਆਂ ਨੂੰ ਭਰਨ ਦਾ ਕੰਮ ਸਰਕਾਰ ਵੱਲੋਂ ਫੌਰੀ ਤੌਰ ਤੇ ਰੀਵਿਊ ਕੀਤਾ ਜਾ ਰਿਹਾ ਹੈ ਅਤੇ ਇਸ ਤੋਂ ਇਲਾਵਾ ਵਿਭਾਗ ਵਿੱਚ 10 ਸਾਲਾਂ ਤੋਂ ਵੱਧ ਲਗਾਤਾਰ ਕੰਮ ਕਰ ਰਹੇ ਲੱਗਭੱਗ 1800-2000 ਦਿਹਾੜੀਦਾਰ ਕਾਮਿਆਂ ਨੂੰ ਵੀ ਪੱਕਾ ਕਰਨ ਲਈ ਜਲਦੀ ਹੀ ਕੈਬਨਿੱਟ ਵਿੱਚ ਵਿਚਾਰਿਆ ਜਾਵੇਗਾ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!