ਹਲਕੇ ਦੇ ਕੰਮਾਂ ਸਬੰਧੀ ਵਿਧਾਇਕਾ ਮਾਣੂੰਕੇ ਵੱਲੋਂ ਮੁੱਖ ਮੰਤਰੀ ਨਾਲ ਮੁਲਾਕਾਤ
ਹਲਕੇ ਦੀ ਬਿਹਤਰੀ ਲਈ ਮੁੱਖ ਮੰਤਰੀ ਸਾਹਬ ਨੇ ਹਾਂ ਪੱਖੀ ਹੁੰਗਾਰਾ ਭਰਿਆ - ਮਾਣੂੰਕੇ
ਵਿਧਾਨ ਸਭਾ ਹਲਕਾ ਜਗਰਾਉਂ ਦੇ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕਰਕੇ ਹਲਕੇ ਦੇ ਵਿਕਾਸ ਕਾਰਜਾਂ ਅਤੇ ਸਮੱਸਿਆਵਾਂ ਸਬੰਧੀ ਵਿਚਾਰ-ਚਰਚਾ ਕੀਤੀ। ਇਸ ਸਬੰਧ ਵਿੱਚ ਵਿਸਥਾਰ ਸਹਿਤ ਜਾਣਕਾਰੀ ਦਿੰਦੇ ਹੋਏ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਦੱਸਿਆ ਕਿ ਮਾਨਯੋਗ ਮੁੱਖ ਮੰਤਰੀ ਸਾਹਬ ਨੇ ਹਲਕੇ ਦੇ ਵਿਕਾਸ ਕਾਰਜਾਂ ਸਬੰਧੀ ਹਾਂ-ਪੱਖੀ ਹੁੰਗਾਰਾ ਭਰਿਆ ਹੈ ਅਤੇ ਰਹਿੰਦੇ ਪ੍ਰੋਜੈਕਟਾਂ ਨੂੰ ਮੁਕੰਮਲ ਕਰਨ ਲਈ ਅਧਿਕਾਰੀਆਂ ਨੂੰ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਹਨ। ਵਿਧਾਇਕਾ ਮਾਣੂੰਕੇ ਨੇ ਦੱਸਿਆ ਕਿ ਅਖਾੜਾ ਨਹਿਰ ਦੇ ਪੁਲ਼ ਨੂੰ ਲਗਭਗ 40 ਫੁੱਟ ਚੌੜਾ ਨਵਾਂ ਪੁਲ ਬਨਾਉਣ ਲਈ ਪ੍ਰੋਜੈਕਟ ਪਾਸ ਹੋ ਚੁੱਕਾ ਹੈ ਅਤੇ 7 ਕਰੋੜ 80 ਲੱਖ ਰੁਪਏ ਦੀ ਮੰਨਜੂ਼ਰ ਹੋ ਚੁੱਕੇ ਹਨ, ਰਹਿੰਦੀਆਂ ਕਾਰਵਾਈਆਂ ਮੁਕੰਮਲ ਹੋਣ ਉਪਰੰਤ ਨਿਰਮਾਣ ਕਾਰਜ ਜ਼ਲਦੀ ਸ਼ੁਰੂ ਕੀਤਾ ਜਾਵੇਗਾ, ਜਗਰਾਉਂ ਵਿਖੇ ਲਾਲਾ ਲਾਜਪਤ ਰਾਏ ਭਵਨ ਬਨਾਉਣ ਲਈ ਇੱਕ ਕਰੋੜ 58 ਲੱਖ ਰੁਪਏ ਜਾਰੀ ਕਰਵਾਏ ਜਾ ਚੁੱਕੇ ਹਨ, ਸ਼ੁਰੂ ਕਰਨ ਲਈ ਕਾਰਵਾਈ ਚੱਲ ਰਹੀ ਹੈ, ਜਗਰਾਉਂ ਮੰਡੀ ਵਿੱਚ ਇੱਕ ਨਵਾਂ ਸ਼ੈਡ ਅਤੇ ਆੜਤੀ ਭਵਨ ਬਨਾਉਣ ਲਈ ਪ੍ਰਵਾਨਗੀ ਹੋ ਚੁੱਕੀ ਹੈ ਤੇ ਰਹਿੰਦੀਆਂ ਕਾਰਵਾਈਆਂ ਮੁਕੰਮਲ ਹੋਣ ਉਪਰੰਤ ਕੰਮ ਸ਼ੁਰੂ ਕੀਤਾ ਜਾਵੇਗਾ।
ਮਾਣੂੰਕੇ ਨੇ ਹੋਰ ਦੱਸਿਆ ਕਿ ਹਲਕੇ ਦੀ ਬਿਜਲੀ ਸਪਲਾਈ ਬਿਹਤਰ ਕਰਨ ਲਈ ਗਿਦੜਵਿੰਡੀ ਵਿਖੇ ਨਵਾਂ 66 ਕੇਵੀ ਗਰਿੱਡ ਬਨਾਉਣ ਲਈ ਜਗ੍ਹਾ ਦੀ ਗਿਣਤੀ-ਮਿਣਤੀ ਹੋ ਚੁੱਕੀ ਹੈ ਤੇ ਪ੍ਰੋਜੈਕਟ ਤੇ ਕਾਰਵਾਈ ਚੱਲ ਰਹੀ ਹੈ। ਇਸ ਗਰਿੱਡ ਦੇ ਸਥਾਪਿਤ ਹੋਣ ਉਪਰੰਤ ਹਲਕੇ ਅੰਦਰ 3 ਹੋਰ ਨਵੇਂ ਗਰਿੱਡ ਸਥਾਪਿਤ ਕਰਵਾਏ ਜਾਣਗੇ। ਉਹਨਾਂ ਕਿਹਾ ਕਿ ਹਲਕੇ ਦੀਆਂ ਟੁੱਟ ਚੁੱਕੀਆਂ ਅਤੇ ਨਵੀਆਂ ਸੜਕਾਂ ਬਨਾਉਣ ਲਈ ਪ੍ਰਪੋਜ਼ਲ ਤਿਆਰ ਕਰਕੇ ਭੇਜੀ ਗਈ ਹੈ ਅਤੇ ਮੰਨਜੂਰੀ ਮਿਲਣ ਉਪਰੰਤ ਸੜਕਾਂ ਦਾ ਕੰਮ ਸ਼ੁਰੂ ਹੋ ਜਾਵੇਗਾ, ਜਗਰਾਉਂ ਹਲਕੇ ਦੇ ਮੂੰਗੀ ਬੀਜ਼ਣ ਵਾਲੇ ਕਿਸਾਨਾਂ ਦੇ ਖਾਤਿਆਂ ਵਿੱਚ ਲਗਭਗ 20 ਕਰੋੜ ਰੁਪਏ ਤੋਂ ਵੀ ਜ਼ਿਆਦਾ ਦੀ ਰਕਮ ਜਾਰੀ ਕਰਵਾਈ ਜਾ ਚੁੱਕੀ ਹੈ ਅਤੇ ਰਹਿੰਦੇ ਕਾਸ਼ਤਕਾਰ ਕਿਸਾਨਾਂ ਨੂੰ ਪੈਸੇ ਦਿਵਾਉਣ ਲਈ ਯਤਨ ਜਾਰੀ ਹਨ, ਜਗਰਾਉਂ ਸ਼ਹਿਰ ਦੀ ਸੁੰਦਰਤਾ ਵਿੱਚ ਵਾਧਾ ਕਰਨ ਲਈ ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਡਕਰ ਦੀ ਯਾਦ ਵਿੱਚ ਚੌਂਕ ਬਣਾਕੇ ਆਦਮਕੱਦ ਬੁੱਤ ਸਥਾਪਿਤ ਕਰਨ ਲਈ ਕੰਮ ਚੱਲ ਰਿਹਾ ਹੈ ਤੇ ਬਿਜਲੀ ਦੇ ਖੰਬੇ ਤੇ ਟਰਾਸਫਾਰਮਰ ਚੌਂਕ ਵਿੱਚੋਂ ਪਾਸੇ ਹੋ ਚੁੱਕੇ ਹਨ ਤੇ ਜ਼ਲਦੀ ਹੀ ਚੌਂਕ ਦਾ ਕੰਮ ਮੁਕੰਮਲ ਹੋ ਜਾਵੇਗਾ, ਔਰਤਾਂ ਅਤੇ ਬੱਚਿਆਂ ਦੇ ਇਲਾਜ਼ ਲਈ ਜਗਰਾਉਂ ਵਿਖੇ ਲਗਭਗ 6 ਕਰੋੜ ਰੁਪਏ ਦੀ ਲਾਗਤ ਨਾਲ ਨਵਾਂ ਜੱਚਾ-ਬੱਚਾ ਹਸਪਤਾਲ ਚਾਲੂ ਵੀ ਕੀਤਾ ਜਾ ਚੁੱਕਾ ਹੈ ਤੇ ਜ਼ਲਦੀ ਹੀ ਸਟਾਫ਼ ਦੀਆਂ ਰਹਿੰਦੀਆਂ ਅਸਾਮੀਆਂ ਭਰੀਆਂ ਜਾਣਗੀਆਂ। ਵਿਧਾਇਕਾ ਮਾਣੂੰਕੇ ਨੇ ਹੋਰ ਦੱਸਿਆ ਕਿ ਜਗਰਾਉਂ ਦੇ ਅੱਡਾ ਰਾਏਕੋਟ ਨੇੜੇ ਮੁਹੱਲਾ ਕਲੀਨਿਕ ਚਾਲੂ ਕੀਤਾ ਜਾ ਚੁੱਕਾ ਹੈ ਅਤੇ ਹਲਕੇ ਅੰਦਰ ਹੋਰ ਵੀ ਮੁਹੱਲਾ ਕਲੀਨਿਕ ਬਨਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਜੀ ਵੱਲੋਂ ਹਾਮੀਂ ਭਰੀ ਗਈ ਹੈ। ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਹੋਰ ਦੱਸਿਆ ਕਿ ਨੌਜੁਆਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਨਵੇਂ ਖੇਡ ਗਰਾਊਂਡ ਤੇ ਪਾਰਕਾਂ ਬਣਾਈਆਂ ਜਾਣਗੀਆਂ ਤੇ ਆਉਂਦੇ ਸਮੇਂ ਦੌਰਾਨ ਜਗਰਾਉਂ ਹਲਕੇ ਲਈ ਬਹੁਤ ਸਾਰੇ ਨਵੇਂ ਪ੍ਰੋਜੈਕਟ ਪਾਸ ਕਰਵਾਏ ਜਾ ਰਹੇ ਹਨ ਅਤੇ ਵਿਧਾਨ ਸਭਾ ਹਲਕਾ ਜਗਰਾਉਂ ਨੂੰ ਬਿਹਤਰ ਬਨਾਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ।