ਪੰਜਾਬ

ਕਸ਼ਮੀਰ ਮੁੱਦੇ ‘ਤੇ ਖ਼ੁਦ ਸਪੱਸ਼ਟੀਕਰਨ ਦੇਣ ਨਵਜੋਤ ਸਿੰਘ ਸਿੱਧੂ: ਜਰਨੈਲ ਸਿੰਘ

ਸਲਾਹਕਾਰਾਂ ਤੋਂ ਕਹਾਉਣ ਦੀ ਥਾਂ ਜੋ ਕਹਿਣਾ ਖ਼ੁਦ ਕਹਿਣ ਦੀ ਹਿੰਮਤ ਦਿਖਾਉਣ ਪੰਜਾਬ ਕਾਂਗਰਸ ਪ੍ਰਧਾਨ: ਆਪ
-‘ਆਪ’ ਦਾ ਦੋਸ਼ ਚੋਣਾ ਮੌਕੇ ਭਾਜਪਾ ਵਾਲੇ ਹੱਥਕੰਡੇ ਵਰਤਦੀ ਹੈ ਪੰਜਾਬ ਕਾਂਗਰਸ

ਚੰਡੀਗੜ, 18 ਅਗਸਤ
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਇੰਚਾਰਜ ਅਤੇ ਵਿਧਾਇਕ ਜਰਨੈਲ ਸਿੰਘ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਕਿਹਾ ਹੈ ਕਿ ਉਹ ਸਿੱਧੂ ਆਪਣੇ ਇੱਕ ਅਧਿਕਾਰਤ ਸਲਾਹਕਾਰ ਵੱਲੋਂ ਕਸ਼ਮੀਰ ਬਾਰੇ ਕੀਤੀ ਟਿੱਪਣੀ ਬਾਰੇ ਆਪਣਾ ਸਟੈਂਡ ਸਪੱਸ਼ਟ ਕਰਨ। ਜਰਨੈਲ ਸਿੰਘ ਨੇ ਪੱਤਰਕਾਰਾਂ ਵੱਲੋਂ ਪੁੱਛੇ ਸਵਾਲਾਂ ਦਾ ਜਵਾਬ ਦਿੰਦਿਆਂ ਇਹ ਪ੍ਰਤੀਕਿਰਿਆ ਬੁੱਧਵਾਰ ਨੂੰ ਚੰਡੀਗੜ ਵਿਖੇ ਦਿੱਤੀ। ਉਹ ਇੱਥੇ ਪਾਰਟੀ ਦਫ਼ਤਰ ‘ਤੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ, ਚੰਡੀਗੜ ਦੇ ਸਾਬਕਾ ਮੇਅਰ ਅਤੇ ‘ਆਪ’ ਆਗੂ ਪ੍ਰਦੀਪ ਛਾਬੜਾ, ਚੰਡੀਗੜ ਇਕਾਈ ਦੇ ਪ੍ਰਧਾਨ ਪ੍ਰੇਮ ਗਰਗ ਅਤੇ ਚੰਡੀਗੜ ਨਗਰ ਨਿਗਮ ਚੋਣਾ ਦੇ ਇੰਚਾਰਜ ਚੰਦਰਮੁਖੀ ਸ਼ਰਮਾ ਨਾਲ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ।
ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਜਰਨੈਲ ਸਿੰਘ ਨੇ ਕਿਹਾ, ”ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਸਲਾਹਕਾਰ ਵੱਲੋਂ ਕਸ਼ਮੀਰ ਨੂੰ ਵੱਖਰਾ ਮੁਲਕ ਦੱਸਣਾ ਮੰਦਭਾਗਾ ਹੈ। ਅਸਲ ‘ਚ ਇਹ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਦੀ ਟਿੱਪਣੀ ਨਹੀਂ, ਸਗੋਂ ਖ਼ੁਦ ਨਵਜੋਤ ਸਿੰਘ ਸਿੱਧੂ ਦੀ ਸੋਚ ਦਾ ਸੱਚ ਹੈ। ਸਿੱਧੂ ਆਪਣੀ ਗੱਲ ਆਪਣੇ ਸਲਾਹਕਾਰਾਂ ਕੋਲੋਂ ਕਹਾ ਰਹੇ ਹਨ। ਇਹ ਕਿਥੋਂ ਦੀ ਬਹਾਦਰੀ ਹੈ? ਨਵਜੋਤ ਸਿੱਧੂ ਨੂੰ ਚਾਹੀਦਾ ਹੈ ਕਿ ਕਸ਼ਮੀਰ ਬਾਰੇ ਜਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਪਸ ‘ਚ ਰਲ਼ੇ ਹੋਣ ਬਾਰੇ ਜੋ ਵੀ ਕਹਿਣਾ ਹੈ ਖ਼ੁਦ ਕਹਿਣ ਦੀ ਹਿੰਮਤ ਦਿਖਾਉਣ।”
ਜਰਨੈਲ ਸਿੰਘ ਨੇ ਕਿਹਾ ਕਿ ਕਾਂਗਰਸ ਦੇਸ਼ ਨੂੰ ਤੋੜਨ ਦੀਆਂ ਗੱਲਾਂ ਕਰਦੀ ਹੈ, ਜਦੋਂਕਿ ਆਮ ਆਦਮੀ ਪਾਰਟੀ ਅਖੰਡ ਭਾਰਤ ਅਤੇ ਖੁਸ਼ਹਾਲ ਦੇਸ ਦੇ ਏਜੰਡੇ ‘ਤੇ ਕੰਮ ਕਰਦੀ ਹੈ। ਇਕ ਹੋਰ ਸਵਾਲ ਦੇ ਜਵਾਬ ‘ਚ ਜਰਨੈਲ ਸਿੰਘ ਨੇ ਸੱਤਾਧਾਰੀ ਕਾਂਗਰਸ ਉਤੇ ਗੰਭੀਰ ਦੋਸ਼ ਲਾਉਂਦੇ ਹੋਏ ਕਿਹਾ, ”ਚੋਣਾ ਮੌਕੇ ਜਿਵੇਂ ਦੇਸ਼ ‘ਚ ਭਾਜਪਾ ਨਫ਼ਰਤ ਅਤੇ ਡਰ ਦਾ ਮਹੌਲ ਪੈਦਾ ਕਰਕੇ ਵੋਟ ਬੈਂਕ ਦਾ ਧਰੁਵੀਕਰਨ ਕਰਦੀ ਹੈ, ਉਸੇ ਤਰਾਂ ਕੈਪਟਨ ਅਮਰਿੰਦਰ ਸਿੰਘ ਅਤੇ ਸਮੁੱਚੀ ਪੰਜਾਬ ਕਾਂਗਰਸ ਅੱਤਵਾਦ ਦਾ ਹਊਆ ਖੜਾ ਕਰਕੇ ਇੱਕ ਵਰਗ ਨੂੰ ਡਰਾਉਣ ਵਾਲੀ ਸੌੜੀ ਸਿਆਸਤ ਕਰਦੀ ਹੈ। ਪੰਜਾਬ ਦੇ ਲੋਕਾਂ ਨੂੰ ਕਾਂਗਰਸ, ਭਾਜਪਾ ਅਤੇ ਬਾਦਲਾਂ ਦੀ ਅਜਿਹੀ ਘਟੀਆ ਰਾਜਨੀਤੀ ਤੋਂ ਹਮੇਸ਼ਾਂ ਸੁਚੇਤ ਅਤੇ ਸਾਵਧਾਨ ਰਹਿਣਾ ਚਾਹੀਦਾ ਹੈ, ਕਿਉਂਕਿ 2022 ਦੀਆਂ ਚੋਣਾ ਦੇ ਮੱਦੇਨਜ਼ਰ ਇਹਨਾਂ ਰਿਵਾਇਤੀ ਪਾਰਟੀਆਂ ਨੇ ਅਜਿਹੇ ਹਥਕੰਡੇ ਵਰਤਣੇ ਸ਼ੁਰੂ ਕਰ ਦਿੱਤੇ ਹਨ।”
ਉਤਰਾਖੰਡ ‘ਚ ‘ਆਪ’ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਐਲਾਨ ਦਿੱਤੇ ਜਾਣ ਉਪਰੰਤ ਪੰਜਾਬ ‘ਚ ਮੁੱਖ ਮੰਤਰੀ ਦੇ ਚਿਹਰੇ ਬਾਰੇ ਸਵਾਲ ਦੇ ਜਵਾਬ ‘ਚ ਜਰਨੈਲ ਸਿੰਘ ਨੇ ਕਿਹਾ ਕਿ ਚੋਣਾ ‘ਚ ਅਜੇ 5- 6 ਮਹੀਨਿਆਂ ਦਾ ਸਮਾਂ ਬਾਕੀ ਹੈ, ਪੰਜਾਬ ‘ਚ ਚੋਣਾ ਤੋਂ ਪਹਿਲਾਂ- ਪਹਿਲਾਂ ਸਹੀ ਸਮਾਂ ਆਉਣ ‘ਤੇ ਮੁੱਖ ਮੰਤਰੀ ਦਾ ਚਿਹਰਾ ਐਲਾਨ ਦਿੱਤਾ ਜਾਵੇਗਾ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!