ਪੰਜਾਬ
ਜਤਿੰਦਰ ਔਲਖ ਅਤੇ ਇੰਦਰਪਾਲ ਸਿੰਘ ਨੇ ਚੁੱਕੀ ਸਹੁੰ
ਚੰਡੀਗੜ੍ਹ, 29 ਜਨਵਰੀ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਅੱਜ ਪੰਜਾਬ ਰਾਜ ਭਵਨ, ਚੰਡੀਗੜ੍ਹ ਵਿਖੇ ਪੰਜਾਬ ਲੋਕ ਸੇਵਾ ਕਮਿਸ਼ਨ ਦੇ ਨਵ ਨਿਯੁਕਤ ਚੇਅਰਮੈਨ ਜਤਿੰਦਰ ਸਿੰਘ ਔਲਖ ਅਤੇ ਪੰਜਾਬ ਰਾਜ ਸੂਚਨਾ ਕਮਿਸ਼ਨ ਦੇ ਨਵ ਨਿਯੁਕਤ ਰਾਜ ਮੁੱਖ ਸੂਚਨਾ ਕਮਿਸ਼ਨਰ ਇੰਦਰਪਾਲ ਸਿੰਘ ਨੂੰ ਅਹੁਦੇ ਦਾ ਭੇਤ ਗੁਪਤ ਰੱਖਣ ਦਾ ਹਲਫ਼ ਦਿਵਾਇਆ। ਇੱਥੇ ਪੰਜਾਬ ਰਾਜ ਭਵਨ ਵਿਖੇ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਸਹੁੰ ਚੁੱਕ ਸਮਾਗਮ ਦੀ ਕਾਰਵਾਈ ਚਲਾਈ।
ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ, ਬ੍ਰਮ ਸ਼ੰਕਰ ਜਿੰਪਾ ਤੇ ਗੁਰਮੀਤ ਸਿੰਘ ਖੁੱਡੀਆ, ਮੁੱਖ ਮੰਤਰੀ ਦੇ ਵਿਸ਼ੇਸ਼ ਮੁੱਖ ਸਕੱਤਰ ਵੀ ਕੇ ਸਿੰਘ, ਡੀਜੀਪੀ ਗੌਰਵ ਯਾਦਵ, ਮੁੱਖ ਮੰਤਰੀ ਦੇ ਡਾਇਰੈਕਟਰ ਮੀਡੀਆ ਬਲਤੇਜ ਸਿੰਘ ਪੰਨੂੰ, ਪੰਜਾਬ ਲੋਕ ਸੇਵਾ ਕਮਿਸ਼ਨ ਦੇ ਮੈਂਬਰ ਗੁਰਪ੍ਰਤਾਪ ਸਿੰਘ ਮਾਨ, ਸੁਪ੍ਰੀਤ ਘੁੰਮਣ ਤੇ ਹਰਮੋਹਨ ਕੌਰ ਸੰਧੂ, ਰਾਜ ਸੂਚਨਾ ਕਮਿਸ਼ਨਰ ਅਸਿਤ ਜੌਲੀ ਤੇ ਅੰਮ੍ਰਿਤ ਪ੍ਰਤਾਪ ਸਿੰਘ ਸੇਖੋਂ ਤੋਂ ਇਲਾਵਾ ਸਿਵਲ ਤੇ ਪੁਲਿਸ ਦੇ ਉੱਚ ਪ੍ਰਸ਼ਾਸਨਿਕ ਅਧਿਕਾਰੀ ਅਤੇ ਨਵ ਨਿਯੁਕਤ ਚੇਅਰਮੈਨ ਤੇ ਰਾਜ ਮੁੱਖ ਸੂਚਨਾ ਕਮਿਸ਼ਨਰ ਦੇ ਪਰਿਵਾਰਕ ਮੈਂਬਰ ਅਤੇ ਸ਼ੁਭਚਿੰਤਕ ਮੌਜੂਦ ਸਨ।
ਪੰਜਾਬ ਕਾਡਰ ਦੇ 1997 ਬੈਚ ਦੇ ਆਈ.ਪੀ.ਐਸ. ਅਧਿਕਾਰੀ
ਜ਼ਿਕਰਯੋਗ ਹੈ ਕਿ ਪੰਜਾਬ ਕਾਡਰ ਦੇ 1997 ਬੈਚ ਦੇ ਆਈ.ਪੀ.ਐਸ. ਅਧਿਕਾਰੀ ਜਤਿੰਦਰ ਸਿੰਘ ਔਲਖ ਪਿੰਡ ਬਰਗਾੜੀ (ਫਰੀਦਕੋਟ) ਦੇ ਜੰਮਪਲ ਹਨ। ਪੰਜਾਬ ਪੁਲਿਸ ਵਿੱਚ 33 ਸਾਲ ਸੇਵਾਵਾਂ ਨਿਭਾਉਣ ਤੋਂ ਬਾਅਦ ਏ.ਡੀ.ਜੀ.ਪੀ. ਦੇ ਰੈਂਕ ਉੱਤੇ ਇੰਟੈਲੀਜੈਂਸ ਚੀਫ਼ ਵਜੋਂ ਸੇਵਾਮੁਕਤ ਹੋਏ ਸਨ।
ਔਲਖ ਨੇ ਪੀ.ਪੀ.ਐਸ. ਨਾਭਾ ਤੋਂ ਸਕੂਲੀ ਸਿੱਖਿਆ, ਡੀ.ਏ.ਵੀ. ਕਾਲਜ ਚੰਡੀਗੜ੍ਹ ਤੋਂ ਬੀ.ਏ. (ਆਨਰਜ਼) ਅਤੇ ਪੰਜਾਬ ਯੂਨੀਵਰਸਿਟੀ ਤੋਂ ਐਲ.ਐਲ.ਬੀ. ਅਤੇ ਇਤਿਹਾਸ ਵਿਸ਼ੇ ਵਿੱਚ ਐਮ.ਏ. ਦੀ ਡਿਗਰੀ ਹਾਸਲ ਕੀਤੀ।
ਆਪਣੇ ਸੇਵਾ ਕਾਲ ਦੌਰਾਨ ਉਹ ਵੱਖ-ਵੱਖ ਜ਼ਿਲ੍ਹਿਆਂ ਐਸ.ਏ.ਐਸ. ਨਗਰ, ਸੰਗਰੂਰ, ਰੂਪਨਗਰ, ਜਗਰਾਉਂ, ਐਸ.ਬੀ.ਐਸ. ਨਗਰ, ਅਤੇ ਖੰਨਾ ਵਿਖੇ ਐਸ.ਐਸ.ਪੀ. ਵਜੋਂ ਤਾਇਨਾਤ ਰਹੇ। ਉਹ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਤੇ ਪੁਲਿਸ ਕਮਿਸ਼ਨਰ ਲੁਧਿਆਣਾ, ਆਈ.ਜੀ.ਪਟਿਆਲਾ ਤੇ ਫਿਰੋਜ਼ਪੁਰ ਰੇਂਜ, ਆਈ.ਜੀ. ਹੈੱਡਕੁਆਰਟਰ ਤੇ ਇੰਟੈਲੀਜੈਂਸ ਵਜੋਂ ਸੇਵਾ ਨਿਭਾਉਣ ਉਪਰੰਤ ਏ.ਡੀ.ਜੀ.ਪੀ. ਦੇ ਰੈਂਕ ‘ਤੇ ਖੁਫ਼ੀਆ ਵਿੰਗ ਦੇ ਮੁਖੀ ਵਜੋਂ ਸੇਵਾਮੁਕਤ ਹੋਏ ਸਨ।
ਉਨ੍ਹਾਂ ਨੂੰ ਰਾਸ਼ਟਰੀ ਪੁਰਸਕਾਰ (ਵਿਸ਼ੇਸ਼), ਵਿਸ਼ੇਸ਼ ਸੇਵਾਵਾਂ ਲਈ ਪੁਲਿਸ ਮੈਡਲ, ਪੁਲਿਸ ਮੈਡਲ ਫਾਰ ਮੈਰੀਟੋਰੀਅਸ ਸਰਵਿਸਿਜ਼, ਮੁੱਖ ਮੰਤਰੀ ਮੈਡਲ ਅਤੇ ਤਿੰਨ ਵਾਰ ਡੀ.ਜੀ.ਪੀ. ਦੀ ਸ਼ਲਾਘਾ ਡਿਸਕ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ।
ਐਡਵੋਕੇਟ ਇੰਦਰਪਾਲ ਸਿੰਘ ਹੁਸ਼ਿਆਰਪੁਰ ਦੇ ਵਸਨੀਕ
ਰਾਜ ਮੁੱਖ ਸੂਚਨਾ ਕਮਿਸ਼ਨਰ ਵਜੋਂ ਸਹੁੰ ਚੁੱਕਣ ਵਾਲੇ ਉੱਘੇ ਐਡਵੋਕੇਟ ਇੰਦਰਪਾਲ ਸਿੰਘ ਹੁਸ਼ਿਆਰਪੁਰ ਦੇ ਵਸਨੀਕ ਹਨ। ਇੰਦਰਪਾਲ ਸਿੰਘ ਨੇ ਕਾਨੂੰਨੀ ਖੇਤਰ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਅਤੇ ਉਹ ਬ੍ਰਿਟਿਸ਼ ਹਾਈ ਕਮਿਸ਼ਨ ਲਈ ਸਟੈਂਡਿੰਗ ਕੌਂਸਲ, ਪੈਨਲ ਭਾਰਤੀ ਯੂਨੀਅਨ, ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਬਾਰ ਕੌਂਸਲ ਮੈਂਬਰ ਚੁਣੇ ਗਏ
ਇਸ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਬਾਰ ਕੌਂਸਲ ਦੇ ਉਪ ਚੇਅਰਮੈਨ ਚੁਣੇ ਗਏ। ਉਨ੍ਹਾਂ ਨੂੰ 20 ਅਗਸਤ, 2022 ਨੂੰ ਪੰਜਾਬ ਦੇ ਸੀਨੀਅਰ ਐਡੀਸ਼ਨਲ ਐਡਵੋਕੇਟ ਜਨਰਲ ਵਜੋਂ ਨਿਯੁਕਤ ਕੀਤਾ ਗਿਆ ਸੀ।