ਪੰਜਾਬ
ਖੇਡਾਂ ਦਾ ਪੱਧਰ ਉੱਚਾ ਚੁੱਕਣ ਲਈ ‘ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ’ ਦੀ ਟੀਮ ਦੇ ਮੈਂਬਰਾਂ ਦੀ ਇੱਕ ਰੋਜ਼ਾ ਆਨ ਲਾਈਨ ਵਰਕਸ਼ਾਪ ਆਯੋਜਿਤ
ਸਰਕਾਰੀ ਸਕੂਲਾਂ ਦੇ ਪ੍ਰਾਇਮਰੀ ਅਧਿਆਪਕਾਂ ਦੀ ਵਰਕਸ਼ਾਪ 7 ਨੂੰ
ਐੱਸ.ਏ.ਐੱਸ.ਨਗਰ 3 ਜੂਨ
( )
ਪੰੰਜਾਬ ਦੇ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਵੱਲੋਂ ਸਕੂਲਾਂ ਵਿੱਚ ਖੇਡਾਂ ਦਾ ਪੱਧਰ ਉੱਚਾ ਚੁੱਕਣ ਲਈ ਦਿੱਤੇ ਗਏ ਨਿਰਦੇਸ਼ਾਂ ਹੇਠ ‘ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ’ ਦੀ ਟੀਮ ਦੇ ਮੈਂਬਰਾਂ ਦੀ ਇੱਕ ਰੋਜ਼ਾ ਆਨ ਲਾਈਨ ਵਰਕਸ਼ਾਪ ਆਯੋਜਿਤ ਕਰਵਾਈ ਗਈ ਜਦਕਿ ਪ੍ਰਾਇਮਰੀ ਅਧਿਆਪਕਾਂ ਦੀ ਇੱਕ ਰੋਜ਼ਾ ਵਰਕਸ਼ਾਪ 7 ਜੂਨ ਨੂੰ ਹੋਵੇਗੀ।
ਇਸ ਦੀ ਜਾਣਕਾਰੀ ਦਿੰਦੇ ਹੋਏ ਅੱਜੇ ਏਥੇ ਸਕੂਲ ਸਿੱਖਿਆ ਵਿਭਾਗ ਦੇ ਡਿਪਟੀ ਡਾਇਰੈਕਟਰ ਸਪੋਰਟਸ ਸੁਨੀਲ ਕੁਮਾਰ ਨੇ ਦੱਸਿਆ ਕਿ ਇਹ ਸਿਖਲਾਈ ਕੈਂਪ ਸਕੂਲ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ ਲਗਾਇਆ ਗਿਆ। ਇਸ ਦੇ ਤਹਿਤ ਪੰਜਾਬ ਦੇ ਸਮੁੱਚੇ 228 ਬਲਾਕਾਂ ਦੇ ‘ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ’ ਦੀ ਟੀਮ ਦੇ ਮੈਂਬਰਾਂ ਨੂੰ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਅਤੇ ਵਿਭਾਗ ਦੇ ਖੇਡ ਮਾਹਿਰਾਂ ਦੀ ਦੇਖ- ਰੇਖ ਹੇਠ ਆਨ ਲਾਈਨ ਟ੍ਰੇਨਿੰਗ ਦਿੱਤੀ ਗਈ।
ਉਨਾਂ ਅੱਗੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਪ੍ਰਾਇਮਰੀ ਪੱਧਰ ਦੀ ‘ਪੜ੍ਹੋ ਪੰਜਾਬ ਪੜ੍ਹਾਓ ਪੰਜਾਬ’ ਟੀਮ ਦੇ ਮੈਂਬਰਾਂ ਅਤੇ ਹਰੇਕ ਪ੍ਰਾਇਮਰੀ ਸਕੂਲ ਦੇ ਇੱਕ-ਇੱਕ ਅਧਿਆਪਕ ਦਾ ਖੇਡਾਂ ਸਬੰਧੀ ਇੱਕ ਰੋਜ਼ਾ ਸਮਰੱਥਾ ਉਸਾਰੀ ਪ੍ਰੋਗਰਾਮ ਉਲੀਕਿਆ ਗਿਆ ਸੀ। ਵਿਭਾਗ ਵੱਲੋਂ ਅੱਜ ‘ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ‘ ਟੀਮ ਦੇ ਮੈਂਬਰਾਂ ਦੀ ਇੱਕ ਰੋਜ਼ਾ ਸਮਰੱਥਾ ਉਸਾਰੀ ਵਰਕਸ਼ਾਪ ਲਗਾਈ ਗਈ। ਇਸ ਵਰਕਸ਼ਾਪ ਰਾਹੀਂ ਖੇਡ ਮਾਹਿਰਾਂ-ਕਮ-ਸਟੇਟ ਰਿਸੋਰਸ ਪਰਸਨਾਂ ਵੱਲੋਂ ਪ੍ਰਾਇਮਰੀ ਪੱਧਰ ਦੀਆਂ ਖੇਡਾਂ ਦੀਆਂ ਵਿਧੀਆਂ ਦੀ ਜਾਣਕਾਰੀ ਦੇਣ ਤੋਂ ਇਲਾਵਾ ਸਕੂਲਾਂ ਵਿੱਚ ਖੇਡ ਮੈਦਾਨ ਤਿਆਰ ਕਰਨ, ਖੇਡਾਂ ਸਬੰਧੀ ਬਾਲਾ ਵਰਕ ਕਰਵਾਉਣ, ਸਪੋਰਟਸ ਪਾਲਿਸੀ ਦੀ ਪੂਰਨ ਤੌਰ ’ਤੇ ਲਾਗੂ ਕਰਨ, ਸਵੇਰ ਦੀ ਸਭਾ ਨੂੰ ਪ੍ਰਭਾਵਸ਼ਾਲੀ ਬਣਾਉਣ ਅਤੇ ਵਿਦਿਆਰਥੀ ਨੂੰ ਘੱਟੋ-ਘੱਟ ਇੱਕ ਖੇਡ ਲਈ ਤਿਆਰ ਕਰਨ ਸਬੰਧੀ ਜਾਣਕਾਰੀ ਦਿੱਤੀ ਗਈ। ਉਹਨਾਂ ਦੱਸਿਆ ਕਿ 7 ਮਈ ਨੂੰ ਹਰੇਕ ਪ੍ਰਾਇਮਰੀ ਸਕੂਲ ਦੇ ਇੱਕ-ਇੱਕ ਅਧਿਆਪਕ ਦਾ ਸਮਰੱਥਾ ਉਸਾਰੀ ਪ੍ਰੋਗਰਾਮ ਉਲੀਕਿਆ ਗਿਆ ਹੈ। ਵਰਕਸ਼ਾਪ ਵਿੱਚ ਜ਼ਿਲਾ ਕੋਆਰਡੀਨੇਟਰਾਂ, ਬਲਾਕ ਮਾਸਟਰ ਟ੍ਰੇਨਰਾਂ ਅਤੇ ਕਲੱਸਟਰ ਮਾਸਟਰ ਟ੍ਰੇਨਰਾਂ ਨੇ ਸ਼ਮੂਲੀਅਤ ਕੀਤੀ। ਵਰਕਸ਼ਾਪ ਵਿੱਚ ਅਮਰਜੋਤ ਸਿੰਘ, ਹਰਿੰਦਰ ਸਿੰਘ ਗਰੇਵਾਲ , ਪਰਮਵੀਰ ਕੌਰ ,ਮਨਦੀਪ ਸ਼ਰਮਾ, ਡਾ. ਬਲਵੰਤ ਸਿੰਘ, ਹਰਮੀਤ ਸਿੰਘ ਅਤੇ ਸਿਮਨਦੀਪ ਕੌਰ ਵੱਲੋਂ ਰਿਸੋਰਸ ਪਰਸਨਜ਼ ਵਜੋਂ ਭੂਮਿਕਾ ਨਿਭਾਈ ਗਈ।