ਭਾਜਪਾ ਹੀ ਪੰਜਾਬ ਨੂੰ ਕਰਜ਼ਾ ਮੁਕਤ ਕਰ ਸਕਦੀ ਹੈ: ਅਟਵਾਲ
ਭਾਜਪਾ ਹੀ ਪੰਜਾਬ ਨੂੰ ਕਰਜ਼ਾ ਮੁਕਤ ਕਰ ਸਕਦੀ ਹੈ: ਅਟਵਾਲ
ਲੁਧਿਆਣਾ, 15 ਜਨਵਰੀ ()- ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਭਾਜਪਾ ਅਨੁਸੂਚਿਤ ਜਾਤੀ ਮੋਰਚਾ ਅਹਿਮ ਰੋਲ ਅਦਾ ਕਰੇਗਾ ਅਤੇ ਪੰਜਾਬ ਵਿੱਚ ਅਗਲੀ ਸਰਕਾਰ ਭਾਜਪਾ ਦੀ ਬਣੇਗੀ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਅਨੁਸੂਚਿਤ ਜਾਤੀ ਮੋਰਚੇ ਦੇ ਪੰਜਾਬ ਪ੍ਰਧਾਨ ਰਾਜ ਕੁਮਾਰ ਅਟਵਾਲ ਨੇ ਕੀਤਾ। ਅਟਵਾਲ ਨੇ ਕਿਹਾ ਕਿ ਪੰਜਾਬ ਦੇ ਲੋਕ ਰਵਾਇਤੀ ਪਾਰਟੀਆਂ ਤੋਂ ਤੰਗ ਆ ਚੁੱਕੇ ਹਨ। ਕਾਂਗਰਸ ਅਤੇ ਅਕਾਲੀ ਦਲ ਵਾਰੋ ਵਾਰੀ ਪੰਜਾਬ ਨੂੰ ਲੁੱਟਣ ਦੇ ਮਕਸਦ ਨਾਲ ਇਕ ਦੂਜੇ ਦੇ ਹਿੱਤ ਸੁਰੱਖਿਅਤ ਰੱਖਦੇ ਹਨ ਅਜਿਹੇ ਹਲਾਤਾਂ ਵਿੱਚ ਪੰਜਾਬ ਦੇ ਲੋਕ ਤੀਜੇ ਬਦਲ ਵਜੋਂ ਭਾਜਪਾ ਨੂੰ ਦੇਖ ਰਹੇ ਹਨ। ਅਟਵਾਲ ਨੇ ਕਿਹਾ ਕਿ ਭਾਜਪਾ ਭ੍ਰਿਸ਼ਟਾਚਾਰ ਮੁਕਤ ਸਾਸ਼ਨ ਦੇਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਿਰ ਲਗਭਗ 3 ਲੱਖ ਕਰੋੜ ਦੇ ਕਰਜ਼ੇ ਨੂੰ ਭਾਜਪਾ ਦੀ ਸਰਕਾਰ ਲਾਹੁਣ ਦੇ ਸਮਰੱਥ ਹੈ । ਅਟਵਾਲ ਨੇ ਦਾਵਾ ਕੀਤਾ ਕਿ ਦਲਿਤ ਭਾਈਚਾਰੇ ਦੀਆਂ 34 ਸੀਟਾਂ ‘ਤੇ ਭਾਜਪਾ ਜਿੱਤ ਦਾ ਝੰਡਾ ਲਹਿਰਾਵੇਗੀ। ਪੰਜਾਬ ਨੂੰ ਆਰਥਿਕ ਲੀਹਾਂ ‘ਤੇ ਲਿਆਉਣ ਲਈ ਦਲਿਤ ਭਾਈਚਾਰੇ ਦੇ ਲੋਕ ਭਾਜਪਾ ਦਾ ਸਾਥ ਦੇਣ ਦਾ ਮਨ ਬਣਾਈ ਬੈਠੇ ਹਨ ਅਤੇ 10 ਮਾਰਚ ਨੂੰ ਆਉਣ ਵਾਲੇ ਨਤੀਜੇ ਭਾਜਪਾ ਦੇ ਪੱਖ ਵਿੱਚ ਹੋਣਗੇ।