ਪੰਜਾਬ

ਮੋਦੀ ਸਰਕਾਰ ਦਾ ਸਿੱਧਾ ਹਮਲਾ ਹੈ ਡੈਮਾਂ ਤੋਂ ਪੁਲੀਸ ਅਤੇ ਚੰਡੀਗੜ ‘ਚੋਂ ਪੰਜਾਬ ਦੇ ਮੁਲਾਜ਼ਮਾਂ ਨੂੰ ਬਾਹਰ ਕਰਨਾ: ਭਗਵੰਤ ਮਾਨ

-ਭਾਜਪਾ ਦੇ ਨਾਲ- ਨਾਲ ਕੈਪਟਨ ਤੇ ਢੀਂਡਸਾ ਵੀ ਸਪੱਸ਼ਟ ਕਰਨ ਸੂਬੇ ਦੇ ਡੈਮਾਂ ‘ਤੇ ਪੰਜਾਬ ਪੁਲੀਸ ਦੀ ਥਾਂ ਕੇਂਦਰੀ ਸੁਰੱਖਿਆ ਦਸਤੇ ਕਿਉਂ ਤਾਇਨਾਤ ਕੀਤੇ?: ਭਗਵੰਤ ਮਾਨ

– ਤਾਨਾਸ਼ਾਹੀ ਹੈ ਚੰਡੀਗੜ ਦੇ ਸਿਹਤ ਮਹਿਕਮੇ ‘ਚੋਂ ਪੰਜਾਬ ਦੇ ਅਧਿਕਾਰੀਆਂ- ਕਰਮਚਾਰੀਆਂ ਦਾ ਡੈਪੂਟੇਸ਼ਨ ਖਤਮ ਕਰਨਾ

-ਪੰਜਾਬ ਵਿਰੋਧੀ ਫ਼ੈਸਲੇ ਵਾਪਸ ਲਵੇ ਕੇਂਦਰ ਦੀ ਭਾਜਪਾ ਸਰਕਾਰ

ਚੰਡੀਗੜ, 3 ਮਾਰਚ 2022
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਦੋਸ਼ ਲਾਇਆ, ” ਕੇਂਦਰ ਵਿਚਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸਰਕਾਰ ਲਗਾਤਾਰ ਪੰਜਾਬ ਦੇ ਹੱਕ ਖੋਹ ਰਹੀ ਹੈ। ਭਾਖੜਾ ਬਿਆਸ ਪ੍ਰਬੰਧਕੀ ਬੋਰਡ (ਬੀ.ਬੀ.ਐੱਮ.ਬੀ)  ਵਿਚੋਂ ਪੰਜਾਬ ਦੀ ਹਿੱਸੇਦਾਰੀ ਖ਼ਤਮ ਕਰਨ ਤੋਂ ਬਾਅਦ ਹੁਣ ਮੋਦੀ ਸਰਕਾਰ ਨੇ ਡੈਮਾਂ ਦੀ ਸੁਰੱਖਿਆ ਤੋਂ ਪੰਜਾਬ ਪੁਲੀਸ ਨੂੰ ਹਟਾਉਣ ਅਤੇ ਸੂਬੇ ਦੇ ਡਾਕਟਰਾਂ ਨੂੰ ਚੰਡੀਗੜ ਦੀਆਂ ਸਰਕਾਰੀ ਸੇਵਾਵਾਂ ਵਿਚੋਂ ਬਾਹਰ ਕੱਢਣ ਦਾ ਫ਼ੈਸਲਾ ਕਰਕੇ ਪੰਜਾਬ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ।” ਮਾਨ ਨੇ ਮੋਦੀ ਸਰਕਾਰ ਨੂੰ ਅਪੀਲ ਕੀਤੀ ਕਿ ਪੰਜਾਬ ਦੇ ਹੱਕਾਂ ‘ਤੇ ਡਾਕੇ ਮਾਰ ਕੇ ਤੜਫਦੀ ਪੰਜਾਬੀਅਤ ਨੂੰ ਹੋਰ ਨਾ ਤੜਫਾਉਣ ਅਤੇ ਡੈਮਾਂ ਸਮੇਤ ਚੰਡੀਗੜ ਵਿੱਚ ਪੰਜਾਬ ਦੇ ਹੱਕਾਂ ਨੂੰ ਬਹਾਲ ਰੱਖਿਆ ਜਾਵੇ।
ਵੀਰਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾ ਦੇ ਪਰਦੇ ‘ਚ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਲਗਾਤਾਰ ਪੰਜਾਬ ਵਿਰੋਧੀ ਫ਼ੈਸਲੇ ਅਮਲ ਵਿੱਚ ਲਿਆਂਦੇ ਹਨ। ਕਾਂਗਰਸ ਤੋਂ ਬਾਅਦ ਭਾਜਪਾ ਸਰਕਾਰ ਪੰਜਾਬ ਦੀ ਸਰਜਮੀਂ ‘ਤੇ ਬਣੇ ਭਾਖੜਾ ਬਿਆਸ ਪ੍ਰਬੰਧਕੀ ਬੋਰਡ (ਬੀ.ਬੀ.ਐੱਮ.ਬੀ) ‘ਚੋਂ ਪੰਜਾਬ ਨੂੰ ਹੀ ਬਾਹਰ ਕੱਢਣ ਦੇ ਫ਼ੈਸਲੇ ਲਾਗੂ ਕਰ ਰਹੀ ਹੈ। ਮਾਨ ਨੇ ਦੱਸਿਆ, ”ਮੋਦੀ ਸਰਕਾਰ ਨੇ ਭਾਖੜਾ ਬਿਆਸ ਪ੍ਰਬੰਧਕੀ ਬੋਰਡ ‘ਚੋਂ ਪੰਜਾਬ ਦੀ ਹਿੱਸੇਦਾਰੀ ਖ਼ਤਮ ਕਰਨ ਤੋਂ ਬਾਅਦ ਡੈਮਾਂ ਦੀ ਸੁਰੱਖਿਆ ‘ਚ ਲੱਗੀ ਪੰਜਾਬ ਪੁਲੀਸ ਫੋਰਸ ਨੂੰ ਵੀ ਹਟਾ ਦਿੱਤਾ ਹੈ। ਬੋਰਡ ਦੇ ਤਿੰਨ ਡੈਮਾਂ ਦੀ ਸੁਰੱਖਿਆ ਲਈ ਕੇਂਦਰੀ ਸਨਅਤੀ ਸਰੱਖਿਆ ਫੋਰਸ ਨੂੰ ਤਾਇਨਾਤ ਕਰਨ ਦਾ ਫ਼ੈਸਲਾ ਕੀਤਾ ਹੈ, ਜਦੋਂ ਕਿ ਡੈਮਾਂ ਦੀ ਸੁਰੱਖਿਆ ‘ਤੇ ਖਰਚ ਆਉਂਦੇ 90 ਕਰੋੜ ਰੁਪਏ ਪੰਜਾਬ ਸਮੇਤ ਹਿੱਸੇਦਾਰਾਂ ਕੋਲੋਂ ਵਸੂਲ ਕੀਤੇ ਜਾਣਗੇ।” ਉਨਾਂ ਦੱਸਿਆ ਕਿ ਮੋਦੀ ਸਰਕਾਰ ਦੇ ਫ਼ੈਸਲੇ ਕਾਰਨ ਇੱਕ ਪਾਸੇ ਪੰਜਾਬ ਦੇ ਨੌਜਵਾਨਾਂ ਕੋਲੋਂ ਰੋਜ਼ਗਾਰ ਖੋਹ ਲਿਆ ਗਿਆ ਹੈ, ਦੂਜੇ ਪਾਸੇ ਸੁਰੱਖਿਆ ਦਾ ਖਰਚਾ ਪੰਜਾਬ ਸਿਰ ਥੋਪ ਦਿੱਤਾ ਗਿਆ ਹੈ।
ਭਗਵੰਤ ਮਾਨ ਨੇ ਇੱਥੇ ਹੀ ਬੱਸ ਨਹੀਂ ਮੋਦੀ ਸਰਕਾਰ ਨੇ ਪੰਜਾਬ ਦੀ ਧਰਤੀ ‘ਤੇ ਬਣੇ ਅਧੁਨਿਕ ਸ਼ਹਿਰ ਅਤੇ ਰਾਜਧਾਨੀ ਚੰਡੀਗੜ ਵਿਚੋਂ ਸੂਬੇ ਦੇ 112 ਡਾਕਟਰਾਂ ਨੂੰ ਬਾਹਰ ਕਰ ਦਿੱਤਾ ਹੈ। ਉਨਾਂ ਦੱਸਿਆ ਕਿ ਪੰਜਾਬ ਪੁਨਰਗਠਨ ਐਕਟ ਤਹਿਤ ਚੰਡੀਗੜ ਵਿੱਚ ਹਰ ਤਰਾਂ ਦੀਆਂ ਸੇਵਾਵਾਂ ਅਤੇ ਪ੍ਰਬੰਧਨ ਵਿੱਚ ਪੰਜਾਬ ਦਾ 60 ਫ਼ੀਸਦੀ ਹਿੱਸਾ ਰਾਖਵਾਂ ਕੀਤਾ ਗਿਆ ਸੀ, ਜਿਸ ਦੇ ਤਹਿਤ ਚੰਡੀਗੜ ਦੀ ਪੁਲੀਸ, ਸਕੂਲਾਂ, ਹਸਪਤਾਲਾਂ ਅਤੇ ਹੋਰ ਸੇਵਾਵਾਂ ਵਿੱਚ ਪੰਜਾਬ ਤੋਂ ਪੁਲੀਸ ਮੁਲਾਜ਼ਮ, ਅਧਿਆਪਕ, ਡਾਕਟਰ ਅਤੇ ਹੋਰ ਮੁਲਾਜ਼ਮ ਡੈਪੂਟੇਸ਼ਨ ‘ਤੇ ਲਏ ਜਾਂਦੇ ਸਨ। ਪਰ ਮੋਦੀ ਸਰਕਾਰ ਨੇ ਚੰਡੀਗੜ ਵਿਚੋਂ ਪੰਜਾਬ ਦਾ ਡੈਪੂਟੇਸ਼ਨ ਖ਼ਤਮ ਕਰਨ ਦਾ ਫ਼ੈਸਲਾ ਲਾਗੂ ਕਰ ਦਿੱਤਾ ਹੈ, ਜਿਸ ਕਾਰਨ ਇੱਥੋਂ ਦੇ ਸਿਹਤ ਵਿਭਾਗ ਵਿੱਚੋਂ ਪੰਜਾਬ ਦੇ 112 ਡਾਕਟਰਾਂ ਨੂੰ ਹਟਾ ਦਿੱਤਾ ਗਿਆ ਅਤੇ ਹੋਰਨਾਂ ਰਾਜਾਂ ਸਮੇਤ ਕੇਂਦਰੀ ਸ਼ਾਸਤ ਪ੍ਰਦੇਸ਼ਾਂ ‘ਚੋਂ ਡਾਕਟਰ ਭਰਤੀ ਕਰਨ ਦਾ ਨੋਟਿਸ ਜਾਰੀ ਕੀਤਾ ਹੈ।
ਮਾਨ ਨੇ ਕਿਹਾ ਕਿ ਪਹਿਲਾਂ ਇਹ ਧੱਕਾ ਕੇਂਦਰ ‘ਚ ਕਾਬਜ਼ ਕਾਂਗਰਸ ਦੀਆਂ ਸਰਕਾਰਾਂ ਕਰਦੀਆਂ ਸਨ, ਹੁਣ ਉਹੋ ਰਾਹ ਭਾਜਪਾ ਦੀ ਅਗਵਾਈ ਵਾਲੀ ਮੋਦੀ ਸਰਕਾਰ ਨੇ ਫੜ ਲਿਆ ਹੈ। ਭਾਜਪਾ ਦੀ ਮੋਦੀ ਸਰਕਾਰ ਰਾਜਾਂ ਦੇ ਅਧਿਕਾਰਾਂ ‘ਤੇ ਡਾਕੇ ਮਾਰਨ ‘ਚ  ਜੁਟੀ ਹੋਈ ਹੈ, ਜੋ ਭਾਰਤ ਦੀ ਸੰਘੀ (ਫੈਡਰਲ) ਵਿਵਸਥਾ ਉੱਤੇ ਵੀ ਸਿੱਧੀ ਸੱਟ ਹੈ।
ਭਗਵੰਤ ਮਾਨ ਨੇ ਪੰਜਾਬ ਨਾਲ ਹੋ ਰਹੀਆਂ ਵਧੀਕੀਆਂ ਲਈ ਸਾਬਕਾ ਮੁੱਖ ਮੰਤਰੀਆਂ ਪ੍ਰਕਾਸ਼ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਜ਼ਿੰਮੇਵਾਰ ਦੱਸਿਆ, ਜਿਨਾਂ ਨੇ ਪੰਜਾਬ ਦੇ ਹੱਕਾਂ ‘ਤੇ ਵੱਜਦੇ ਡਾਕਿਆਂ ਵਿਰੁੱਧ ਕਦੇ ਆਵਾਜ਼ ਬੁਲੰਦ ਹੀ ਨਹੀਂ ਕੀਤੀ। ਉਨਾਂ ਭਾਜਪਾ ਨਾਲ ਚੋਣ ਗੱਠਜੋੜ ਕਾਰਨ ਵਾਲੀਆਂ ਧਿਰਾਂ ਸੁਖਦੇਵ ਸਿੰਘ ਢੀਂਡਸਾ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਚੁਣੌਤੀ ਦਿੱਤੀ ਕਿ ਮੋਦੀ ਸਰਕਾਰ ਵੱਲੋਂ ਪੰਜਾਬ ਦੇ ਹੱਕਾਂ ‘ਤੇ ਮਾਰੇ ਜਾਂਦੇ ਡਾਕਿਆਂ ਬਾਰੇ ਆਪਣੀ ਸਥਿਤੀ ਸਪੱਸ਼ਟ ਕਰਨ।  ਮਾਨ ਨੇ ਕਿਹਾ ਕਿ 10 ਮਾਰਚ ਨੂੰ ਬਣਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਹੱਕਾਂ ਲਈ ਸੜਕ ਤੋਂ ਲੈ ਕੇ ਸੰਸਦ ਤੱਕ ਅਤੇ ਸੁਪਰੀਮ ਕੋਰਟ ਤੱਕ ਲੜਾਈ ਲੜੇਗੀ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!