ਪੰਜਾਬ
ਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਦੀ ਪੰਚਾਇਤ ਮੰਤਰੀ ਲਾਲਜੀਤ ਸਿੰਘ ਭੁੱਲਰ ਨਾਲ ਹੋਈ ਪੈਨਲ ਮੀਟਿੰਗ
ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਬਣੀ ਪਾਲਿਸੀ ਤਹਿਤ ਲਿਆ ਕੇ ਸੇਵਾਵਾਂ ਰੈਗੂਲਰ ਕਰਨ ਦੀ ਕਾਰਵਾਈ ਆਰੰਭੀ ਜਾ ਚੁੱਕੀ ਹੈ
ਚੰਡੀਗੜ੍ਹ , 20 ਸਤੰਬਰ () : ਅੱਜ ਇੱਥੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਨਰੇਗਾ ਮੁਲਾਜ਼ਮਾਂ ਦੀ ਜਥੇਬੰਦੀ ਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਨਾਲ ਪੈਨਲ ਮੀਟਿੰਗ ਪੰਜਾਬ ਭਵਨ ਚੰਡੀਗੜ੍ਹ ਵਿਖੇ ਮੀਟਿੰਗ ਕੀਤੀ ਗਈ। ਵਿਭਾਗ ਵੱਲੋਂ ਸੰਯੁਕਤ ਵਿਕਾਸ ਕਮਿਸ਼ਨਰ ਅਮਿਤ ਕੁਮਾਰ, ਮੰਤਰੀ ਭੁੱਲਰ ਦੇ ਓਐਸਡੀ ਸੰਦੀਪ ਪੁਰੀ, ਨੋਡਲ ਅਫ਼ਸਰ ਵਿਕਾਸ ਕਾਟਿਲ, ਸਟੇਟ ਪ੍ਰੋਜੈਕਟ ਮੈਨੇਜਰ ਰਜਨੀ ਮਾਰੀਆ ਆਦਿ ਹਾਜ਼ਰ ਹੋਏ। ਪੈਨਲ ਵੱਲੋਂ ਯੂਨੀਅਨ ਨਾਲ ਪਿਛਲੀਆਂ ਹੋਈਆਂ ਮੀਟਿੰਗਾਂ ਵਿੱਚ ਸੇਵਾਵਾਂ ਰੈਗੂਲਰ ਕਰਨ ਸੰਬੰਧੀ ਹੋਏ ਫ਼ੈਸਲਿਆਂ ਤੇ ਵਿਸਥਾਰ ਨਾਲ ਵਿਚਾਰ-ਚਰਚਾ ਹੋਈ।
ਵਿਭਾਗ ਵੱਲੋਂ ਦੱਸਿਆ ਗਿਆ ਕਿ ਆਨਲਾਈਨ ਪੋਰਟਲ ਤੇ ਅਪਲੋਡ ਕੀਤੇ ਗਏ ਡਾਟੇ ਦੀ ਪੜਚੋਲ ਕੀਤੀ ਜਾ ਰਹੀ ਹੈ। ਜਲਦੀ ਹੀ ਨਰੇਗਾ ਮੁਲਾਜ਼ਮਾਂ ਦੇ ਡਾਟੇ ਦੀ ਪੜਤਾਲ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਜਾਵੇਗੀ। ਪੰਜਾਬ ਸਰਕਾਰ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਸੰਬੰਧੀ ਜਾਰੀ ਕੀਤੀ ਨਵੀਂ ਪਾਲਿਸੀ Policy for Welfare Adhoc , Contractual, Daily Wages, Work Charged and Temporary Employees ਤਹਿਤ ਸ਼ਰਤਾਂ ਪੂਰੀਆਂ ਕਰਨ ਵਾਲੇ ਸਾਰੇ ਨਰੇਗਾ ਮੁਲਾਜ਼ਮ ਸ਼ਾਮਲ ਕੀਤੇ ਜਾਣਗੇ।
ਮੰਤਰੀ ਭੁੱਲਰ ਨੇ ਇਹ ਵੀ ਸਪੱਸ਼ਟ ਕੀਤਾ ਕਿ ਇਹ ਪਾਲਿਸੀ “ਵਨ ਟਾਈਮ” ਲਈ ਨਹੀਂ ਹੈ, ਸਗੋਂ ਸਮੇਂ-ਸਮੇਂ ਤੇ ਸ਼ਰਤਾਂ ਪੂਰੀਆਂ ਕਰਨ ਵਾਲੇ ਮੁਲਾਜ਼ਮਾਂ ਤੇ ਵੀ ਲਾਗੂ ਹੋਵੇਗੀ। ਮੀਟਿੰਗ ਵਿੱਚ ਹੋਰਨਾਂ ਵਿਭਾਗੀ ਸਮੱਸਿਆਵਾਂ ਤੇ ਵੀ ਚਰਚਾ ਕਰਕੇ ਹੱਲ ਲੱਭੇ ਗਏ। ਯੂਨੀਅਨ ਦੀਆਂ ਕਈ ਵਿਭਾਗੀ ਮੰਗਾਂ ਤੇ ਵੀ ਸਹਿਮਤੀ ਬਣੀ। ਇਹ ਵੀ ਫੈਸਲਾ ਹੋਇਆ ਕਿ ਇੱਕ ਹਫ਼ਤੇ ਬਾਅਦ ਉੱਚ ਅਧਿਕਾਰੀਆਂ ਵੱਲੋਂ ਯੂਨੀਅਨ ਨਾਲ ਮੁੜ ਤੋਂ ਮੀਟਿੰਗ ਕੀਤੀ ਜਾਵੇਗੀ। ਅੱਜ ਦੀ ਮੀਟਿੰਗ ਵਿੱਚ ਯੂਨੀਅਨ ਤਰਫ਼ੋਂ ਸੂਬਾ ਪ੍ਰਧਾਨ ਮਨਸ਼ੇ ਖਾਂ, ਜਨਰਲ ਸਕੱਤਰ ਅੰਮ੍ਰਿਤਪਾਲ ਸਿੰਘ, ਵਿੱਤ ਸਕੱਤਰ ਸੰਜੀਵ ਕਾਕੜਾ, ਚੇਅਰਮੈਨ ਰਣਧੀਰ ਸਿੰਘ, ਪ੍ਰੈੱਸ ਸਕੱਤਰ ਅਮਰੀਕ ਸਿੰਘ ਮਹਿਰਾਜ, ਸੀਨੀਅਰ ਮੀਤ ਪ੍ਰਧਾਨ ਈਸ਼ਵਰਪਾਲ ਸਿੰਘ, ਰਮਨ ਕੁਮਾਰ ਏਪੀਓ ਆਦਿ ਹਾਜ਼ਰ ਹੋਏ।