ਪੰਜਾਬ
ਮਾਪੇ ਅਧਿਆਪਕ ਮਿਲਣੀ (ਪੀ.ਟੀ.ਐੱਮ.) ਭਗਵੰਤ ਮਾਨ ਸਰਕਾਰ ਦੀ ਪਹਿਲਕਦਮੀ : ਸਿੱਧੂ
ਪਿਛਲੀਆਂ ਸਰਕਾਰਾਂ ਨੇ ਸਿੱਖਿਆ ਦਾ ਕੀਤਾ ਸੀ ਵਪਾਰੀਕਰਨ
–
ਮੋਹਾਲੀ, 26 ਦਸੰਬਰ ( ): ਮਾਪੇ ਅਧਿਆਪਕ ਮਿਲਣੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਇੱਕ ਅਜਿਹੀ ਪਹਿਲਕਦਮੀ ਹੈ ਜਿਸ ਦੀ ਮਿਸਾਲ ਦਿੱਲੀ ਤੋਂ ਸਿਵਾਏ ਪੂਰੇ ਦੇਸ਼ ਵਿੱਚ ਕਿਧਰੇ ਨਹੀਂ ਮਿਲਦੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਮੁਲਾਜ਼ਮ ਵਿੰਗ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਮੇਲ ਸਿੰਘ ਸਿੱਧੂ, ਮੁੱਖ ਸਲਾਹਕਾਰ ਦਰਸ਼ਨ ਸਿੰਘ ਪਤਲੀ, ਸੂਬਾ ਮੀਤ ਪ੍ਰਧਾਨ ਬਚਿੱਤਰ ਸਿੰਘ ਅਤੇ ਖੁਸ਼ਵਿੰਦਰ ਸਿੰਘ ਕਪਿਲਾ ਨੇ ਇੱਕ ਸਾਂਝੇ ਪ੍ਰੈੱਸ ਬਿਆਨ ਰਾਹੀਂ ਕੀਤਾ।
ਉਨ੍ਹਾਂ ਕਿਹਾ ਕਿ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਸੂਬਾ ਸਰਕਾਰ ਨੇ ਸਿੱਖਿਆ ਵਿਭਾਗ ਦੇ ਸਮੁੱਚੇ ਅਧਿਆਪਕ, ਅਧਿਕਾਰੀ ਇਸ ਦੀ ਸਫ਼ਲਤਾ ਵਾਸਤੇ ਤਾਇਨਾਤ ਕੀਤੇ ਸਨ ਪ੍ਰੰਤੂ ਸੂਬੇ ਦਾ ਸਾਰਾ ਸਿਵਲ ਪ੍ਰਸ਼ਾਸਨ ਜਿਵੇਂ ਡਿਪਟੀ ਕਮਿਸ਼ਨਰ, ਤਹਿਸੀਲ ਪੱਧਰ ਅਤੇ ਸਮੁੱਚੇ ਵਿਦਿਆਰਥੀਆਂ ਸਮੇਤ ਮਾਪਿਆਂ ਦੀ ਸ਼ਮੂਲੀਅਤ ਕਰਵਾ ਕੇ ਜਿੱਥੇ ਸਰਕਾਰ ਦੀ ਦ੍ਰਿੜ੍ਹਤਾ ਤੇ ਸਮਰਪਣ ਭਾਵਨਾ ਝਲਕਦੀ ਹੈ, ਓਥੇ ਹ ੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦੇ ਮਾਪੇ ਉਚੇਚਾ ਸਮਾਂ ਕੱਢ ਕੇ ਸਕੂਲਾਂ ਵਿੱਚ ਆਪਣੇ ਧੀ ਪੁੱਤ ਦੇ ਅਧਿਆਪਕ ਤੇ ਅਧਿਆਪਕਾਵਾਂ ਨੂੰ ਨਿਜੀ ਤੌਰ ’ਤੇ ਮਿਲੇ।
ਸਿੱਧੂ ਅਤੇ ਪਤਲੀ ਨੇ ਦੱਸਿਆ ਕਿ ਇਹ ਸਿੱਖਿਆ ਨੂੰ ਸਮਰਪਿਤ ਸੂਬਾ ਪੱਧਰੀ ਮਾਪੇ ਅਧਿਆਪਕ ਮਿਲਣੀ ਭਗਵੰਤ ਮਾਨ ਸਰਕਾਰ ਦੀ ਸਿੱਖਿਆ ਪ੍ਰਤੀ ਨੇਕ ਨੀਅਤੀ ਦਾ ਸਬੂਤ ਹੈ। ਇਹ ਪਹਿਲੀ ਵਾਰ ਹੋਇਆ ਹੈ ਕਿ ਪੰਜਾਬ ਦੇ ਕਿਸੇ ਮੁੱਖ ਮੰਤਰੀ ਨੇ ਨਿੱਜੀ ਦਿਲਚਸਪੀ ਲੈ ਕੇ ਖ਼ੁਦ ਪ੍ਰੋਗਰਾਮ ਵਿੱਚ ਸ਼ਾਮਿਲ ਹੋ ਕੇ ਸਿੱਖਿਆ ਪ੍ਰਣਾਲੀ ਦੇ ਪੂਰਕ ਹਿੱਸੇ ਨੂੰ ਐਨਾ ਵੱਡਾ ਮਹੱਤਵ ਦਿੱਤਾ ਹੈ ਜਿਸ ਵਿੱਚ ਸਮੁੱਚੇ ਪੰਜਾਬ ਦੇ ਸਕੂਲਾਂ ਵਿੱਚ ਮੰਤਰੀ ਮੰਡਲ ਦੀ ਸਾਰੀ ਕੈਬਨਿਟ, 92 ਵਿਧਾਇਕ, ਸਿੱਖਿਆ ਅਤੇ ਸਿਵਲ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਜ਼ਿੰਮੇਵਾਰੀ ਨਿਭਾਉਂਦੇ ਨਜ਼ਰ ਆਏ। ਮਾਪਿਆਂ ਦੇ ਸੁਝਾਅ, ਅਧਿਕਾਰੀਆਂ ਤੇ ਅਧਿਆਪਕਾਂ ਨਾਲ ਸਿੱਧਾ ਵਾਰਤਾਲਾਪ ਅਜਿਹਾ ਪਹਿਲਾਂ ਕਦੇ ਵੀ ਨਹੀਂ ਹੋਇਆ ਜਿਸ ਕਰਕੇ ਸਿੱਖਿਆ ਪ੍ਰਣਾਲੀ ਲੀਹੋਂ ਲਹਿ ਗਈ ਸੀ। ‘ਆਪ’ ਸਰਕਾਰ ਦੇ ਕਾਰਜਕਾਲ ਦਾ ਇਹ ਮਿਸਾਲੀ ਕੰਮ ਸਿੱਖਿਆ ਦੇ ਮਿਆਰ ਨੂੰ ਹੋਰ ਉੱਪਰ ਲੈ ਕੇ ਜਾਵੇਗਾ। ਇਹ ਸਾਰਾ ਕੁਝ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਾਂਹਵਧੂ ਸੋਚ ਕਰਕੇ ਹੀ ਸੰਭਵ ਹੋਇਆ ਹੈ।