ਪਾਰਟੀ ਦਾ ਫੈਸਲਾ ਸਰਵਉੱਚ, ਜਨਤਾ ਦੀ ਸੇਵਾ ਲਈ ਹਮੇਸ਼ਾ ਤਿਆਰ ਰਹਾਂਗਾ: ਅਰੋੜਾ
ਪਾਰਟੀ ਦਾ ਫੈਸਲਾ ਸਰਵਉੱਚ, ਜਨਤਾ ਦੀ ਸੇਵਾ ਲਈ ਹਮੇਸ਼ਾ ਤਿਆਰ ਰਹਾਂਗਾ: ਅਰੋੜਾ
ਚੰਡੀਗੜ੍ਹ/ਹੁਸ਼ਿਆਰਪੁਰ, 25 ਸਤੰਬਰ:
ਹਲਕਾ ਹੁਸ਼ਿਆਰਪੁਰ ਦੇ ਵਿਧਾਇਕ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਉਹ ਪੰਜਾਬ ਦੇ ਕੈਬਨਿਟ ਮੰਤਰੀ ਵਜੋਂ ਸੇਵਾ ਨਿਭਾਉਂਦੇ ਹੋਏ ਹਲਕਾ ਵਾਸੀਆਂ ਅਤੇ ਪੰਜਾਬ ਦੇ ਲੋਕਾਂ ਵੱਲੋਂ ਦਿੱਤੇ ਗਏ ਸਹਿਯੋਗ ਲਈ ਹਮੇਸ਼ਾ ਧੰਨਵਾਦੀ ਰਹਿਣਗੇ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਸਮੇਂ -ਸਮੇਂ `ਤੇ ਇੱਕ ਵਰਕਰ ਨੂੰ ਵੱਖ -ਵੱਖ ਭੂਮਿਕਾਵਾਂ ਨਿਭਾਉਣ ਦਾ ਮੌਕਾ ਦਿੱਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਕੈਬਨਿਟ ਮੰਤਰੀ ਵਜੋਂ ਜਨਤਾ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਗਿਆ ਸੀ। ਇਸ ਲਈ ਉਹ ਕਾਂਗਰਸ ਪਾਰਟੀ ਦੇ ਧੰਨਵਾਦੀ ਹਨ।
ਸ੍ਰੀ ਅਰੋੜਾ ਨੇ ਕਿਹਾ ਕਿ ਉਹ ਪਾਰਟੀ ਦੇ ਫੈਸਲੇ ਦਾ ਸਨਮਾਨ ਕਰਦੇ ਹਨ ਅਤੇ ਭਵਿੱਖ ਵਿੱਚ ਜੋ ਵੀ ਭੂਮਿਕਾ ਨਿਭਾਉਣਗੇ ਉਸ ਵਿੱਚ ਉਹ ਪੂਰੀ ਇਮਾਨਦਾਰੀ, ਸਖਤ ਮਿਹਨਤ ਅਤੇ ਸਰਗਰਮੀ ਨਾਲ ਕੰਮ ਕਰਨਗੇ।
ਸ੍ਰੀ ਅਰੋੜਾ ਨੇ ਕਿਹਾ ਕਿ ਉਨ੍ਹਾਂ ਨੂੰ ਨਾ ਤਾਂ ਪਾਰਟੀ ਨਾਲ ਅਤੇ ਨਾ ਹੀ ਕਿਸੇ ਵਿਅਕਤੀ ਵਿਸ਼ੇਸ਼ ਨਾਲ ਕੋਈ ਗਿਲਾ ਜਾਂ ਸ਼ਿਕਾਇਤ ਹੈ। ਉਨ੍ਹਾਂ ਲਈ ਪਾਰਟੀ ਅਤੇ ਪਾਰਟੀ ਦਾ ਆਦੇਸ਼ ਸਰਵਉੱਚ ਹੈ।
ਜ਼ਿਕਰਯੋਗ ਹੈ ਕਿ ਜਿਵੇਂ ਹੀ ਸ਼੍ਰੀ ਅਰੋੜਾ ਨੂੰ ਪਤਾ ਲੱਗਾ ਕਿ ਉਨ੍ਹਾਂ ਨੂੰ ਨਵੇਂ ਮੰਤਰੀ ਮੰਡਲ ਵਿੱਚ ਜਗ੍ਹਾ ਨਹੀਂ ਦਿੱਤੀ ਗਈ, ਉਨ੍ਹਾਂ ਨੇ ਤੁਰੰਤ ਸਰਕਾਰੀ ਸਹੂਲਤਾਂ ਤਿਆਗ ਦਿੱਤਾ ਅਤੇ ਚੰਡੀਗੜ੍ਹ ਵਿੱਚ ਸਰਕਾਰ ਦੁਆਰਾ ਮੁਹੱਈਆ ਕਰਵਾਈ ਗਈ ਰਿਹਾਇਸ਼ ਨੂੰ ਵੀ ਖਾਲੀ ਕਰ ਦਿੱਤਾ।
ਵਪਣਨਯੋਗ ਹੈ ਕਿ 1966 ਤੋਂ ਨਵਾਂ ਪੰਜਾਬ ਬਣਨ ਤੋਂ ਲੈ ਕੇ ਹੁਣ ਤੱਕ ਅਜਿਹੀ ਅਨੋਖੀ ਮਿਸਾਲ ਅੱਜ ਤੱਕ ਇਤਿਹਾਸ ਵਿੱਚ ਨਹੀਂ ਵੇਖੀ ਗਈ। ਕਿਉਂਕਿ, ਸਰਕਾਰੀ ਸਹੂਲਤਾਂ ਦੇ ਨਾਲ ਨਾਲ ਚੰਡੀਗੜ੍ਹ ਦੇ ਜਿਸ ਸੈਕਟਰ ਵਿੱਚ ਸਰਕਾਰੀ ਰਿਹਾਇਸ਼ਾਂ ਹਨ, ਉਹ ਸਾਰਿਆਂ ਲਈ ਖਿੱਚ ਦਾ ਕੇਂਦਰ ਹੁੰਦਾ ਹੈ। ਇਸ ਦੇ ਉਲਟ ਸ੍ਰੀ ਅਰੋੜਾ ਨੇ ਨਿਮਰਤਾ ਨਾਲ ਸਰਕਾਰੀ ਰਿਹਾਇਸ਼ ਛੱਡ ਦਿੱਤੀ ਅਤੇ ਨਿਯਮਾਂ ਅਨੁਸਾਰ ਅਧਿਕਾਰੀਆਂ ਨੂੰ ਸੌਂਪ ਦਿੱਤੀ। ਇਹ ਆਪਣੇ ਆਪ ਵਿੱਚ ਇੱਕ ਉਦਾਹਰਣ ਹੈ ਕਿ ਉਨ੍ਹਾਂ ਦਾ ਸਰੋਕਾਰ ਸਿਰਫ ਜਨਤਾ ਦੀ ਸੇਵਾ ਨਾਲ ਹੀ ਹੈ ਅਤੇ ਸਰਕਾਰੀ ਸਹੂਲਤਾਂ ਅਤੇ ਸੁਰੱਖਿਆ ਦਾ ਘੇਰਾ ਉਹਨਾਂ ਲਈ ਕੋਈ ਮਾਇਨੇ ਨਹੀਂ ਰੱਖਦਾ।
ਉਨ੍ਹਾਂ ਕਿਹਾ ਕਿ ਰਾਜਨੀਤੀ ਉਨ੍ਹਾਂ ਲਈ ਸਮਾਜ ਸੇਵਾ ਦਾ ਇੱਕ ਜ਼ਰੀਆ ਹੈ ਅਤੇ ਉਹ ਆਉਣ ਵਾਲੇ ਸਮੇਂ ਵਿੱਚ ਹੁਸ਼ਿਆਰਪੁਰ ਵਿਧਾਨ ਸਭਾ ਹਲਕੇ ਦੇ ਸੇਵਾਦਾਰ ਵਜੋਂ ਇਲਾਕੇ ਦੇ ਵਿਕਾਸ ਲਈ ਹਮੇਸ਼ਾ ਤਿਆਰ ਰਹਿਣਗੇ।
ਸ੍ਰੀ ਅਰੋੜਾ ਨੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਹਲਕਾ ਵਾਸੀਆਂ ਦਾ ਸਹਿਯੋਗ, ਪਿਆਰ ਅਤੇ ਅਸ਼ੀਰਵਾਦ ਉਨ੍ਹਾਂ ਨੂੰ ਪਹਿਲਾਂ ਵਾਂਗ ਮਿਲਦਾ ਰਹੇਗਾ ਤਾਂ ਜੋ ਉਹ ਆਪਣੇ ਵਸਨੀਕਾਂ ਦੇ ਵਿਕਾਸ ਅਤੇ ਭਲਾਈ ਲਈ ਆਪਣੀ ਡਿਊਟੀ ਨਿਭਾ ਸਕਣ।
ਉਨ੍ਹਾਂ ਨੇ ਅੱਜ ਸਰਕਾਰੀ ਰਿਹਾਇਸ਼ ਖਾਲੀ ਕਰ ਦਿੱਤੀ। ਉਨ੍ਹਾਂ ਦੀ ਧੀ ਡਾ. ਸ਼ਿਵਾਨੀ ਅਰੋੜਾ ਪੁਰੀ ਉਨ੍ਹਾਂ ਦਾ ਸਮਾਨ ਟਰੱਕ ਰਾਹੀਂ ਹੁਸ਼ਿਆਰਪੁਰ ਲਿਜਾਣ ਲਈ ਨਿੱਜੀ ਤੌਰ `ਤੇ ਇੱਥੇ ਪਹੁੰਚੀ।
———-