ਪੰਜਾਬ ਦੇ ਰਾਜਪਾਲ ਵਲੋਂ ਕਾਰਗਿਲ ਵਿਜੇ ਦਿਵਸ ਦੀ ਸਿਲਵਰ ਜੁਬਲੀ ਵਰ੍ਹੇਗੰਢ ਮਨਾਉਣ ਦੀ ਸ਼ੁਰੂਆਤ
ਕਾਰਗਿਲ ਜੰਗ ਦੀ 25ਵੀਂ ਵਰ੍ਹੇਗੰਢ ਮਨਾਉਣ ਲਈ ਬੂਟੇ ਲਗਾਉਣ ਦੀ ਮੁਹਿੰਮ ਚਲਾਈ ਗਈ
ਕਾਰਗਿਲ ਵਿਜੇ ਦਿਵਸ ਸਬੰਧੀ ਚਲਾਈ ਜਾ ਰਹੀ ਮੁਹਿੰਮ ‘ਏਕ ਪੇਡ ਮਾਂ ਕੇ ਨਾਮ’ (ਇੱਕ ਰੁੱਖ ਮਾਂ ਲਈ) ਨੂੰ ਵੀ ਹੁਲਾਰਾ ਦੇਵੇਗੀ
ਚੰਡੀਗੜ੍ਹ, 15 ਜੁਲਾਈ: ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਤ ਪ੍ਰਦੇਸ਼, ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਅੱਜ ਇੱਥੇ ਪੰਜਾਬ ਰਾਜ ਭਵਨ ਵਿਖੇ ਬੂਟਾ ਲਗਾ ਕੇ ਕਾਰਗਿਲ ਵਿਜੇ ਦਿਵਸ ਦੀ ਸਿਲਵਰ ਜੁਬਲੀ ਵਰ੍ਹੇਗੰਢ ਮਨਾਉਣ ਸਬੰਧੀ ਮੁਹਿੰਮ ਦੀ ਸ਼ੁਰੂਆਤ ਕੀਤੀ।
ਇਸ ਮੌਕੇ ਪੰਜਾਬ ਦੇ ਰਾਜਪਾਲ ਨੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਸਰਕਾਰ ਵੱਲੋਂ ਵੱਧ ਤੋਂ ਵੱਧ ਰੁੱਖ ਲਗਾਉਣ ਸਬੰਧੀ ਚਲਾਈ ਜਾ ਰਹੀ ਮੁਹਿੰਮ ‘ਏਕ ਪੇਡ ਮਾਂ ਕੇ ਨਾਮ’ (ਇੱਕ ਰੁੱਖ ਮਾਂ ਲਈ) ਨੂੰ ਵੀ ਹੁਲਾਰਾ ਦੇਵੇਗੀ।
ਦੱਸਣਯੋਗ ਹੈ ਕਿ ਪੰਜਾਬ ਰਾਜ ਭਵਨ ਵਿਖੇ ਪੌਦਾ ਲਗਾਉਣ ਲਈ ਮਿੱਟੀ ਜੰਮੂ ਕਸ਼ਮੀਰ ਸਟੱਡੀ ਸੈਂਟਰ (ਜੇ.ਕੇ.ਐਸ.ਸੀ.) ਚੰਡੀਗੜ੍ਹ ਵੱਲੋਂ ਵਿਸੇਸ਼ ਤੌਰ ‘ਤੇ ਕਾਰਗਿਲ ਯੁੱਧ ਦੇ ਸ਼ੁਰੂ ਹੋਣ ਵਾਲੇ ਸਥਾਨ ਬਜਰੰਗ ਪੋਸਟ ਤੋਂ ਲਿਆਂਦੀ ਗਈ ਹੈ । ਇਹ ਉਹ ਥਾਂ ਸੀ ਜਿੱਥੇ ਜਾਟ ਰੈਜੀਮੈਂਟ ਦੇ ਕੈਪਟਨ ਸੌਰਭ ਕਾਲੀਆ ਅਤੇ ਉਨ੍ਹਾਂ ਦੇ ਸਿਪਾਹੀਆਂ ਨੂੰ ਮਈ 1999 ਵਿੱਚ ਗਸ਼ਤ ਦੌਰਾਨ ਪਾਕਿਸਤਾਨ ਰੇਂਜਰਾਂ ਨੇ ਬੰਦੀ ਬਣਾ ਲਿਆ ਸੀ, ਜਿਨ੍ਹਾਂ ਨੇ ਪੋਸਟ ਵਾਪਸ ਲੈਣ ਦੀ ਕੋਸ਼ਿਸ਼ ਕਰਦਿਆਂ ਸ਼ਹੀਦੀ ਪ੍ਰਾਪਤ ਕੀਤੀ।
ਰਾਜਪਾਲ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਕਾਇਮ ਰੱਖਣ ਲਈ ਭਾਰਤੀ ਹਥਿਆਰਬੰਦ ਬਲਾਂ ਦੀ ਬਹਾਦਰੀ ਤੇ ਦ੍ਰਿੜ ਹੌਸਲੇ ਦਾ ਵੀ ਜ਼ਿਕਰ ਕੀਤਾ । ਉਨ੍ਹਾਂ ਨੇ ਲੋਕਾਂ ਨੂੰ ਅਜਿਹੀਆਂ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਦਾ ਸੱਦਾ ਦਿੱਤਾ ਜੋ ਨਾ ਸਿਰਫ਼ ਵਾਤਾਵਰਨ ਨੂੰ ਬਚਾਉਣ ਵਿੱਚ ਮਦਦ ਕਰਨ ਬਲਕਿ ਭਾਰਤੀ ਹਥਿਆਰਬੰਦ ਸੈਨਾਵਾਂ ਦੀ ਬਹਾਦਰੀ ਅਤੇ ਮਹਾਨ ਕੁਰਬਾਨੀ ਬਾਰੇ ਜਾਗਰੂਕਤਾ ਪੈਦਾ ਕਰਨ ਵਿੱਚ ਵੀ ਸਹਾਈ ਹੋਣ।
ਬੂਟੇ ਲਗਾਉਣ ਦੀ ਇਹ ਮੁਹਿੰਮ ਜੰਮੂ ਕਸ਼ਮੀਰ ਸਟੱਡੀ ਸੈਂਟਰ, ਚੰਡੀਗੜ੍ਹ ਵੱਲੋਂ ਕਾਰਗਿਲ ਜੰਗ ਦੀ 25ਵੀਂ ਵਰ੍ਹੇਗੰਢ ਨੂੰ ਮਨਾਉਣ ਲਈ ਅਗਲੇ ਦੋ ਹਫ਼ਤਿਆਂ ਦੌਰਾਨ ਕਰਵਾਈਆਂ ਜਾਣ ਵਾਲੀਆਂ ਗਤੀਵਿਧੀਆਂ ਦੇ ਹਿੱਸੇ ਵਜੋਂ ਚਲਾਈ ਗਈ ਸੀ। ਸਮਾਗਮਾਂ ਦੀ ਲੜੀ ਅਧੀਨ ਸਭ ਤੋਂ ਪਹਿਲਾਂ ਯੂ.ਟੀ., ਚੰਡੀਗੜ੍ਹ ਦੇ ਸਾਰੇ ਸਰਕਾਰੀ ਸਕੂਲਾਂ/ਕਾਲਜਾਂ ਵਿੱਚ ਬੂਟੇ ਲਾਉਣ ਦੀ ਮੁਹਿੰਮ ਚਲਾਈ ਜਾਵੇਗੀ।
ਇਸ ਮੌਕੇ ਜੇ.ਕੇ.ਐਸ.ਸੀ. ਚੰਡੀਗੜ੍ਹ ਦੇ ਪ੍ਰਧਾਨ ਵਿਵੇਕ ਚੌਹਾਨ ਅਤੇ ਸਕੱਤਰ ਸਿਮਰਤ ਕਾਹਲੋਂ, ਨੇ ਇਸ ਪੰਦਰਵਾੜੇ ਦੌਰਾਨ ਜੇ.ਕੇ.ਐਸ.ਸੀ. ਵੱਲੋਂ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਇਸ ਪਹਿਲਕਦਮੀ ਦਾ ਹਿੱਸਾ ਬਣਨ ਲਈ ਰਾਜਪਾਲ ਅਤੇ ਹਾਜ਼ਰ ਮਹਿਮਾਨਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੋ. ਰੇਣੂ ਵਿਜ, ਪ੍ਰੋ. ਸ਼ਿਵਾਨੀ ਸ਼ਰਮਾ, ਦੀਪਕ ਬੱਤਰਾ, ਚੇਤਨ ਮਿੱਤਲ, ਦਵਿੰਦਰ ਠਾਕੁਰ, ਵਿਜੇ ਵੈਸ਼ਨਵੀ, ਜੈ ਕੁਮਾਰ, ਜਸਵਿੰਦਰ ਅਤੇ ਰਾਕੇਸ਼ ਸ਼ਰਮਾ ਵੀ ਹਾਜ਼ਰ ਸਨ।