*ਬੇਅਦਬੀ – ਗੋਲੀਕਾਂਡ ਦੇ ਦੋਸ਼ੀ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਸਮੇਤ ਹੋਰ ਪੁਲਿਸ ਅਧਿਕਾਰੀਆਂ ਨੂੰ ਹਾਈਕੋਰਟ ਤੋਂ ਨਹੀਂ ਮਿਲੀ ਰਾਹਤ*
* ਹਾਈਕੋਰਟ ਨੇ ਕਿਹਾ, ਜਦੋਂ ਹੇਠਲੀ ਅਦਾਲਤ 'ਚ ਦੋਸ਼ ਤੈਅ ਕੀਤੇ ਜਾਣਗੇ, ਤਾਂ ਹੇਠਲੀ ਅਦਾਲਤ 'ਚ ਬਹਿਸ ਰੱਖਣ*
ਬੇਅਦਬੀ – ਗੋਲੀਕਾਂਡ ਮਾਮਲੇ ਦੇ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਹਾਈ ਕੋਰਟ ਤੋਂ ਕੋਈ ਰਾਹਤ ਨਹੀਂ ਮਿਲ ਸਕੀ ਹੈ। ਹਾਈ ਕੋਰਟ ਨੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ, ਆਈ.ਜੀ. ਉਮਰੰਗਲ ਸਮੇਤ ਹੋਰ ਅਧਿਕਾਰੀਆਂ ਦੀਆਂ ਪਟੀਸ਼ਨਾਂ ਦਾ ਨਿਪਟਾਰਾ ਕਰਦਿਆਂ ਇਨ੍ਹਾਂ ਸਾਰੇ ਅਧਿਕਾਰੀਆਂ ਨੂੰ ਹੁਕਮ ਦਿੱਤੇ ਹਨ ਕਿ ਇਹ ਮਾਮਲਾ ਹੇਠਲੀ ਅਦਾਲਤ ਵਿੱਚ ਵਿਚਾਰ ਅਧੀਨ ਹੈ ਅਤੇ ਮੁਲਜ਼ਮਾਂ ਖ਼ਿਲਾਫ਼ ਚਾਰਜ ਫਰੇਮ ਹੋਣਾ ਬਾਕੀ ਹੈ।
ਜਦੋਂ ਹੇਠਲੀ ਅਦਾਲਤ ਵਿੱਚ ਦੋਸ਼ ਆਇਦ ਹੋ ਜਾਣ ਤਾਂ ਉਸ ਨੂੰ ਹੇਠਲੀ ਅਦਾਲਤ ਵਿੱਚ ਹੀ ਆਪਣੀਆਂ ਦਲੀਲਾਂ ਦੇਣੀਆਂ ਚਾਹੀਦੀਆਂ ਹਨ। ਇਸ ਦੇ ਨਾਲ ਹੀ ਹੇਠਲੀ ਅਦਾਲਤ ਨੂੰ ਹੁਕਮ ਦਿੱਤੇ ਗਏ ਹਨ ਕਿ ਉਹ ਇਨ੍ਹਾਂ ਸਾਰੇ ਮੁਲਜ਼ਮਾਂ ਦੀਆਂ ਅਰਜ਼ੀਆਂ ਨੂੰ ਇਕੱਠੇ ਸੁਣੇ ਅਤੇ ਉਨ੍ਹਾਂ ‘ਤੇ ਨਿਰਧਾਰਤ ਕਾਨੂੰਨ ਤਹਿਤ ਹੁਕਮ ਜਾਰੀ ਕੀਤੇ ਜਾਣ।
ਜ਼ਿਕਰਯੋਗ ਹੈ ਕਿ ਸੈਣੀ ਨੇ ਆਪਣੇ ਖਿਲਾਫ ਚਾਰਜਸ਼ੀਟ ਨੂੰ ਅਤੇ ਉਮਰਾਨੰਗਲ ਨੇ ਇਸ ਮਾਮਲੇ ‘ਚ ਉਨ੍ਹਾਂ ਖਿਲਾਫ ਦਰਜ ਐੱਫ.ਆਈ.ਆਰ. ਅਤੇ ਹੋਰਾਂ ਨੇ ਆਪਣੇ ਖਿਲਾਫ ਦਰਜ ਮਾਮਲਿਆਂ ਵਿਚ ਕਾਰਵਾਈ ਤੇ ਰੋਕ ਲਗਾਉਣ ਲਈ ਹਾਈਕੋਰਟ ਵਿੱਚ ਪਟੀਸ਼ਨ ਦਾਖਿਲ ਕੀਤੀ ਸੀ ।