ਪੰਜਾਬ

ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਪੀ.ਐਸ.ਈ.ਬੀ. ਸਾਂਝਾ ਮੰਚ ਅਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਨਾਲ ਮੀਟਿੰਗ

ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਪੀ.ਐਸ.ਈ.ਬੀ. ਸਾਂਝਾ ਮੰਚ ਅਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਨਾਲ ਮੀਟਿੰਗ

ਚੰਡੀਗੜ੍ਹ, 31 ਜੁਲਾਈ

ਪੰਜਾਬ ਦੇ ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ ਨੇ ਅੱਜ ਇਥੇ ਬਿਜਲੀ ਵਿਭਾਗ ਨਾਲ ਸਬੰਧਤ ਪੀ.ਐਸ.ਈ.ਬੀ. ਸਾਂਝਾ ਮੰਚ ਅਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਨਾਲ ਮੀਟਿੰਗ ਕਰਦਿਆਂ ਉਨ੍ਹਾਂ ਨਾਲ ਸਬੰਧਤ ਵੱਖ-ਵੱਖ ਮਸਲਿਆਂ ਬਾਰੇ ਵਿਚਾਰ ਚਰਚਾ ਕੀਤੀ।

ਮੀਟਿੰਗ ਦੌਰਾਨ ਬਿਜਲੀ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ ਨੇ ਯੂਨੀਅਨ ਦੇ ਨੁਮਾਇੰਦਿਆਂ ਨੂੰ ਭਰੋਸਾ ਦਿਵਾਇਆ ਕਿ ਡਿਊਟੀ ਦੌਰਾਨ ਆਪਣੀ ਜਾਨ ਗਵਾਉਣ ਵਾਲੇ ਬਿਜਲੀ ਮੁਲਾਜ਼ਮਾਂ ਲਈ ਮੁਆਵਜ਼ਾ ਵਧਾਉਣ ਲਈ ਉਹ ਖੁੱਦ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਵਿੱਤ ਮੰਤਰੀ ਸ. ਹਰਪਾਲ ਸਿੰਘ ਚੀਮਾ ਕੋਲ ਉਨ੍ਹਾਂ ਦੇ ਮਾਮਲੇ ਦੀ ਪੈਰਵੀ ਕਰਨਗੇ। ਇਸ ਮੌਕੇ ਘਾਤਕ ਹਾਦਸਿਆਂ ਨੂੰ ਘਟਾਉਣ ਅਤੇ ਬਿਜਲੀ ਕਰਮਚਾਰੀਆਂ ਲਈ ਸੁਰੱਖਿਅਤ ਕੰਮਕਾਜ ਦੇ ਮਾਹੌਲ ਨੂੰ ਯਕੀਨੀ ਬਣਾਉਣ ਲਈ ਪਹਿਲਕਦਮੀਆਂ ਬਾਰੇ ਵੀ ਚਰਚਾ ਕੀਤੀ ਗਈ।

ਬਿਜਲੀ ਮੰਤਰੀ ਨੇ ਵਿਭਾਗ ਅੰਦਰ ਤਰੱਕੀਆਂ, ਅਸਾਮੀਆਂ ਦੇ ਪੁਨਰਗਠਨ ਅਤੇ ਦਫ਼ਤਰੀ ਇਮਾਰਤਾਂ ਦੇ ਨਵੀਨੀਕਰਨ ਦੀ ਲੋੜ ਬਾਰੇ ਉਠਾਈਆਂ ਗਈਆਂ ਮੰਗਾਂ ਬਾਰੇ ਮੀਟਿੰਗ ਵਿੱਚ ਹਾਜਰ ਵਧੀਕ ਮੁੱਖ ਸਕੱਤਰ (ਬਿਜਲੀ) ਸ੍ਰੀ ਤੇਜਵੀਰ ਸਿੰਘ, ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਪੀ.ਐਸ.ਪੀ.ਸੀ.ਐਲ ਸ. ਬਲਦੇਵ ਸਿੰਘ ਸਰਾਂ, ਡਾਇਰੈਕਟਰ ਐਡਮਿਨ ਸ. ਜਸਬੀਰ ਸਿੰਘ ਸੁਰਸਿੰਘ ਅਤੇ ਡਾਇਰੈਕਟਰ ਕਮਰਸ਼ੀਅਲ ਇੰਜ. ਆਰ.ਐਸ. ਸੈਣੀ ਨਾਲ ਚਰਚਾ ਕੀਤੀ। ਅਧਿਕਾਰੀਆਂ ਨੇ ਬਿਜਲੀ ਮੰਤਰੀ ਨੂੰ ਜਾਣੂੰ ਕਰਵਾਇਆ ਕਿ ਵਿਭਾਗ ਅੰਦਰ ਤਰੱਕੀਆਂ ਨੂੰ ਸਮੇਂ ਸਿਰ ਯਕੀਨੀ ਬਣਾਇਆ ਜਾ ਰਿਹਾ ਹੈ। ਬਿਜਲੀ ਮੰਤਰੀ ਨੇ ਯੂਨੀਅਨ ਦੀਆਂ ਤਨਖਾਹ ਸਬੰਧੀ, ਮੁਲਾਜ਼ਮਾਂ ਨੂੰ ਪੱਕੇ ਕਰਨ ਸਬੰਧੀ, ਕਿਸੇ ਬਿਜਲੀ ਹਾਦਸੇ ਦੌਰਾਨ ਜ਼ਖਮੀ ਹੋਣ ਵਾਲੇ ਵਿਅਕਤੀ ਨੂੰ ਕੈਸ਼ਲੈਸ ਇਲਾਜ ਮੁਹੱਈਆ ਕਰਵਾਉਣ ਆਦਿ  ਮੰਗਾਂ ਨੂੰ ਧਿਆਨ ਨਾਲ ਸੁਣਿਆ ਅਤੇ ਇਨ੍ਹਾਂ ਮਸਲਿਆਂ ਦੇ ਹੱਲ ਲਈ ਵਿਭਾਗ ਵੱਲੋਂ ਕਾਰਵਾਈ ਕਰਨ ਦਾ ਭਰੋਸਾ ਦਿੰਦਿਆਂ ਕਿਹਾ ਕਿ ਜਿੰਨ੍ਹਾਂ ਮਾਮਲਿਆਂ ਵਿੱਚ ਵਿੱਤ ਵਿਭਾਗ, ਪ੍ਰਸੋਨਲ ਜਾਂ ਐਡਵੋਕੇਟ ਜਨਰਲ ਦੇ ਦਫਤਰ ਦੀ ਰਾਏ ਦੀ ਜ਼ਰੂਰਤ ਹੈ ਉਥੇ ਉਹ ਖੁੱਦ ਪਹਲਕਦਮੀ ਕਰਦਿਆਂ ਮਸਲਿਆਂ ਦੇ ਜਲਦੀ ਹੱਲ ਲਈ ਕੋਸ਼ਿਸ਼ ਕਰਨਗੇ।

ਇਸ ਮੌਕੇ ਮੁਲਾਜ਼ਮਾਂ ਦੀ ਭਲਾਈ ਲਈ ਬਿਜਲੀ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ ਦੀ ਵਚਨਬੱਧਤਾ ਦਾ ਪੀ.ਐਸ.ਈ.ਬੀ. ਸਾਂਝਾ ਮੰਚ ਅਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਹੈ।

ਇਸ ਮੀਟਿੰਗ ਵਿੱਚ ਮੁਲਾਜ਼ਮ ਜਥੇਬੰਦੀਆਂ ਵੱਲੋਂ ਟੀ.ਐਸ.ਯੂ ਦੇ ਪ੍ਰਧਾਨ ਰਤਨ ਸਿੰਘ, ਏਟਕ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਗੜ੍ਹਦੀਵਾਲ, ਐਮ.ਐਸ.ਯੂ ਦੇ ਪ੍ਰਧਾਨ ਹਰਪਾਲ ਸਿੰਘ, ਇੰਪਲਾਈਜ਼ ਫੈਡਰੇਸ਼ਨ (ਚਾਹਲ) ਦੇ ਜਨਰਲ ਸਕੱਤਰ ਗੁਰਵੇਲ ਸਿੰਘ, ਇੰਪਲਾਈਜ਼ ਫੈਡਰੇਸ਼ਨ (ਪਹਿਲਵਾਨ) ਦੇ ਪ੍ਰਧਾਨ ਬਲਦੇਵ ਸਿੰਘ, ਥਰਮਲ ਕਾਰਡੀਨੇਸ਼ਨ ਕਮੇਟੀ ਦੇ ਪ੍ਰਧਾਨ ਜਗਜੀਤ ਸਿੰਘ ਕੋਟਲੀ, ਇੰਪਲਾਈਜ ਫੈਡਰੇਸ਼ਨ (ਫਲਜੀਓ) ਦੇ ਪ੍ਰਧਾਨ ਕੌਰ ਸਿੰਘ ਸੋਹੀ, ਜੂਨੀਅਰ ਇੰਜੀਨੀਅਰ ਐਸੋਸੀਏਸ਼ਨ ਦੇ ਪ੍ਰਧਾਨ ਰਣਜੀਤ ਸਿੰਘ ਢਿੱਲੋਂ, ਇੰਪਲਾਈਜ਼ ਫੈਡਰੇਸ਼ਨ (ਭਾਰਦਵਾਜ) ਦੇ ਸਕੱਤਰ ਬਲਜੀਤ ਸਿੰਘ, ਆਈ.ਟੀ.ਆਈ. ਇੰਪਲਾਈਜ਼ ਐਸੋਸੀਏਸ਼ਨ ਦੇ ਪ੍ਰਧਾਨ ਦਵਿੰਦਰ ਸਿੰਘ, ਕਰਮਚਾਰੀ ਦਲ ਪੰਜਾਬ ਦੇ ਪ੍ਰਧਾਨ ਤਜਿੰਦਰ ਸਿੰਘ ਸੇਖੋਂ ਅਤੇ ਇੰਪਲਾਈਜ਼ ਫੈਡਰੇਸ਼ਨ ਪੀ.ਐਸ.ਪੀ.ਸੀ.ਐਲ ਐਂਡ ਪੀ.ਐਸ.ਟੀ.ਸੀ.ਐਲ ਤੋਂ ਗੁਰਤੇਜ ਸਿੰਘ ਪੱਖੋ ਹਾਜਰ ਸਨ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!