ਪੰਜਾਬ ਬਚਾਓ ਯਾਤਰਾ ਨੂੰ ਅਜਨਾਲਾ ਤੇ ਮਜੀਠਾ ਵਿਚ ਮਿਲਿਆ ਲਾਮਿਸਾਲ ਹੁੰਗਾਰਾ
ਸੁਖਬੀਰ ਬਾਦਲ ਵੱਲੋਂ ਦਿੱਲੀ ਆਧਾਰਿਤ ਪਾਰਟੀਆਂ ਨੂੰ ਪੰਜਾਬ ਵਿਚੋਂ ਬਾਹਰ ਕਰਨ ਦਾ ਸੱਦਾ
ਅਜਨਾਲਾ/ਮਜੀਠਾ, 2 ਫਰਵਰੀ: ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਨੂੰ ਅੱਜ ਅਜਨਾਲਾ ਤੇ ਮਜੀਠਾ ਦੋਵਾਂ ਹਲਕਿਆਂ ਵਿਚ ਲਾਮਿਸਾਲ ਹੁੰਗਾਰਾ ਮਿਲਿਆ।
ਯਾਤਰਾ ਦੌਰਾਨ ਸਮਾਜ ਦੇ ਹਰ ਵਰਗ ਦੇ ਲੋਕ ਵੱਡੀ ਗਿਣਤੀ ਵਿਚ ਹਜ਼ਾਰਾਂ ਵਾਹਨਾਂ ਦਾ ਕਾਫਲਾ ਲੈ ਕੇ ਸ਼ਾਮਲ ਹੋਏ।
ਇਸ ਯਾਤਰਾ ਵੱਲੋਂ ਨਵਾਂ ਰਿਕਾਰਡ ਸਿਰਜਣਾ ਤੈਅ ਹੈ। ਕਦੇ ਵੀ ਪਹਿਲਾਂ ਅਜਿਹੇ ਦ੍ਰਿਸ਼ ਵੇਖਣ ਨੂੰ ਨਹੀਂ ਮਿਲੇ ਜੋ ਹੁਣ ਸੜਕਾਂ, ਕਸਬਿਆਂ ਤੇ ਪਿੰਡਾਂ ਵਿਚ ਵੇਖਣ ਨੂੰ ਮਿਲ ਰਹੇ ਹਨ ਜਿਥੇ ਉਠੋ ਵੀ ਸ਼ੇਰ ਪੰਜਾਬੀਓ ਪੰਜਾਬ ਲੋ ਗੀਤ ’ਤੇ ਕੇਸਰੀ ਰੰਗ ਦਾ ਸਮੁੰਦਰ ਨਜ਼ਰ ਆਉਂਦਾ ਹੋਵੇ।
ਮਜੀਠਾ ਹਲਕੇ ਵਿਚ ਤਾਂ ਹਾਲਾਤ ਵੇਖ ਕੇ ਹੀ ਹੈਰਾਨੀ ਹੁੰਦੀ ਸੀ। ਜਿਵੇਂ ਐਮਰਜੰਸੀ ਦੇ ਖਿਲਾਫ ਤੇ ਧਰਮ ਯੁੱਧ ਮੋਰਚੇ ਵੇਲੇ ਹੁੰਗਾਰੇ ਮਿਲੇ ਸਨ, ਉਹੋ ਹੁੰਗਾਰੇ ਲੋਕ ਇਸ ਯਾਤਰਾ ਨੂੰ ਦੇ ਰਹੇ ਹਨ।
ਜਿਸ ਦੌਰਾਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਠਪੁਤਲੀ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਦਿੱਲੀ ਆਧਾਰਿਤ ਪਾਰਟੀਆਂ ਨੂੰ ਚਲਦਾ ਕਰਨ ਅਤੇ ਆਪਣਾ ਵਿਸ਼ਵਾਸ ਪੰਜਾਬੀਆਂ ਦੀਆਂ ਆਸਾਂ ਦੀ ਪ੍ਰਤੀਨਿਧਤਾ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਵਿਚ ਪ੍ਰਗਟਾਉਣ ਦਾ ਸੱਦਾ ਦਿੱਤਾ।
ਪੰਜਾਬ ਬਚਾਓ ਯਾਤਰਾ ਦੌਰਾਨ ਅਜਨਾਲਾ ਤੇ ਮਜੀਠਾ ਵਿਚ ਠਹਿਰਾਅ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅਸੀਂ ਲੋਕਾਂ ਨੂੰ ਇਸ ਸਿੱਖ ਵਿਰੋਧੀ ਤੇ ਪੰਜਾਬ ਵਿਰੋਧੀ ਆਪ ਸਰਕਾਰ ਦੇ ਹਰ ਮੁਹਾਜ਼ ’ਤੇ ਅਸਫਲ ਹੋਣ ਦੀ ਸੱਚਾਈ ਦੱਸਣ ਆਏ ਹਾਂ। ਅਜਨਾਲਾ ਜਿਥੇ ਉਹਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜੋਧ ਸਿੰਘ ਸਮਰਾ ਨੂੰ ਨਵਾਂ ਹਲਕਾ ਇੰਚਾਰਜ ਲਾਉਣ ਦਾ ਐਲਾਨ ਕੀਤਾ
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੈਂ ਇਸ ਯਾਤਰਾ ਦੌਰਾਨ ਲਿੰਕ ਸੜਕਾਂ ਤੇ ਸੀਵਰੇਜ ਦੇ ਬੁਨਿਆਦੀ ਢਾਂਚੇ ਦੇ ਹਾਲਾਤ ਵੇਖੇ ਹਨ। ਬਾਦਲ ਨੇ ਯਾਤਰਾ ਦੌਰਾਨ ਵੱਖ-ਵੱਖ ਥਾਵਾਂ ’ਤੇ ਕਿਸਾਨਾਂ ਨਾਲ ਵੀ ਗੱਲਬਾਤ ਕੀਤੀ। ਕਿਸਾਨਾਂ ਨੇ ਗਿਲਾ ਕੀਤਾ ਕਿ ਲਗਾਤਾਰ ਦੋ ਵਾਰ ਫਸਲ ਫੇਲ੍ਹ ਹੋਣ ’ਤੇ ਵੀ ਉਹਨਾਂ ਨੂੰ ਮੁਆਵਜ਼ਾ ਨਹੀਂ ਮਿਲਿਆ।
ਉਹਨਾਂ ਇਹ ਵੀ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਦਾਲਾਂ ਤੇ ਮੱਕੀ ’ਤੇ ਐਮ ਐਸ ਪੀ ਦੇਣ ਦੇ ਵਾਅਦੇ ਦੇ ਬਾਵਜੂਦ ਉਹਨਾਂ ਨੂੰ ਐਮ ਐਸ ਪੀ ਨਹੀਂ ਮਿਲੀ।
ਇਸ ਤੋਂ ਪਹਿਲਾਂ ਯਾਤਰਾ ਸੰਗਤ ਪੁਰਾ (ਅਜਨਾਲਾ ਹਲਕੇ) ਵਿਚ ਰੁਕੀ ਜਿਥੇ ਅਣਗਿਣਤ ਸੁਵਿਧਾ ਕੇਂਦਰਾਂ ਨੂੰ ਤਾਲਾ ਲੱਗਾ ਹੋਇਆ ਹੈ, ਸ਼ੀਸ਼ੇ ਟੁੱਟੇ ਹਨ ਤੇ ਦਰਵਾਜ਼ੇ ਸਿਉਂਕ ਖਾ ਗਈ ਹੈ।
ਬਾਦਲ ਨੇ ਕਿਹਾ ਕਿ ਸੁਵਿਧਾ ਕੇਂਦਰ ਦੀ ਇਹ ਦੁਰਦਸ਼ਾ ਦੱਸਦੀ ਹੈ ਕਿ ਪੰਜਾਬ ਵਿਚ ਕਿਵੇਂ ਬਾਹਰਲੇ ਲੋਕ ਸਰਕਾਰ ਚਲਾ ਰਹੇ ਹਨ। ਬਾਦਲ ਨੇ ਵੱਖ-ਵੱਖ ਥਾਵਾਂ ’ਤੇ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ ਤੇ ਵਿਸ਼ਵਾਸ ਦੁਆਇਆ ਕਿ ਅਕਾਲੀ ਦਲ ਉਹਨਾਂ ਨੂੰ ਇਨਸਾਫ ਮਿਲਣਾ ਯਕੀਨੀ ਬਣਾਵੇਗਾ।
ਅਜਨਾਲਾ ਵਿਚ ਇਸਾਈ ਭਾਈਚਾਰੇ ਦੇ ਲੋਕ ਵੱਡੀ ਗਿਣਤੀ ਵਿਚ ਯਾਤਰਾ ਦਾ ਹਿੱਸਾ ਬਣੇ। ਅਕਾਲੀ ਦਲ ਦੇ ਸ਼ਾਂਤੀ ਤੇ ਫਿਰਕੂ ਸਦਭਾਵਨਾ ਦੇ ਦ੍ਰਿਸ਼ਟੀਕੋਣ ਦੀ ਹਮਾਇਤ ਕਰਦਿਆਂ ਉਹਨਾਂ ਕਿਹਾ ਕਿ ਅਸੀਂ ਪੰਜਾਬ ਨੂੰ ਬਚਾਉਣ ਲਈ 100 ਫੀਸਦੀ ਅਕਾਲੀ ਦਲ ਦੇ ਨਾਲ ਹਾਂ।
ਇਕ ਇਸਾਈ ਪ੍ਰਤੀਨਿਧ ਨੇ ਅਕਾਲੀ ਦਲ ਦੇ ਪ੍ਰਧਾਨ ਨੂੰ ਆਖਿਆ ਕਿ ਸਿੱਖ, ਹਿੰਦੂ, ਇਸਾਈ, ਮੁਸਲਮਾਨ ਹਰ ਕੋਈ ਬਾਹਰਲਿਆਂ ਨਾਲ ਲੜਾਈ ਤੇ ਪੰਜਾਬ ਤੇ ਪੰਜਾਬੀਆਂ ਨੂੰ ਬਚਾਉਣ ਦੇ ਸੰਘਰਸ਼ ਵਿਚ ਅਕਾਲੀ ਦਲ ਦਾ ਡੱਟ ਕੇ ਸਾਥ ਦੇਣਗੇ।
ਇਸ ਮੌਕੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ, ਅਨਿਲ ਜੋਸ਼ੀ ਤੇ ਡਾ. ਦਲਜੀਤ ਸਿੰਘ ਚੀਮਾ ਵੀ ਯਾਤਰਾ ਵਿਚ ਸ਼ਾਮਲ ਸਨ।