ਮੁੱਖ ਮੰਤਰੀ ਵੱਲੋਂ ਕਿਸਾਨਾਂ ਨੂੰ ਸ਼ਾਂਤਮਈ ਭਾਰਤ ਬੰਦ ਲਈ ਵਧਾਈ, ਆਪਣੀਆਂ ਜਾਨਾਂ ਗਵਾਉਣ ਵਾਲਿਆਂ ਦੇ ਪਰਿਵਾਰਾਂ ਨਾਲ ਪੂਰਨ ਸਹਿਯੋਗ ਦਾ ਐਲਾਨ
ਸੂਬੇ ਦੀ ਅਮਨ ਸ਼ਾਂਤੀ ਭੰਗ ਕਰਨ ਦੀ ਫ਼ਿਰਾਕ ਵਿੱਚ ਬੈਠੇ ਅਨਸਰਾਂ ਵੱਲੋਂ ਅੰਦੋਲਨ ਦਾ ਲਾਹਾ ਖੱਟਣ ਦੀ ਕੋਸ਼ਿਸ਼ ਵਿਰੁੱਧ ਕਿਸਾਨਾਂ ਨੂੰ ਸੁਚੇਤ ਕੀਤਾ
ਚੰਡੀਗੜ੍ਹ, 8 ਦਸੰਬਰ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਕਿਸਾਨਾਂ ਨੂੰ ਅਜਿਹੇ ਅਨਸਰਾਂ ਵਿਰੁੱਧ ਸਾਵਧਾਨ ਕੀਤਾ ਜੋ ਉਨ੍ਹਾਂ ਦੇ ਅੰਦੋਲਨ ਦਾ ਲਾਭ ਉਠਾਉਣ ਅਤੇ ਸੂਬੇ ਦਾ ਸ਼ਾਂਤਮਈ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ।
ਅੱਜ ਦੇ ਭਾਰਤ ਬੰਦ ਦੌਰਾਨ ਅਮਨ ਸ਼ਾਂਤੀ ਨੂੰ ਯਕੀਨੀ ਬਣਾਉਣ ਲਈ ਕਿਸਾਨਾਂ ਨੂੰ ਵਧਾਈ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਨੇ ਆਪਣੇ ਦੋ ਮਹੀਨਿਆਂ ਤੋਂ ਵੱਧ ਲੰਬਾ ਸਮਾਂ ਚੱਲ ਰਹੇ ਰੋਸ ਪ੍ਰਦਰਸ਼ਨਾਂ ਦੌਰਾਨ ਇਸੇ ਤਰ੍ਹਾਂ ਅਮਨ-ਅਮਾਨ ਬਰਕਰਾਰ ਰੱਖਿਆ ਹੋਇਆ ਹੈ।ਮੁੱਖ ਮੰਤਰੀ ਨੇ ਹੁਣ ਸੁਚੇਤ ਕੀਤਾ ਕਿ ਅਜਿਹੇ ਅੰਦੋਲਨਾਂ ਜਾਂ ਅਜਿਹੀਆਂ ਸਥਿਤੀਆਂ ਦੌਰਾਨ ਕੁਝ ਲੋਕ ਜਿਨ੍ਹਾਂ ਦਾ ਪ੍ਰਦਰਸ਼ਨਕਾਰੀਆਂ ਨਾਲ ਕੋਈ ਵਾਜਬ ਸਰੋਕਾਰ ਨਹੀਂ ਹੁੰਦਾ, ਆਪਣੇ ਸੌੜੇ ਮੁਫਾਦਾਂ ਲਈ ਮੌਕੇ ਦਾ ਫ਼ਾਇਦਾ ਚੁੱਕਣ ਦੀ ਫਿਰਾਕ ਵਿੱਚ ਹੁੰਦੇ ਹਨ ਤਾਂ ਕਿ ਸ਼ਾਂਤਮਈ ਮਾਹੌਲ ਵਿੱਚ ਖ਼ਲਲ ਪਾ ਸਕਣ।
ਇੱਕ ਫੇਸਬੁੱਕ ਲਾਈਵ ਸੰਦੇਸ਼ ਵਿੱਚ, ਕੈਪਟਨ ਅਮਰਿੰਦਰ ਨੇ ਖੁਸ਼ੀ ਜ਼ਾਹਰ ਕੀਤੀ ਕਿ ਪੰਜਾਬ ਵਿੱਚ ਬੰਦ ਪੂਰੀ ਤਰ੍ਹਾਂ ਸ਼ਾਂਤੀਪੂਰਵਕ ਰਿਹਾ ਅਤੇ ਉਨ੍ਹਾਂ ਨੇ ਸ਼ਾਂਤਮਈ ਢੰਗ ਨਾਲ ਵਿਰੋਧ ਕਰਨ ਦੇ ਜਮਹੂਰੀ ਹੱਕ ਦੀ ਵਰਤੋਂ ਕਰਨ ਲਈ ਕਿਸਾਨਾਂ ਦੀ ਸ਼ਲਾਘਾ ਕੀਤੀ।ਉਨ੍ਹਾਂ ਕਿਹਾ ਕਿ ਇਥੋਂ ਤਕ ਕਿ ਜਦੋਂ ਕਿਸਾਨਾਂ ਨੇ ਪੰਜਾਬ ਵਿਚ ਰੇਲਵੇ ਟਰੈਕ`ਤੇ ਨਾਕਾਬੰਦੀ ਕੀਤੀ ਸੀ ਤਾਂ ਕੋਈ ਹਿੰਸਾ ਨਹੀਂ ਹੋਈ।
ਮੁੱਖ ਮੰਤਰੀ ਨੇ ਕੇਂਦਰ ਸਰਕਾਰ ਨੂੰ ਕਿਸਾਨੀ ਦੇ ਦਰਦ ਨੂੰ ਸਮਝਣ ਦੀ ਅਪੀਲ ਕਰਦਿਆਂ ਉਮੀਦ ਜਤਾਈ ਕਿ ਖੇਤੀ ਕਾਨੂੰਨਾਂ `ਤੇ ਬਣੀ ਪੇਚੀਦਗੀ, ਜਿਸ ਸਬੰਧੀ ਇਸ ਵੇਲੇ ਗੱਲਬਾਤ ਚੱਲ ਰਹੀ ਹੈ, ਦਾ ਹੱਲ ਜਲਦ ਹੀ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋਂ ਚੱਲ ਰਹੇ ਅੰਦੋਲਨ ਵਿੱਚ ਪੰਜਾਬ ਦੇ ਕਿਸਾਨ ਸਭ ਤੋਂ ਅੱਗੇ ਰਹੇ ਹਨ ਅਤੇ ਠੰਢ ਦੇ ਵਧਣ ਨੂੰ ਧਿਆਨ ਵਿੱਚ ਰੱਖਦਿਆਂ ਭਾਰਤ ਸਰਕਾਰ ਲਈ ਜ਼ਰੂਰੀ ਹੈ ਕਿ ਇਸ ਦਾ ਹੱਲ ਜਲਦ ਤੋਂ ਜਲਦ ਕੱਢਿਆ ਜਾਵੇ ਤਾਂ ਜੋ ਕਿਸਾਨ ਆਪਣੇ ਘਰਾਂ ਨੂੰ ਵਾਪਸ ਪਰਤ ਸਕਣ।ਉਨ੍ਹਾਂ ਕਿਹਾ ਕਿ ਚੱਲ ਰਹੇ ਹਾੜ੍ਹੀ ਬਿਜਾਈ ਸੀਜ਼ਨ ਨੂੰ ਵੇਖਦਿਆਂ ਇਹ ਹੋਰ ਵੀ ਜ਼ਰੂਰੀ ਹੈ ਅਤੇ ਕਿਹਾ ਕਿ ਦੇਸ਼ ਨੂੰ ਸਾਡੇ ਅਨਾਜ ਦੀ ਲੋੜ ਹੈ।
ਇਸ ਗੱਲ `ਤੇ ਅਫ਼ਸੋਸ ਜ਼ਾਹਰ ਕਰਦਿਆਂ ਕਿ ਚੱਲ ਰਹੇ ਅੰਦੋਲਨ ਦੌਰਾਨ ਅੱਜ ਇੱਕ ਬਜ਼ੁਰਗ ਔਰਤ ਸਮੇਤ ਕੁਝ ਲੋਕਾਂ ਦੀ ਜਾਨ ਚਲੀ ਗਈ, ਮੁੱਖ ਮੰਤਰੀ ਨੇ ਪੀੜਤ ਪਰਿਵਾਰਾਂ ਲਈ ਆਪਣੀ ਸਰਕਾਰ ਵੱਲੋਂ ਪੂਰਾ ਸਮਰਥਨ ਦੇਣ ਦਾ ਐਲਾਨ ਕੀਤਾ।