ਪੰਜਾਬ
ਸ਼ਿਸ਼ੂ ਅਤੇ ਬਾਲ ਸਿਹਤ ‘ਚ ਪੰਜਾਬ ਦੇਸ਼ ਦੇ ਮੋਹਰੀ ਸੂਬਿਆਂ ਵਿਚ : ਡਾ. ਅਭਿਨਵ ਤ੍ਰਿਖਾ
ਨਵਜੰਮੇ ਬੱਚੇ ਅਤੇ ਬਚਪਨ ਦੀ ਬਿਮਾਰੀ ਦੇ ਏਕੀਕ੍ਰਿਤ ਪ੍ਰਬੰਧਨ ਵਿਚ ਪੰਜ ਦਿਨਾਂ ਸਿਖਲਾਈ ਪ੍ਰੋਗਰਾਮ
ਚੰਡੀਗੜ੍ਹ: 10-06-2023
ਬੱਚਿਆਂ ਦੀ ਭਲਾਈ ਦੇਸ਼ ਦੇ ਭਵਿੱਖ ਲਈ ਸਭ ਤੋਂ ਮਹੱਤਵਪੂਰਨ ਹੈ, ਅਤੇ ਇੱਕ ਸਮਾਜ ਦੇ ਰੂਪ ਵਿਚ, ਉਹਨਾਂ ਦੀ ਸਰਵੋਤਮ ਸਿਹਤ ਅਤੇ ਵਿਕਾਸ ਨੂੰ ਯਕੀਨੀ ਬਣਾਉਣਾ ਸਾਡੀ ਮੁੱਖ ਜ਼ਿੰਮੇਵਾਰੀ ਹੈ। ਸਾਡੇ ਸਭ ਤੋਂ ਘੱਟ ਉਮਰ ਦੇ ਨਾਗਰਿਕਾਂ ਦੀ ਤੰਦਰੁਸਤੀ ਅਤੇ ਉਚਿਤ ਵਿਕਾਸ ਨੂੰ ਯਕੀਨੀ ਬਣਾਉਣਾ ਸਾਡੀ ਇੱਕ ਬੁਨਿਆਦੀ ਜ਼ਿੰਮੇਵਾਰੀ ਹੈ ਅਤੇ ਇਹ ਜ਼ਰੂਰੀ ਹੈ ਕਿ ਅਸੀਂ ਨਵਜੰਮੇ ਸ਼ਿਸ਼ੂਆਂ ਅਤੇ ਬੱਚਿਆਂ ਲਈ ਉਪਲਬਧ ਸਿਹਤ ਸੰਭਾਲ ਸੇਵਾਵਾਂ ਨੂੰ ਤਰਜੀਹ ਦੇਈਏ ਅਤੇ ਉਹਨਾਂ ਨੂੰ ਵਧਾਈਏ। ਸਿਹਤ ਤੇ ਪਰਿਵਾਰ ਭਲਾਈ ਵਿਭਾਗ (ਪੰਜਾਬ ਸਰਕਾਰ) ਵਲੋਂ ਸ਼ਿਸ਼ੂ ਅਤੇ ਬਾਲ ਸਿਹਤ ਦੀ ਤਰਜੀਹ ਨੂੰ ਧਿਆਨ ਵਿੱਚ ਰੱਖਦੇ ਹੋਏ, ਆਈ.ਐੱਮ.ਐੱਨ.ਸੀ.ਆਈ. (ਨਿਊਨੇਟਲ ਐਂਡ ਚਾਈਲਡਹੁੱਡ ਇਲਨੈਸ ਦਾ ਏਕੀਕ੍ਰਿਤ ਪ੍ਰਬੰਧਨ) ‘ਤੇ ਉੱਤਰ ਭਾਰਤ ਦੇ ਪਹਿਲੇ ਪੰਜ ਦਿਨਾਂ ਸਿਖਲਾਈ ਪ੍ਰੋਗਰਾਮ ਦੀ ਮੇਜ਼ਬਾਨੀ ਕੀਤੀ ।
ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ (MoHFW) ਨੇ KSCH, ਲੇਡੀ ਹਾਰਡਿੰਗ ਮੈਡੀਕਲ ਕਾਲਜ ਦੇ ਤਕਨੀਕੀ ਮਾਹਿਰਾਂ ਦੇ ਸਹਿਯੋਗ ਨਾਲ F-IMNCI ਅਤੇ IMNCI ਸਿਖਲਾਈ ਪੈਕੇਜ ਤਿਆਰ ਕੀਤਾ ਹੈ। ਬਿਮਾਰ ਬੱਚਿਆਂ ਦੀ ਦੇਖਭਾਲ ਲਈ F-IMNCI/ IMNCI ਸਿਖਲਾਈ ਦੀ ਮਹੱਤਤਾ ਨੂੰ ਧਿਆਨ ਵਿੱਚ ਰੱਖਦੇ ਹੋਏ, ਸਿਹਤ ਮੰਤਰਾਲੇ ਨੇ ਜੰਮੂ ਅਤੇ ਕਸ਼ਮੀਰ, ਹਿਮਾਚਲ ਪ੍ਰਦੇਸ਼, ਲੱਦਾਖ, ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਉੱਤਰਾਖੰਡ ਦੇ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ IMNCI ਲਈ ਟ੍ਰੇਨਰਾਂ ਦੀ ਖੇਤਰੀ ਸਿਖਲਾਈ 6 ਤੋਂ 10 ਜੂਨ, 2023 ਤੱਕ ਮੁਹਾਲੀ, ਪੰਜਾਬ ਵਿਖੇ ਕਰਵਾਈ। ਇਹ ਸਿਖਲਾਈ ਪੈਕੇਜ ਰਾਜਾਂ ਵਿੱਚ ਬਾਲ ਚਿਕਿਤਸਕ ਸੇਵਾਵਾਂ ਪ੍ਰਦਾਨ ਕਰਨ ਨੂੰ ਵੀ ਮਜ਼ਬੂਤ ਕਰੇਗਾ, ਜੋ ਕਿ ਸਮੇਂ ਦੀ ਇੱਕ ਮਹੱਤਵਪੂਰਨ ਲੋੜ ਹੈ।
ਮਿਸ਼ਨ ਡਾਇਰੈਕਟਰ ਨੈਸ਼ਨਲ ਹੈਲਥ ਮਿਸ਼ਨ ਪੰਜਾਬ ਕਮ ਸਕੱਤਰ ਸਿਹਤ ਡਾ. ਅਭਿਨਵ ਤ੍ਰਿਖਾ, ਜਿਨ੍ਹਾਂ ਦੀ ਅਗਵਾਈ ਹੇਠ ਇਸ ਖੇਤਰੀ ਸਿਖਲਾਈ ਦਾ ਆਯੋਜਨ ਕੀਤਾ ਗਿਆ ਸੀ, ਨੇ ਦੱਸਿਆ ਕਿ ਪੰਜਾਬ ਵਿੱਚ ਬਾਲ ਅਤੇ ਨਵਜੰਮੇ ਬੱਚਿਆਂ ਦੀ ਮੌਤ ਦਰ ਵਿੱਚ ਪਿਛਲੇ ਸਾਲਾਂ ਵਿੱਚ ਸੁਧਾਰ ਹੋਇਆ ਹੈ। ਪੰਜਾਬ ਨੇ ਵੱਖ-ਵੱਖ ਸਿਹਤ ਸੰਭਾਲ ਪਹਿਲਕਦਮੀਆਂ ਨੂੰ ਲਾਗੂ ਕਰਕੇ ਬਾਲ ਅਤੇ ਨਵਜੰਮੇ ਬੱਚਿਆਂ ਦੀ ਮੌਤ ਦਰ ਨੂੰ ਘਟਾਉਣ ਲਈ ਅਨੇਕਾਂ ਉਪਰਾਲੇ ਕੀਤੇ ਹਨ। ਰਾਜ ਭਰ ਵਿੱਚ ਸਪੈਸ਼ਲ ਨਿਊ ਬੋਰਨ ਕੇਅਰ ਯੂਨਿਟ (SNCU), ਨਿਊ ਬੋਰਨ ਸਟੈਬੀਲਾਈਜੇਸ਼ਨ ਯੂਨਿਟ (NBSU) ਅਤੇ ਨਿਊ ਬੋਰਨ ਕੇਅਰ ਕਾਰਨਰ (NBCC) ਦੇ ਵਿਆਪਕ ਨੈਟਵਰਕ ਦੁਆਰਾ ਬਾਲ ਸਿਹਤ ਸੇਵਾਵਾਂ ਲੋਕਾਂ ਤੱਕ ਪਹੁੰਚਾਈਆਂ ਜਾਂਦੀਆਂ ਹਨ। ਵਰਤਮਾਨ ਵਿੱਚ, ਰਾਜ ਵਿੱਚ 24 SNCU, 79 NBSU ਅਤੇ 208 NBCC ਕਾਰਨਰ ਕੰਮ ਕਰ ਰਹੇ ਹਨ।
ਇਸ ਟਰੇਨਿੰਗ ਦੀ ਮਹੱਤਤਾ ਨੂੰ ਰੇਖਾਂਕਿਤ ਕਰਦੇ ਹੋਏ ਡਾ. ਤ੍ਰਿਖਾ ਨੇ ਕਿਹਾ ਕਿ ਪੰਜਾਬ ਨੇ ਨਵਜੰਮੇ ਸ਼ਿਸ਼ੂਆਂ ਅਤੇ ਪੰਜ ਸਾਲ ਤੱਕ ਦੇ ਬੱਚਿਆਂ ਨੂੰ ਮਿਆਰੀ ਸੇਵਾਵਾਂ ਪ੍ਰਦਾਨ ਕਰਨ ਲਈ ਸਮੇਂ-ਸਮੇਂ ‘ਤੇ ਸਟੇਟ ਇੰਸਟੀਚਿਊਟ ਆਫ਼ ਹੈਲਥ ਐਂਡ ਫੈਮਿਲੀ ਵੈਲਫੇਅਰ ਵਿਖੇ ਸਿਖਲਾਈ ਦਾ ਆਯੋਜਨ ਕਰਕੇ ਬਾਲ ਰੋਗਾਂ ਦੇ ਮਾਹਿਰਾਂ ਅਤੇ ਸਟਾਫ ਨਰਸਾਂ ਦੀ ਸਮਰੱਥਾ ਨੂੰ ਵਧਾਉਣ ਦੀ ਕੋਸ਼ਿਸ਼ ਕੀਤੀ ਹੈ।
ਪੰਜਾਬ ਵਿਚ ਬਾਲ ਸਿਹਤ ਸੂਚਕਾਂ ਬਾਰੇ ਬੋਲਦਿਆਂ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਡਾਇਰੈਕਟਰ ਡਾ. ਆਦਰਸ਼ਪਾਲ ਕੌਰ ਨੇ ਦੱਸਿਆ ਕਿ (2019-21) ਵਿੱਚ ਕਰਵਾਏ ਗਏ ਨੈਸ਼ਨਲ ਫੈਮਲੀ ਹੈਲਥ ਸਰਵੇ (NFHS-5) ਦੇ ਅਨੁਸਾਰ, Neo Natal Mortality Rate (NNMR) ਅਤੇ 3 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ ਦਰ, ਜਨਮ ਦੇ ਇੱਕ ਘੰਟੇ ਦੇ ਅੰਦਰ ਮਾਂ ਦਾ ਦੁੱਧ ਪਿਲਾਉਣ ਦੇ ਮਾਮਲੇ ਵਿੱਚ ਰਾਸ਼ਟਰੀ ਔਸਤ ਨਾਲੋਂ ਬਿਹਤਰ ਹੈ। ਐਸਆਰਐਸ 2020 ਦੇ ਅਨੁਸਾਰ ਪੰਜਾਬ ਵਿੱਚ ਬਾਲ ਮੌਤ ਦਰ ਪ੍ਰਤੀ 1,000 ਜੀਵਤ ਜਨਮਾਂ ਵਿੱਚ 18 ਮੌਤਾਂ ਸੀ, ਜੋ ਕਿ ਰਾਸ਼ਟਰੀ ਔਸਤ 28 ਮੌਤਾਂ ਪ੍ਰਤੀ 1,000 ਜਿੰਦਾ ਜਨਮਾਂ ਨਾਲੋਂ ਘੱਟ ਹੈ। ਪੰਜਾਬ ਵਿੱਚ 5 ਸਾਲ ਤੋਂ ਘੱਟ ਉਮਰ ਦੀ ਮੌਤ ਦਰ ਰਾਸ਼ਟਰੀ ਔਸਤ 42 ਦੇ ਮੁਕਾਬਲੇ 32 ਹੈ ਅਤੇ NFHS-5 ਅਨੁਸਾਰ ਨਿਓਨੇਟਲ ਮੌਤ ਦਰ (NNMR) ਰਾਸ਼ਟਰੀ ਔਸਤ 42 ਦੇ ਮੁਕਾਬਲੇ 22 ਹੈ। ਵੱਖ-ਵੱਖ ਰਾਸ਼ਟਰੀ ਸਿਹਤ ਪ੍ਰੋਗਰਾਮਾਂ ਜਿਵੇਂ ਕਿ ਤੀਬਰ ਦਸਤ ਕੰਟਰੋਲ ਪੰਦਰਵਾੜਾ (IDCF) ਅਤੇ ਸਮਾਜਿਕ ਜਾਗਰੂਕਤਾ ਅਤੇ ਨਮੂਨੀਆ ਸੰਬੰਧੀ ਪ੍ਰੋਗਰਾਮ (SAANS ਪ੍ਰੋਗਰਾਮ) ਨੂੰ ਵੀ ਰਾਜ ਵਿੱਚ ਸਫਲਤਾਪੂਵਕ ਲਾਗੂ ਕੀਤਾ ਗਿਆ ਹੈ। IDCF ਦੀ ਕਾਰਗੁਜ਼ਾਰੀ 97% ਸੀ ਅਤੇ SAANS ਪ੍ਰੋਗਰਾਮ ਦੇ ਤਹਿਤ, ਸਿਹਤ ਅਤੇ ਤੰਦਰੁਸਤੀ ਕੇਂਦਰਾਂ ਵਿੱਚ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਨਮੂਨੀਆ ਦੀ ਜਾਂਚ ਕੀਤੀ ਗਈ ਹੈ। NFHS-5 ਦੇ ਅਨੁਸਾਰ, ਪੰਜਾਬ ਵਿੱਚ ਛੇਤੀ ਛਾਤੀ ਦਾ ਦੁੱਧ ਚੁੰਘਾਉਣ ਦੀ ਦਰ ਵਿੱਚ ਵੀ 30% ਤੋਂ 56% ਤੱਕ ਸੁਧਾਰ ਹੋਇਆ ਹੈ।
ਟ੍ਰੇਨਿੰਗ ਦੇ ਸਮਾਪਤੀ ਵਾਲੇ ਦਿਨ ਸਾਰੇ ਭਾਗੀਦਾਰਾਂ ਨੇ ਆਪਣੇ ਫੀਡਬੈਕ ਸਾਂਝੇ ਕੀਤੇ ਅਤੇ ਉਨ੍ਹਾਂ ਦੁਆਰਾ ਪ੍ਰਾਪਤ ਕੀਤੀ ਗੁਣਵੱਤਾ ਭਰਪੂਰ ਸਿਖਲਾਈ ਦੀ ਪ੍ਰਸ਼ੰਸਾ ਕੀਤੀ ਅਤੇ ਆਪਣੇ-ਆਪਣੇ ਰਾਜਾਂ ਵਿੱਚ ਮੈਡੀਕਲ ਅਫਸਰਾਂ ਨੂੰ ਉਸੇ ਜੋਸ਼ ਨਾਲ ਇਹ ਸਿਖਲਾਈ ਦੇਣ ਦਾ ਭਰੋਸਾ ਦਿੱਤਾ।
ਟ੍ਰੇਨਰਾਂ ਵਿੱਚੋਂ ਡਾ.ਰਾਵਤ, ਡਾ.ਪ੍ਰਵੀਨ (ਦੋਵੇਂ ਲੇਡੀ ਹਾਰਡਿੰਗ ਮੈਡੀਕਲ ਕਾਲਜ ਤੋਂ), ਡਾ. ਮਾਨਸ (ਅਸਾਮ ਮੈਡੀਕਲ ਕਾਲਜ), ਡਾ. ਮੋਨਿਕਾ, ਡਾ. ਬ੍ਰਿਜੇਸ਼ (ਕੇ.ਜੀ.ਐਮ.ਸੀ. ਲਖਨਊ) ਨੇ ਆਈ.ਐਮ.ਐਨ.ਸੀ.ਆਈ. ਦੇ ਹਰ ਪਹਿਲੂ ਵਿੱਚ ਭਾਗ ਲੈਣ ਵਾਲਿਆਂ ਨੂੰ ਸਿਖਲਾਈ ਦਿੱਤੀ।
ਡਾ. ਸੁਮਿਤਾ ਘੋਸ਼, ਐਡੀਸ਼ਨਲ ਡਾਇਰੈਕਟਰ ਚਾਈਲਡ ਹੈਲਥ ਐਮਓਐਚਐਫਡਬਲਯੂ ਭਾਰਤ ਸਰਕਾਰ ਨੇ ਵੀਡੀਓ ਕਾਨਫਰੰਸ ਰਾਹੀਂ ਸੰਬੋਧਨ ਕੀਤਾ ਅਤੇ ਪੰਜ ਦਿਨਾ ਟ੍ਰੇਨਿੰਗ ਵਰਕਸ਼ਾਪ ਉਪਰ ਸੰਤੁਸ਼ਟੀ ਜਾਹਿਰ ਕੀਤੀ। ਨੈਸ਼ਨਲ ਲੀਡ ਕੰਸਲਟੈਂਟ ਚਾਈਲਡ ਹੈਲਥ ਐਮਓਐਚਐਫਡਬਲਯੂ ਡਾ. ਵਿਸ਼ਾਲ ਕਟਾਰੀਆ ਅਤੇ ਸਟੇਟ ਪ੍ਰੋਗਰਾਮ ਅਫ਼ਸਰ (ਐਮਸੀਐਚ) ਡਾ. ਇੰਦਰਦੀਪ ਕੌਰ ਨੇ ਸਿਖਲਾਈ ਵਰਕਸ਼ਾਪ ਦੇ ਸੁਚਾਰੂ ਅਤੇ ਸਫਲ ਆਯੋਜਨ ਲਈ ਅਹਿਮ ਰੋਲ ਨਿਭਾਇਆ।