ਪੰਜਾਬ
ਟੈੱਟ ਪਾਸ ਬੇਰੁਜ਼ਗਾਰਾਂ ਵੱਲੋਂ ਈਟੀਟੀ ਅਧਿਆਪਕਾਂ ਦੀਆਂ 2364, 6635 ਅਤੇ 5994 ਅਸਾਮੀਆਂ ਭਰਨ ਦੀ ਮੰਗ
ਈਟੀਟੀ 2364 ਅਤੇ 5994 ਕੋਰਟ 'ਚੋਂ ਬਹਾਲ ਕਰਾਵੇ ਪੰਜਾਬ ਸਰਕਾਰ, ਨਹੀਂ ਤਾਂ ਜਲੰਧਰ ਵਿੱਚ ਹੋਣਗੇ ਤਿੱਖੇ ਪ੍ਰਦਰਸ਼ਨ: ਸੁਰਿੰਦਰਪਾਲ ਗੁਰਦਾਸਪੁਰ
ਦਲਜੀਤ ਕੌਰ
ਸੰਗਰੂਰ, 26 ਅਪ੍ਰੈਲ, 2023: ਅੱਜ ਈਟੀਟੀ ਟੈੱਟ ਪਾਸ 2364, 6635 ਅਤੇ 5994 ਬੇਰੁਜ਼ਗਾਰ ਅਧਿਆਪਕ ਯੂਨੀਅਨ ਪੰਜਾਬ ਨੇ ਸੂਬਾ ਪ੍ਰਧਾਨ ਸੁਰਿੰਦਰਪਾਲ ਗੁਰਦਾਸਪੁਰ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੇ ਹਲਕਾ ਸੰਗਰੂਰ ਤੋਂ ਵਿਧਾਇਕਾਂ ਨਰਿੰਦਰ ਕੌਰ ਭਰਾਜ ਦੇ ਪੀਏ ਨਾਲ ਮੁਲਕਾਤ ਕੀਤੀ ਅਤੇ ਆਪਣੀਆਂ ਮੰਗਾਂ ਸਬੰਧੀ ਮੁੱਖ ਮੰਤਰੀ ਪੰਜਾਬ ਦੇ ਨਾਂ ਮੰਗ ਪੱਤਰ ਸੌਂਪਿਆ ਗਿਆ। ਇਸ ਦੌਰਾਨ ਉਨ੍ਹਾਂ ਈਟੀਟੀ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਦੀਆਂ ਸਾਰੀਆਂ ਮੰਗਾਂ ਤੋਂ ਜਾਣੂ ਕਰਵਾਇਆ ਗਿਆ।
ਇਸ ਮੌਕੇ ਬੇਰੁਜ਼ਗਾਰ ਅਧਿਆਪਕ ਆਗੂਆਂ ਨੇ ਮੰਗ ਕੀਤੀ ਕਿ ਈਟੀਟੀ 2364 ਅਧਿਆਪਕਾਂ ਦੀ ਭਰਤੀ ਨੂੰ 29 ਅਪ੍ਰੈਲ ਨੂੰ ਸਰਵਿਸ ਮੈਟਰ ਨਾਲ ਸਬੰਧਤ ਐਡਵੋਕੇਟ ਜਨਰਲ ਨੂੰ ਨਿਯੁਕਤ ਕਰਕੇ ਇਸ ਭਰਤੀ ਨੂੰ ਹਰ ਹਾਲਤ ਵਿੱਚ ਬਹਾਲ ਕਰਵਾਇਆ ਜਾਵੇ, ਈਟੀਟੀ 5994 ਭਰਤੀ ਦਾ ਨਤੀਜ਼ਾ ਜਲਦ ਜਾਰੀ ਕੀਤਾ ਜਾਵੇ ਅਤੇ ਇਸ ਭਰਤੀਂ ਨੂੰ ਵੀ ਕਾਨੂੰਨੀ ਅੜਚਨਾਂਵਾਂ ਤੋਂ ਮੁਕਤ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਈਟੀਟੀ 6635 ਅਧਿਆਪਕਾਂ ਦੀ ਭਰਤੀ ਨੂੰ ਜਲਦ ਪੂਰਾ ਕੀਤਾ ਜਾਵੇ ਅਤੇ ਬੇਰੁਜ਼ਗਾਰ ਅਧਿਆਪਕਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਮਿਲ ਸਕੇ।
ਇਸ ਮੌਕੇ ਈਟੀਟੀ ਟੈੱਟ ਪਾਸ 2364, 6635 ਅਤੇ 5994 ਬੇਰੁਜ਼ਗਾਰ ਅਧਿਆਪਕ ਯੂਨੀਅਨ ਪੰਜਾਬ ਨੇ ਸੂਬਾ ਪ੍ਰਧਾਨ ਸੁਰਿੰਦਰਪਾਲ ਗੁਰਦਾਸਪੁਰ ਨੇ ਕਿਹਾ ਕਿ ਪੰਜਾਬ ਸਰਕਾਰ ਜਲਦ ਈਟੀਟੀ ਅਧਿਆਪਕਾਂ ਦੀਆਂ ਸਾਰੀਆਂ ਭਰਤੀਆਂ ਨੂੰ ਜਲਦ ਪੂਰਾ ਕਰਾਉਣ ਲਈ ਸਰਵਿਸ ਮੈਟਰ ਨਾਲ ਸਬੰਧਤ ਪੱਕੇ ਤੌਰ ਤੇ ਐਡਵੋਕੇਟ ਜਨਰਲ ਦੀ ਡਿਊਟੀ ਲਗਾਵੇ ਤਾਂ ਜੋ ਈਟੀਟੀ ਅਧਿਆਪਕਾਂ ਨੂੰ ਜਲਦ ਇਨਸਾਫ਼ ਮਿਲ ਸਕੇ। ਉਨ੍ਹਾਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਜਲਦ ਈਟੀਟੀ ਅਧਿਆਪਕਾਂ ਦੇ ਮਸਲੇ ਹੱਲ ਨਹੀਂ ਕਰਦੀ ਤਾਂ ਸਾਨੂੰ ਮਜ਼ਬੂਰਨ ਜਲੰਧਰ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦਾ ਭੰਡੀ ਪ੍ਰਚਾਰ ਕੀਤਾ ਜਾਵੇਗਾ।
ਇਸ ਦੌਰਾਨ ਈਟੀਟੀ ਟੈੱਟ ਪਾਸ 2364 ,6635, 5594 ਬੇਰੁਜ਼ਗਾਰ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਰਿੰਦਰਪਾਲ ਗੁਰਦਾਸਪੁਰ, ਮਨਪ੍ਰੀਤ ਸਿੰਘ ਮਾਨਸਾ, ਕਮਲ ਸਿੰਘ ਮਾਨਸਾ, ਸੁਖਦੀਪ ਸਿੰਘ ਮਾਨਸਾ, ਗੁਰਜੀਵਨ ਮਾਨਸਾ, ਅਮ੍ਰਿਤਪਾਲ ਸੰਗਰੂਰ, ਗੁਰਦੇਵ ਸਿੰਘ ਸੰਗਰੂਰ, ਕਿਰਨਦੀਪ ਕੌਰ ਸੰਗਰੂਰ, ਜੋਤ ਕੌਰ, ਅਮਨ ਕੌਰ, ਵਰਿੰਦਰ ਸਰਹੰਦ, ਹਰਅਵਤਾਰ ਸਿੰਘ ਪਟਿਆਲਾ, ਅਮਨਦੀਪ ਸਿੰਘ ਲੁਧਿਆਣਾ ਅਤੇ ਹੋਰ ਆਗੂ ਵੀ ਹਾਜ਼ਰ ਸਨ।