ਪੰਜਾਬ
*ਪੰਜਾਬ ਸਰਕਾਰ ਇਹ ਯਕੀਨੀ ਬਣਾਏਗੀ ਕਿ ਪੱਲੇਦਾਰ ਮਜ਼ਦੂਰਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਮਿਲੇ-ਹਰਪਾਲ ਸਿੰਘ ਚੀਮਾ*
* ਵਿੱਤ ਮੰਤਰੀ ਅਤੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਵੱਲੋਂ ਪੱਲੇਦਾਰ ਯੂਨੀਅਨਾਂ ਦੀ ਸਾਂਝੀ ਕਮੇਟੀ ਨਾਲ ਮੀਟਿੰਗ*
ਯੂਨੀਅਨਾਂ ਦੇ ਮੰਗਾਂ ਦੇ ਹੱਲ ਲਈ ਕੇਂਦਰ ਨਾਲ ਗੱਲਬਾਤ ਸਮੇਤ ਹਰ ਸੰਭਵ ਯਤਨ ਕਰਨ ਦਾ ਦਿੱਤਾ ਭਰੋਸਾ
ਚੰਡੀਗੜ੍ਹ, 10 ਅਗਸਤ
ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਪੱਲੇਦਾਰ ਮਜ਼ਦੂਰਾਂ ਨੂੰ ਯਕੀਨ ਦਿਵਾਇਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਉਨ੍ਹਾਂ ਨੂੰ ਬਣਦਾ ਹੱਕ ਦਿਵਾਉਣ ਅਤੇ ਉਨ੍ਹਾਂ ਨਾਲ ਹੁੰਦੇ ਕਿਸੇ ਵੀ ਕਿਸਮ ਦੇ ਧੱਕੇ ਨੂੰ ਰੋਕਣ ਲਈ ਵਚਨਬੱਧ ਹੈ।
ਅੱਜ ਇਥੇ ਪੰਜਾਬ ਭਵਨ ਵਿਖੇ ਪੱਲੇਦਾਰ ਯੂਨੀਅਨਾਂ ਨਾਲ ਹੋਈ ਉਚ ਪੱਧਰੀ ਮੀਟਿੰਗ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਯੂਨੀਅਨ ਦੇ ਆਗੂਆਂ ਦੀਆਂ ਮੰਗਾਂ ਅਤੇ ਪੱਲੇਦਾਰ ਮਜ਼ਦੂਰਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਨੂੰ ਗੰਭੀਰਤਾ ਨਾਲ ਸੁਣਿਆ।
ਇਸ ਦੌਰਾਨ ਯੂਨੀਅਨਾਂ ਆਗੂਆਂ ਵੱਲੋਂ ਪੱਲੇਦਾਰ ਮਜ਼ਦੂਰਾਂ ਨੂੰ ਠੇਕੇਦਾਰੀ ਪ੍ਰਣਾਲੀ ਤੋਂ ਮੁਕਤੀ ਦਿਵਾਉਣ ਦੀ ਕੀਤੀ ਗਈ ਮੰਗ ‘ਤੇ ਸ. ਚੀਮਾ ਨੇ ਵਰਕਰ ਮੈਨੇਜਮੈਂਟ ਕਮੇਟੀਆਂ ਨੂੰ ਆਉਂਦੇ ਖਰੀਦ ਸੀਜਣ ਵਾਸਤੇ ਠੇਕੇਦਾਰ ਦੀ ਜਗ੍ਹਾ ਖੁਦ ਟੈਂਡਰ ਕਰਨ ਦਾ ਸੁਝਾਅ ਦਿੱਤਾ।
ਵਿੱਤ ਮੰਤਰੀ ਨੇ ਕਿਹਾ ਕਿ ਕਿਰਤ ਵਿਭਾਗ ਨਾਲ ਮੀਟਿੰਗ ਕਰਕੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਇਸ ਟੈਂਡਰਿੰਗ ਪ੍ਰਕ੍ਰਿਆ ਵਿੱਚ ਪੱਲੇਦਾਰ ਮਜ਼ਦੂਰਾਂ ਨਾਲ ਸਬੰਧਤ ਵਰਕਰ ਮੈਨੇਜਮੈਂਟ ਕਮੇਟੀਆਂ ਤੋਂ ਇਲਾਵਾ ਹੋਰ ਕੋਈ ਹਿੱਸਾ ਨਾ ਲੈ ਸਕੇ। ਵਿੱਤ ਮੰਤਰੀ ਨੇ ਯੂਨੀਅਨ ਵੱਲੋਂ ਪੇਸ਼ ਕੀਤੇ ਮੰਗ ਪੱਤਰ ਦੀ ਇੱਕ-ਇੱਕ ਮੰਗ ਨੂੰ ਗੌਰ ਨਾਲ ਵਾਚਦਿਆਂ ਇਹ ਯਕੀਨ ਦਿਵਾਇਆ ਕਿ ਪੰਜਾਬ ਸਰਕਾਰ ਦੇ ਅਧਿਕਾਰ ਖੇਤਰ ਅਧੀਨ ਆਉਣ ਵਾਲਾ ਹਰ ਉਹ ਕਦਮ ਪੁੱਟਿਆ ਜਾਵੇਗਾ ਜਿਸ ਨਾਲ ਪੱਲੇਦਾਰ ਮਜ਼ਦੂਰ ਵੀ ਸੂਬੇ ਵਿੱਚ ਹੋਏ ਕ੍ਰਾਂਤੀਕਾਰੀ ਬਦਲਾਵ ਦੇ ਲਾਹੇਵੰਦ ਬਣ ਸਕਣ।
ਸ. ਚੀਮਾ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਕਾਰਜਭਾਰ ਸੰਭਾਲਦਿਆਂ ਹੀ ਆਮ ਲੋਕਾਂ ਦੇ ਹਿਤ ਵਿੱਚ ਸਰਕਾਰੀ ਕੰਮਕਾਜ ਦੀ ਪ੍ਰਣਾਲੀ ਨੂੰ ਸੁਧਾਰਨ ਲਈ ਕੰਮ ਆਰੰਭ ਕਰ ਦਿੱਤੇ ਹਨ ਅਤੇ ਪਹਿਲੇ ਚਾਰ ਮਹੀਨਿਆਂ ਦੌਰਾਨ ਹੀ ਨਵੀਂ ਮਿਲਿੰਗ ਨੀਤੀ ਲਿਆਉਣ ਸਮੇਤ ਅਨੇਕਾਂ ਅਜਿਹੇ ਕਦਮ ਪੁੱਟੇ ਹਨ।
ਇਸ ਮੌਕੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਯੂਨੀਅਨ ਆਗੂਆਂ ਨੂੰ ਜਾਣੂੰ ਕਰਵਾਇਆ ਕਿ ਉਨ੍ਹਾਂ ਵੱਲੋਂ ਪੱਲ਼ੇਦਾਰ ਮਜ਼ਦੂਰਾਂ ਨਾਲ ਸਬੰਧਤ ਮਸਲੇ ਪਹਿਲਾਂ ਤੋਂ ਹੀ ਕੇਂਦਰੀ ਖ਼ੁਰਾਕ ਅਤੇ ਜਨਤਕ ਵੰਡ ਮੰਤਰੀ ਪਿਊਸ਼ ਗੋਇਲ ਸਾਹਮਣੇ ਉਠਾਏ ਗਏ ਹਨ। ਉਨ੍ਹਾਂ ਕਿਹਾ ਕਿ ਯੂਨੀਅਨ ਆਗੂਆਂ ਵੱਲੋਂ ਉਠਾਏ ਗਏ ਹੋਰ ਮੁੱਦਿਆਂ ਬਾਰੇ ਵੀ ਉਹ ਕੇਂਦਰੀ ਮੰਤਰੀ ਨਾਲ ਜਲਦੀ ਹੀ ਮੀਟਿੰਗ ਕਰਕੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਦੇ ਹੱਕ ਵਿੱਚ ਜੋਰ-ਸ਼ੋਰ ਨਾਲ ਮੁੱਦਾ ਉਠਾਉਣਗੇ।
ਮੀਟਿੰਗ ਵਿੱਚ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਦੇ ਸਕੱਤਰ ਗੁਰਕਿਰਤ ਕ੍ਰਿਪਾਲ ਸਿੰਘ, ਡਾਇਰੈਕਟਰ ਘਣਸ਼ਾਮ ਥੋਰੀ ਅਤੇ ਫੂਡ ਗਰੇਨ ਐਂਡ ਅਲਾਇਡ ਵਰਕਰਜ਼ ਯੂਨੀਅਨ, ਪੰਜਾਬ ਪ੍ਰਦੇਸ਼ ਗੱਲਾ ਮਜ਼ਦੂਰ ਯੂਨੀਅਨ, ਐਫਸੀਆਈ ਅਤੇ ਪੰਜਾਬ ਫੂਡ ਏਜੰਸੀਆਂ ਪੱਲੇਦਾਰ ਆਜ਼ਾਦ ਯੂਨੀਅਨ, ਪੰਜਾਬ ਪੱਲੇਦਾਰ ਯੂਨੀਅਨ (ਏਟਕ), ਪੰਜਾਬ ਪ੍ਰਦੇਸ਼ ਪੱਲੇਦਾਰ ਯੂਨੀਅਨ, ਫੂਡ ਹੈਂਡਲਿੰਗ ਵਰਕਰਜ਼ ਯੂਨੀਅਨ, ਫੂਡ ਐਂਡ ਅਲਾਈਡ ਵਰਕਰਜ਼ ਯੂਨੀਅਨ ਦੇ ਨੁਮਾਇੰਦੇ ਹਾਜ਼ਰ ਸਨ।