ਪੰਜਾਬ

*ਰਾਸ਼ਟਰਪਤੀ ਚੋਣਾਂ : CM ਭਗਵੰਤ ਮਾਨ , ਸਪੀਕਰ ਕੁਲਤਾਰ ਸਿੰਘ ਸੰਧਵਾਂ, ਸੂਚਨਾ ਤੇ ਲੋਕ ਸੰਪਰਕ ਮੰਤਰੀ ਅਮਨ ਅਰੋੜਾ , ਪ੍ਰਤਾਪ ਬਾਜਵਾ ਸਮੇਤ 114 ਵਿਧਾਇਕਾਂ ਨੇ ਆਪਣੀ ਵੋਟ ਪਾਈ*

*ਅਕਾਲੀ ਦਲ ਦੇ ਮਨਪ੍ਰੀਤ ਅਯਾਲੀ , ਕਾਂਗਰਸ ਦੇ ਰਾਜ ਕੁਮਾਰ ਚੱਬੇਵਾਲ ਤੇ ਹਰਦੇਵ ਸਿੰਘ ਲਾਡੀ ਨੇ ਨਹੀਂ ਪਾਈ ਵੋਟ*

ਚੰਡੀਗੜ, 18 ਜੁਲਾਈ:
ਪੰਜਾਬ ਵਿੱਚ ਅੱਜ ਰਾਸ਼ਟਰਪਤੀ ਚੋਣਾਂ 2022 ਲਈ ਵੋਟਿੰਗ ਸ਼ਾਂਤੀ ਨਾਲ ਸਮਾਪਤ ਹੋਈ, ਜਿਸ ਵਿੱਚ 114 ਵਿਧਾਨ ਸਭਾ ਮੈਂਬਰਾਂ (ਵਿਧਾਇਕਾਂ) ਨੇ ਆਜਾਦ, ਨਿਰਪੱਖ, ਨਿਰਵਿਘਨ, ਸੁਰੱਖਿਅਤ ਅਤੇ ਸ਼ਾਂਤਮਈ ਢੰਗ ਨਾਲ ਆਪਣੀ ਵੋਟ ਪਾਈ। ਬੈਲਟ ਪੇਪਰ ਰਾਹੀਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ, ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ, ਸੂਚਨਾ ਤੇ ਲੋਕ ਸੰਪਰਕ ਮੰਤਰੀ ਅਮਨ ਅਰੋੜਾ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਸਮੇਤ 114 ਵਿਧਾਇਕਾਂ ਨੇ ਆਪਣੀ ਵੋਟ ਪਾਈ । ਜਦੋ ਕਿ ਅਕਾਲੀ ਦਲ ਦੇ ਵਿਰੋਧੀ ਧਿਰ ਦੇ ਨੇਤਾ ਮਨਪ੍ਰੀਤ ਅਯਾਲੀ ਤੇ ਕਾਂਗਰਸ ਦੇ 2 ਵਿਧਾਇਕਾਂ ਡਾ ਰਾਜ ਕੁਮਾਰ ਚੱਬੇਵਾਲ ਤੇ ਸ਼ਾਹਕੋਟ ਤੋਂ ਵਿਧਾਇਕ ਹਰਦੇਵ ਸਿੰਘ ਲਾਡੀ ਨੇ ਵੋਟ ਨਹੀਂ ਪਾਈ ਹੈ ।


ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਪੰਜਾਬ ਡਾ. ਐਸ. ਕਰੁਣਾ ਰਾਜੂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਵੋਟ ਪੈਣ ਦਾ ਕੰਮ ਅਮਨ ਅਮਾਨ ਨਾਲ ਸਿਰੇ ਚੜ ਗਿਆ ਹੈ । ਉਨਾਂ ਅੱਗੇ ਦੱਸਿਆ ਕਿ ਦੂਜੇ ਸੂਬਿਆਂ ਦੇ ਕਿਸੇ ਵੀ ਵਿਧਾਇਕ ਅਤੇ ਸੰਸਦ ਮੈਂਬਰ ਨੇ ਸੂਬੇ ਦੇ ਪੋਲਿੰਗ ਸਥਾਨਾਂ ‘ਤੇ ਆਪਣੀ ਵੋਟ ਨਹੀਂ ਪਾਈ।
ਡਾ. ਰਾਜੂ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਾਰੇ ਪ੍ਰਬੰਧ ਕੀਤੇ ਗਏ ਸਨ ਅਤੇ ਸਖਤ ਸੁਰੱਖਿਆ ਦਰਮਿਆਨ ਪੰਜਾਬ ਵਿਧਾਨ ਸਭਾ ਵਿਖੇ ਚੋਣ ਕਮਿਸ਼ਨ ਵੱਲੋਂ ਨਿਰਧਾਰਤ ਪ੍ਰੋਗਰਾਮ ਅਨੁਸਾਰ ਸਵੇਰੇ 10 ਵਜੇ ਵੋਟਾਂ ਪੈਣੀਆਂ ਸੁਰੂ ਹੋ ਗਈਆਂ ਸਨ। ਉਨਾਂ ਕਿਹਾ ਕਿ ਚੋਣ ਪ੍ਰਕਿਰਿਆ ਦੌਰਾਨ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ।

ਇਸ ਸਬੰਧੀ ਹੋਰ ਜਾਣਕਾਰੀ ਸਾਂਝੀ ਕਰਦੇ ਹੋਏ, ਸੀ.ਈ.ਓ. ਨੇ ਕਿਹਾ ਕਿ ਚੋਣ ਦੇ ਅੰਤ ਵਿੱਚ ਚੋਣ ਲੜ ਰਹੇ ਹਰੇਕ ਉਮੀਦਵਾਰ ਦੇ ਅਧਿਕਾਰਤ ਪ੍ਰਤੀਨਿਧੀ ਨੂੰ ਫਾਰਮ 6 (ਬੈਲਟ ਪੇਪਰ ਅਕਾਉਂਟ) ਦੀ ਇੱਕ ਕਾਪੀ ਉਪਲਬਧ ਕਰਵਾਈ ਗਈ ਹੈ।
ਦੱਸਣਯੋਗ ਹੈ ਕਿ ਵੋਟਾਂ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਚੋਣ ਲੜ ਰਹੇ ਉਮੀਦਵਾਰਾਂ ਦੇ ਨੁਮਾਇੰਦਿਆਂ ਅਤੇ ਨਿਗਰਾਨ ਦੀ ਹਾਜ਼ਰੀ ਵਿੱਚ ਬੈਲਟ ਬਾਕਸ ਅਤੇ ਹੋਰ ਦਸਤਾਵੇਜ਼ਾਂ ਨੂੰ ਲੱਕੜ ਦੇ ਡੱਬੇ ਵਿੱਚ ਸੀਲ ਕਰ ਦਿੱਤਾ ਗਿਆ। ਸੀਲਬੰਦ ਪੋਲਡ ਬੈਲਟ ਬਾਕਸ ਅਤੇ ਵਰਤੀ ਗਈ ਤੇ ਅਣਵਰਤੀ ਚੋਣ ਸਮੱਗਰੀ ,ਅੱਜ ਸ਼ਾਮ ਸਹਾਇਕ ਰਿਟਰਨਿੰਗ ਅਫਸਰ-ਕਮ-ਸਕੱਤਰ, ਪੰਜਾਬ ਵਿਧਾਨ ਸਭਾ ਸੁਰਿੰਦਰ ਪਾਲ ਅਤੇ ਸਹਾਇਕ ਰਿਟਰਨਿੰਗ ਅਫਸਰ-ਕਮ-ਸੰਯੁਕਤ ਸਕੱਤਰ, ਪੰਜਾਬ ਵਿਧਾਨ ਸਭਾ ਰਾਮ ਲੋਕ ਖਟਾਨਾ ਵੱਲੋਂ ਹਵਾਈ ਜਹਾਜ਼ ਰਾਹੀਂ ਰਿਟਰਨਿੰਗ ਅਫਸਰ ਨੂੰ ਭੇਜੀ ਜਾਵੇਗੀ। ਇਸ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ, ਚੋਣ ਲੜ ਰਹੇ ਉਮੀਦਵਾਰਾਂ ਦੇ ਨੁਮਾਇੰਦਿਆਂ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਗਿਆ ਹੈ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!