ਪੰਜਾਬ

ਪੰਜਾਬ ਦੀਆਂ ਤਹਿਸੀਲਾਂ/ਸਬ ਤਹਿਸੀਲਾਂ ਦੀ ਬਦਲੇਗੀ ਨੁਹਾਰ: ਜਿੰਪਾ

 

– ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 158 ਕਰੋੜ ਰੁਪਏ ਦੀ ਰਾਸ਼ੀ ਨਵੀਆਂ ਤਹਿਸੀਲਾਂ ਦੀ ਉਸਾਰੀ ਤੇ ਅੱਪਗ੍ਰੇਡੇਸ਼ਨ ਲਈ ਜਾਰੀ

ਚੰਡੀਗੜ੍ਹ, 13 ਸਤੰਬਰ:

ਪੰਜਾਬ ਦੇ ਤਹਿਸੀਲ ਕੰਪਲੈਕਸਾਂ/ਸਬ ਤਹਿਸੀਲ ਕੰਪਲੈਕਸਾਂ ਦੀ ਜਲਦ ਹੀ ਨੁਹਾਰ ਬਦਲਣ ਜਾ ਰਹੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਵਿਚ ਨਵੀਆਂ ਤਹਿਸੀਲਾਂ/ਸਬ ਤਹਿਸੀਲਾਂ ਦੀ ਉਸਾਰੀ ਅਤੇ ਅੱਪਗ੍ਰੇਡੇਸ਼ਨ ਲਈ ਕਰੀਬ 158 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਲ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਦੱਸਿਆ ਕਿ ਆਮ ਲੋਕਾਂ ਦੀ ਸਹੂਲਤ ਲਈ ਅਤੇ ਮਾਲ ਵਿਭਾਗ ਦੇ ਕੰਮ ਨੂੰ ਹੋਰ ਸੁਚਾਰੂ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਕਈ ਤਹਿਸੀਲ/ਸਬ-ਤਹਿਸੀਲ ਦਫਤਰਾਂ ਦੀ ਨਵ ਉਸਾਰੀ ਲਈ ਪਹਿਲਕਦਮੀ ਕੀਤੀ ਹੈ। ਇਨ੍ਹਾਂ ਦਫਤਰਾਂ ਵਿਚ ਕੰਮ ਕਰਵਾਉਣ ਲਈ ਆਉਣ ਵਾਲੇ ਲੋਕ ਜਲਦ ਹੀ ਨਵੀਆਂ ਤੇ ਅੱਪਗ੍ਰੇਡ ਇਮਾਰਤਾਂ ਵਿਚ ਆਸਾਨੀ ਨਾਲ ਕੰਮ ਕਰਵਾ ਸਕਣਗੇ।

ਜਿੰਪਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ 100 ਕਰੋੜ ਦੇ ਕਰੀਬ ਰਾਸ਼ੀ ਪ੍ਰਵਾਨ ਕੀਤੀ ਗਈ ਸੀ ਪਰ ਕੁਝ ਜ਼ਿਲ੍ਹਿਆਂ ਦੇ ਬਜਟ ਵਿਚ ਵਾਧਾ ਕੀਤੇ ਜਾਣ ਤੋਂ ਬਾਅਦ ਹੁਣ ਤੱਕ 158 ਕਰੋੜ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ। ਇਹ ਰਾਸ਼ੀ ਹਾਲੇ ਹੋਰ ਵੱਧਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਦਫਤਰ ਪੁਰਾਣੀਆਂ ਅਤੇ ਖਸਤਾ ਹਾਲ ਇਮਾਰਤਾਂ ਵਿਚ ਚੱਲ ਰਹੇ ਸਨ ਅਤੇ ਕਈ ਥਾਂਈ ਸਹੂਲਤਾਂ ਦੀ ਕਮੀ ਸੀ। ਇਸ ਲਈ ਇਨ੍ਹਾਂ ਦਫਤਰਾਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਪੈਸੇ ਜਾਰੀ ਕੀਤੇ ਗਏ ਹਨ।

ਮਾਲ ਮੰਤਰੀ ਦੇ ਦੱਸਿਆ ਕਿ ਚਮਕੌਰ ਸਾਹਿਬ, ਚੀਮਾ (ਸੰਗਰੂਰ), ਦਿੜ੍ਹਬਾ ਤੇ ਬਨੂੜ ਵਿਖੇ ਬਣਨ ਵਾਲੀਆਂ ਨਵੀਆਂ ਇਮਾਰਤਾਂ ਲਈ ਕ੍ਰਮਵਾਰ 5.14 ਕਰੋੜ, 4.31 ਕਰੋੜ, 10.68 ਕਰੋੜ ਤੇ 3.05 ਕਰੋੜ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ। ਇਨ੍ਹਾਂ ਵਿਚੋਂ ਚੀਮਾ ਅਤੇ ਦਿੜ੍ਹਬਾ ਤਹਿਸੀਲ ਕੰਪਲੈਕਸਾਂ ਦਾ ਨੀਂਹ ਪੱਥਰ ਖੁਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮਈ 2023 ਵਿਚ ਰੱਖਿਆ ਸੀ। ਇਸ ਤੋਂ ਇਲਾਵਾ ਹੁਸ਼ਿਆਰਪੁਰ ਦੇ ਨਵੇਂ ਤਹਿਸੀਲ ਕੰਪਲੈਕਸ ਲਈ 6.52 ਕਰੋੜ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ। ਨਕੋਦਰ ਦਾ ਨਵਾਂ ਤਹਿਸੀਲ ਕੰਪਲੈਕਸ ਉਸਾਰਨ ਲਈ 6.18 ਕਰੋੜ ਰੁਪਏ ਜਾਰੀ ਹੋਏ ਹਨ।

ਇਸ ਤੋਂ ਇਲਾਵਾ ਬਠਿੰਡਾ ਜ਼ਿਲ੍ਹੇ ਦੀਆਂ ਤਿੰਨ ਸਬ ਤਹਿਸੀਲਾਂ ਗੋਨਿਆਣਾ, ਨਥਾਣਾ ਤੇ ਬਾਲਿਆਂਵਾਲੀ ਦੇ ਕੰਪਲੈਕਸਾਂ ਦੀ ਉਸਾਰੀ ਲਈ ਕ੍ਰਮਵਾਰ 1.04 ਕਰੋੜ ਰੁਪਏ, 1.47 ਕਰੋੜ ਰੁਪਏ ਤੇ 1.42 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਤਲਵੰਡੀ ਸਾਬੋ ਦੇ ਤਹਿਸੀਲ ਕੰਪਲੈਕਸ ਲਈ 5.98 ਕਰੋੜ ਰੁਪਏ ਦੀ ਰਾਸ਼ੀ ਦਿੱਤੀ ਗਈ ਹੈ।

ਜਿੰਪਾ ਨੇ ਦੱਸਿਆ ਕਿ ਜ਼ਿਲ੍ਹਾ ਫਤਹਿਗੜ੍ਹ ਸਾਹਿਬ ‘ਚ ਬੱਸੀ ਪਠਾਣਾਂ ਵਿਖੇ ਨਵੀਂ ਇਮਾਰਤ ਦੀ ਉਸਾਰੀ ਲਈ 8.61 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਅਬੋਹਰ ਵਿਖੇ ਨਵੀਂ ਇਮਾਰਤ ਦੀ ਉਸਾਰੀ ਲਈ 3.50 ਕਰੋੜ ਰੁਪਏ ਦਿੱਤੇ ਗਏ ਹਨ। ਇਸੇ ਤਰ੍ਹਾਂ ਕਲਾਨੌਰ ਲਈ 6.60 ਕਰੋੜ ਰੁਪਏ, ਬਟਾਲਾ ਲਈ 11.06 ਕਰੋੜ ਰੁਪਏ, ਸੁਲਤਾਨਪੁਰ ਲੋਧੀ ਲਈ 5.50 ਕਰੋੜ ਰੁਪਏ ਅਤੇ ਤਹਿਸੀਲ ਕੰਪਲੈਕਸ ਫਗਵਾੜਾ ਲਈ 5.98 ਕਰੋੜ ਰੁਪਏ ਜਾਰੀ ਕੀਤੇ ਗਏ ਹਨ।

ਉਨ੍ਹਾਂ ਅੱਗੇ ਦੱਸਿਆ ਕਿ ਮਾਲੇਰਕੋਟਲਾ ਜ਼ਿਲ੍ਹੇ ਦੇ ਅਹਿਮਦਗੜ੍ਹ ਅਤੇ ਅਮਰਗੜ੍ਹ ‘ਚ ਬਣਨ ਵਾਲੇ ਨਵੇਂ ਕੰਪਲੈਕਸਾਂ ਲਈ 9.42 ਕਰੋੜ ਅਤੇ 6.69 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਇਸ ਤੋਂ ਇਲਾਵਾ ਪੰਜਾਬ ਦੇ ਕਈ ਜ਼ਿਲ੍ਹਿਆਂ ਦੀਆਂ ਤਹਿਸੀਲਾਂ/ਸਬ-ਤਹਿਸੀਲਾਂ ਜਿਵੇਂ ਬਰਨਾਲਾ, ਫਰੀਦਕੋਟ, ਸਮਾਣਾ, ਫਿਲੌਰ, ਗੁਰਦਾਸਪੁਰ, ਲੁਧਿਆਣਾ, ਸ਼ਾਹਕੋਟ, ਕਪੂਰਥਲਾ, ਰੂਪਨਗਰ, ਦੀਨਾਨਗਰ, ਮੁਕਤਸਰ ਸਾਹਿਬ, ਜਲੰਧਰ, ਪਠਾਨਕੋਟ ਆਦਿ ਦੀ ਦਿੱਖ ਸੰਵਾਰੀ ਜਾਵੇਗੀ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!