ਮੁਲਾਜ਼ਮਾਂ ਵੱਲੋਂ ਸਰਕਾਰ ਵਿਰੁੱਧ 12 ਫਰਵਰੀ ਦੀ ਮਹਾਂਰੈਲੀ ਦੀਆਂ ਵਿਉਂਤਬੰਦੀਆਂ ਸ਼ੁਰੂ
ਚੰਡੀਗੜ੍ਹ ਸਥਿਤ ਸਕੱਤਰੇਤ ਤੋਂ ਲੈਕੇ ਡਾਇਰੈਕਟੋਰੇਟਾਂ ਤੱਕ ਗੇਟ ਰੈਲੀਆਂ
ਚੰਡੀਗੜ੍ਹ 10 ਫਰਵਰੀ 2021 ( ) ਪੰਜਾਬ ਸਰਕਾਰ ਦੀਆਂ ਮੁਲਾਜ਼ਮਾਂ ਮਾਰੂ ਨੀਤੀਆਂ ਵਿਰੁੱਧ ਸਾਂਝਾ ਮੁਲਾਜ਼ਮ ਮੰਚ ਅਤੇ ਪੈਨਸ਼ਨਰਜ਼ ਫਰੰਟ ਵੱਲੋਂ ਮਿਤੀ 12.02.2021 ਨੂੰ ਹੋਣ ਜਾ ਰਹੀ ਰੈਲੀ ਲਈ ਇੱਕਜੁੱਟ ਹੋਏ ਮੁਲਾਜ਼ਮਾਂ ਵੱਲੋਂ ਅੱਜ ਸਕੱਤਰੇਤ ਤੋਂ ਲੈਕੇ ਚੰਡੀਗੜ੍ਹ ਸਥਿਤ ਡਾਇਰੈਕਟੋਰੇਟਾਂ ਗੇਟ ਰੈਲੀਆਂ ਕੀਤੀਆਂ ਗਈਆਂ। ਸਰਕਾਰ ਦੇ ਅੜੀਅਲ ਵਤੀਰੇ ਤੋਂ ਅੱਕੇ ਮੁਲਾਜ਼ਮਾਂ ਨੇ ਭਾਰੀ ਗਿਣਤੀ ਵਿੱਚ 12.02.2021 ਨੂੰ ਮੁਹਾਲੀ ਵਿਖੇ ਵਾਈ.ਪੀ.ਐਸ.ਗਰਾਉਂਡ ਵਿੱਚ ਹੋਣ ਜਾ ਰਹੀ ਮਹਾਂਰੈਲੀ ਵਿੱਚ ਵਧ ਚੜ੍ਹ ਕੇ ਭਾਗ ਲੈਣ ਦਾ ਅਹਿਦ ਲਿਆ। ਇਸ ਮੌਕੇ ਮੰਚ ਦੇ ਕਨਵੀਨਰ ਅਤੇ ਪੰਜਾਬ ਸਿਵਲ ਸਕੱਤਰੇਤ ਸਟਾਫ ਐਸੋਸੀਏਸ਼ਨ ਦੇ ਪ੍ਰਧਾਨ ਸੁਖਚੈਨ ਸਿੰਘ ਖਹਿਰਾ ਨੇ ਮੁਲਾਜ਼ਮਾਂ ਨੂੰ ਲਾਮ ਬੰਦ ਕਰਦਿਆਂ ਮੁਲਾਜ਼ਮਾਂ ਨੂੰ ਆਰ-ਪਾਰ ਦੀ ਲੜਾਈ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਦੱਸਿਆ ਕਿ ਇਸ ਸਮੇਂ ਮੁਲਾਜ਼ਮ ਸੰਘਰਸ਼ ਵਿੱਚ ਪੰਜਾਬ ਦੇ ਮੁਲਾਜਮਾਂ ਦੀਆਂ ਸਿਰਮੌਰ ਜੱਥੇਬੰਦੀਆਂ ਜਿਵੇਂ ਕਿ ਮਨਿਸਟੀਰੀਅਲ ਅਮਲੇ ਦੀਆਂ ਵਿਭਾਗੀ ਜੱਥੇਬੰਦੀਆਂ, ਅਧਿਆਪਕ ਜੱਥੇਬੰਦੀਆਂ ਅਤੇ ਪੁਰਾਣੀ ਪੈਨਸ਼ਨ ਸਬੰਧੀ ਜੱਥੇਬੰਦੀਆਂ ਅਤੇ ਫੈਡਰੇਸ਼ਨਾਂ ਸ਼ਾਮਿਲ ਹੋ ਰਹੀਆਂ ਹਨ। ਇਸ ਮੌਕੇ ਮੁਲਾਜ਼ਮਾਂ ਵਿੱਚ ਬਹੁਤ ਜੋਸ਼ ਵੇਖਿਆ ਗਿਆ ਅਤੇ ਮੁਲਾਜ਼ਮਾਂ ਵੱਲੋਂ ਆਪ ਮੁਹਾਰੇ ਸਰਕਾਰ ਵਿਰੁੱਧ ਸੰਘਰਸ਼ ਕਰਨ ਦਾ ਸੰਕਲਪ ਕੀਤਾ। ਮੁਲਾਜ਼ਮਾਂ ਦੀਆਂ ਮੁੱਖ ਮੰਗਾਂ ਵਿੱਚ ਆਊਟਸੋਰਸ ਮੁਲਾਜ਼ਮਾਂ ਨੂੰ ਪੱਕੇ ਕਰਨਾ, ਨਵੇਂ ਭਰਤੀ ਹੋਣ ਵਾਲੇ ਮੁਲਾਜ਼ਮਾਂ ਤੇ ਕੇਂਦਰੀ ਸਕੇਲ ਲਾਗੂ ਨਾ ਕਰਨਾ, ਮੋਬਾਈਲ ਅਲਾਉਂਸ ਵਿੱਚ ਕੀਤੀ ਕਟੌਤੀ ਵਾਪਿਸ ਕਰਨਾ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨਾ, NPS ਵਾਲੇ ਮੁਲਾਜ਼ਮਾਂ ਨੂੰ ਕੇਂਦਰੀ ਪੈਟਰਨ ਤੇ ਵਿਧਾ ਲਈ ਫੈਮਲੀ ਪੈਨਸ਼ਨ, ਗੁਮਸ਼ੁਦਾ ਮੁਲਾਜ਼ਮਾਂ ਲਈ ਫੈਮਲੀ ਪੈਨਸ਼ਨ, ਮਿਤੀ 01.01.2004 ਤੋਂ ਮਿਤੀ 20.10.2009 ਤੱਕ ਦੇ NPS ਮੁਲਾਜ਼ਮ ਜੋ ਸਾਲ 2004 ਤੋਂ ਪਹਿਲਾਂ ਕਿਸੇ ਹੋਰ ਵਿਭਾਗ ਵਿੱਚ ਸਰਕਾਰੀ ਨੌਕਰੀ ਵਿੱਚ ਸਨ, ਨੂੰ ਪੁਰਾਣੀ ਪੈਨ਼ਸ਼ਨ ਸਕੀਮ ਦੀ ਆਪਸ਼ਨ ਦੇਣੀ, ਪੇਅ ਕਮਿਸ਼ਨ ਦੀ ਰਿਪੋਰਟ ਜਲਦੀ ਲਾਗੂ ਕਰਨਾ, ਮਹਿੰਗਾਈ ਭੱਤੇ ਨੂੰ ਬੇਸਿਕ ਤਨਖਾਹ ਵਿੱਚ ਮਰਜ ਕਰਨਾ, ਪ੍ਰੋਫੈਸ਼ਨਲ ਟੈਕਸ ਸਬੰਧੀ ਪੱਤਰ ਵਾਪਿਸ ਲੈਣਾ, ਹਦਾਇਤਾਂ ਮਿਤੀ 15.01.2015 ਨੂੰ ਰੱਦ ਕਰਦੇ ਹੋਏ ਪਰਖਕਾਲ ਸਮੇਂ ਦੀ ਪੂਰੀ ਤਨਖਾਹ ਦੇਣਾਂ ਅਤੇ ਪਰਖਕਾਲ ਦਾ ਸਮਾਂ 03 ਸਾਲ ਤੋਂ ਘਟਾਕੇ 02 ਸਾਲ ਕਰਨਾ, ਸੇਵਾਦਰਾਂ ਦੀਆਂ ਵੱਖ ਵੱਖ ਕਾਡਰਾਂ ਵਿੱਚ ਪਦ ਉੱਨਤੀ ਕਰਨਾ ਅਤੇ ਸਿੱਧੀ ਭਰਤੀ ਕਰਨਾ, ਤਰੁੱਟੀਆਂ ਦੂਰ ਕਰਦੇ ਹੋਏ ਕੈਸ਼ਲੈੱਸ ਹੈਲਥ ਸਕੀਮ ਮੁੜ ਲਾਗੂ ਕਰਨਾ, ਪੈਨਸ਼ਨਰਾਂ ਨੂੰ 85 ਸਾਲ ਦੀ ਉਮਰ ਤੇ ਪੈਨਸ਼ਨ ਦੁੱਗਣੀ ਕਰਨਾ, ਏ.ਸੀ.ਪੀ. ਸਕੀਮ ਤਹਿਤ DACP ਦੀ ਤਰਜ ਤੇ ਅਗਲੀ ਗ੍ਰੇਡ ਪੇਅ ਦੇਣਾ, ਲੰਮੇਂ ਸਮੇਂ ਤੋਂ ਪੈਂਡਿੰਗ ਡੀ.ਏ ਅਤੇ ਏਰੀਅਰ ਦੀ ਅਦਾਇਗੀ ਕਰਨਾ ਆਦਿ ਮੰਗਾਂ ਸ਼ਾਮਿਲ ਸਨ। ਮੁਹਾਲੀ ਵਿਖੇ ਸਥਿਤ ਪੰਜਾਬ ਸਰਕਾਰ ਦੇ ਵਿਭਾਗਾਂ ਦੇ ਡਾਇਰੈਕਟਰੇਟਾਂ ਵਿੱਚ ਪਰਵਿੰਦਰ ਸਿੰਘ ਖੰਘੂੜਾ, ਜਗਜੀਤ ਸਿੰਘ, ਨਵਵਰਿੰਦਰ ਅਤੇ ਜਸਵੀਰ ਸਿੰਘ ਟੋਹੜਾ ਆਦਿ ਦੀ ਅਗਵਾਈ ਵਿੱਚ 12.02.2021 ਦੀ ਰੈਲੀ ਨੂੰ ਕਾਮਯਾਬ ਕਰਨ ਲਈ ਜੋਰਦਾਰ ਕੈਂਪੇਨਿੰਗ ਕੀਤੀ ਗਈ। ਇਸੇ ਤਰ੍ਹਾਂ ਹੀ ਚੰਡੀਗੜ੍ਹ ਵਿਖੇ ਜਗਦੇਵ ਕੌਲ, ਸੈਮੁਅਲ ਮਸੀਹ, ਜੈਜਿੰਦਰ ਸਿੰਘ ਅਤੇ ਸੁਖਚੈਨ ਸਿੰਘ ਵੱਲੋਂ ਸੈਕਟਰ 17 ਵਿਖੇ ਪੰਜਾਬ ਸਰਕਾਰ ਦੇ ਦਫਤਰਾਂ ਵਿੱਚ ਮੁਲਾਜ਼ਮਾਂ ਨੂੰ ਮਹਾਂਰੈਲੀ ਲਈ ਜਾਗਰੁਕ ਕੀਤਾ। ਉੱਧਰ ਪੰਜਾਬ ਸਿਵਲ ਸਕੱਤਰੇਤ-2 (ਮਿੰਨੀ ਸਕੱਤਰੇਤ) ਵਿਖੇ ਵੀ ਦੁਪਹਿਰ ਨੂੰ ਗੇਟ ਰੈਲੀ ਕੀਤੀ ਗਈ । ਇਸ ਮੌਕੇ ਸਕੱਤਰੇਤ ਸਟਾਫ ਐਸੋਸੀਏਸ਼ਨ ਤੋਂ ਗੁਰਪ੍ਰੀਤ ਸਿੰਘ, ਸੁਖਜੀਤ ਕੌਰ, ਇੰਦਰਪਾਲ ਸਿੰਘ ਭੰਗੂ, ਅਮਰਵੀਰ ਸਿੰਘ ਗਿੱਲ, ਅਲਕਾ ਅਰੋੜਾ, ਜਸਪ੍ਰੀਤ ਸਿੰਘ ਰੰਧਾਵਾ, ਮਨਜੀਤ ਸਿੰਘ ਰੰਧਾਵਾ ਆਦਿ ਨੇ ਮੁਲਾਜ਼ਮਾਂ ਨੁੰ ਸੰਬੋਧਿਤ ਕੀਤਾ।