ਅਯੁੱਧਿਆ ਵਿਖੇ ਰਾਮ ਲੱਲਾ ਦੇ ਆਗਮਨ ਸਬੰਧੀ ਵਿਸ਼ਾਲ ਸਮਾਰੋਹ ਹੋਇਆ ਸਮਾਪਤ
ਪੰਜਾਬ ਰਾਜ ਭਵਨ ਵਿਖੇ ਪਵਿੱਤਰ ਰਸਮ ਦੇ ਸਿੱਧੇ ਪ੍ਰਸਾਰਣ ਨਾਲ ਮਾਹੌਲ ਬਣਿਆ ‘ਰਾਮਮਈ’
ਚੰਡੀਗੜ੍ਹ, 22 ਜਨਵਰੀ: ਸੋਮਵਾਰ ਨੂੰ ਅਯੁੱਧਿਆ ਦੇ ਪਵਿੱਤਰ ਰਾਮ ਮੰਦਿਰ ਦੇ ਪਾਵਨ ਅਸਥਾਨ ’ਚ ਸ਼੍ਰੀ ਰਾਮ ਲੱਲਾ ਜੀ ਦੇ ਆਗਮਨ ਸਬੰਧੀ ਸਮਾਰੋਹ ਪੂਰੀ ਸ਼ਾਨੋ-ਸ਼ੌਕਤ ਨਾਲ ਸੰਪੰਨ ਹੋਇਆ। ਇਸ ਪਵਿੱਤਰ ਮੌਕੇ ’ਤੇ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਯੂਟੀ ਦੇ ਪ੍ਰਸ਼ਾਸਕ ਸ੍ਰੀ ਬਨਵਾਰੀ ਲਾਲ ਪੁਰੋਹਿਤ ਅਤੇ ਪੰਜਾਬ ਰਾਜ ਭਵਨ ਵਿਖੇ ਮੌਜੂਦ ਹੋਰ ਰਾਮ ਭਗਤਾਂ ਨੇ ਪਵਿੱਤਰ ਰਸਭਿੰਨੇ ਮਾਹੌਲ ਦਾ ਸਿੱਧਾ ਪ੍ਰਸਾਰਣ ਦੇਖਿਆ ਅਤੇ ਪੂਰਾ ਰਾਜ ਭਵਨ ’ਰਾਮਮਈ’ ਬਣ ਗਿਆ।
ਇਸ ਸ਼ੁਭ ਮੌਕੇ ’ਤੇ ਪੂਰੇ ਪੰਜਾਬ ਰਾਜ ਭਵਨ ਨੂੰ ਵੱਖ-ਵੱਖ ਫੁੱਲਾਂ ਅਤੇ ਰੰਗ-ਬਿਰੰਗੀਆਂ ਲਾਈਟਾਂ ਨਾਲ ਖੂਬਸੂਰਤ ਢੰਗ ਨਾਲ ਸਜਾਇਆ ਗਿਆ ਸੀ, ਜੋ ਆਪਣੇ ਆਪ ’ਚ ਇਕ ਨਜ਼ਾਰਾ ਸੀ।
ਇਸ ਦੌਰਾਨ ਰਾਜਪਾਲ ਨੇ ਰਾਮ ਭਗਤ ਵਜੋਂ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਮੂਹ ਭਾਰਤ ਵਾਸੀਆਂ ਦੇ ਨਾਲ-ਨਾਲ ਮੈਂ ਵੀ ਇਸ ਇਲਾਹੀ ਮੌਕੇ ਦੀ ਲੰਮੇ ਸਮੇਂ ਤੋਂ ਉਡੀਕ ਕਰ ਰਿਹਾ ਸੀ, ਜੋ ਅੱਜ ਇੰਨੀ ਸ਼ਾਨ ਨਾਲ ਸੰਪੰਨ ਹੋਇਆ ਹੈ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਖੁਸ਼ਕਿਸਮਤ ਹਾਂ ਕਿ ਸਾਨੂੰ ਆਪਣੀ ਜ਼ਿੰਦਗੀ ਵਿਚ ਇਸ ਇਤਿਹਾਸਕ ਪਲ ਨੂੰ ਦੇਖਣ ਦਾ ਮਾਣ ਹਾਸਲ ਹੋਇਆ ਹੈ। ਇਸਦੇ ਲਈ ਮੈਂ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਸਾਰੇ ਸਬੰਧਤਾਂ ਵਿਅਕਤੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ।
ਉਨ੍ਹਾਂ ਕਿਹਾ ਕਿ ਅੱਜ ਸ੍ਰੀ ਰਾਮ ਮੰਦਿਰ ਦੇ ਪਾਵਨ ਅਸਥਾਨ ’ਚ ਰਾਮ ਲੱਲਾ ਜੀ ਦੇ ਪ੍ਰਕਾਸ਼ ਪੁਰਬ ਨਾਲ ਪੂਰੇ ਦੇਸ਼ ’ਚ ਖੁਸ਼ੀ ਦਾ ਮਾਹੌਲ ਹੈ ।
ਇਸ ਇਤਿਹਾਸਕ ਸਮਾਜਿਕ ਅਤੇ ਧਾਰਮਿਕ ਮੌਕੇ ’ਤੇ ਰਾਜਪਾਲ ਨੇ ਸ੍ਰੀ ਰਾਮ ਅੱਗੇ ਅਰਦਾਸ ਕੀਤੀ ਕਿ ਸਾਰਿਆਂ ਦਾ ਜੀਵਨ ਹਮੇਸ਼ਾ ਖੁਸ਼ਹਾਲ ਅਤੇ ਖੁਸ਼ੀਆਂ ਭਰਪੂਰ ਰਹੇ ।
ਜ਼ਿਕਰਯੋਗ ਹੈ ਕਿ ਪ੍ਰਾਣ ਪ੍ਰਤਿਸ਼ਠਾ ਦੀ ਪਵਿੱਤਰ ਰਸਮ ਦੀ ਸਮਾਪਤੀ ਤੋਂ ਬਾਅਦ ਪੰਜਾਬ ਰਾਜ ਭਵਨ ਵਿਖੇ ਇੱਕ ਭੰਡਾਰਾ ਵੀ ਕਰਵਾਇਆ ਗਿਆ ਜਿਸ ਵਿੱਚ ਰਾਜਪਾਲ ਸਮੇਤ ਸਮੂਹ ਸ਼ਰਧਾਲੂਆਂ, ਅਧਿਕਾਰੀਆਂ ਤੇ ਕਰਮਚਾਰੀਆਂ ਸਮੇਤ ਪੰਜਾਬ ਰਾਜ ਭਵਨ ਅਤੇ ਯੂਟੀ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਭਾਗ ਲਿਆ ਅਤੇ ਪ੍ਰਸਾਦ ਦਾ ਵੀ ਆਨੰਦ ਮਾਣਿਆ।