ਪੰਜਾਬ
ਰਾਣਾ ਗੁਰਜੀਤ ਨੂੰ ਚੰਨੀ ਦੀ ਅਗਵਾਈ ਹੇਠ ਕਾਂਗਰਸ ਦੇ ਮੁੜ ਸੱਤਾ ਚ ਪਰਤਣ ਦਾ ਭਰੋਸਾ
ਕਪੂਰਥਲਾ, 19 ਜਨਵਰੀ: ਕਾਂਗਰਸ ਦੇ ਸੀਨੀਅਰ ਆਗੂ ਅਤੇ ਤਕਨੀਕੀ ਸਿੱਖਿਆ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਭਰੋਸਾ ਪ੍ਰਗਟਾਇਆ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਕਾਂਗਰਸ ਸ਼ਾਨਦਾਰ ਬਹੁਮਤ ਦੇ ਨਾਲ ਸੱਤਾ ਚ ਵਾਪਸ ਪਰਤੇਗੀ।
ਇੱਥੇ ਪਾਰਟੀ ਵਰਕਰਾਂ ਅਤੇ ਸਮਰਥਕਾਂ ਦੀਆਂ ਲਡ਼ੀਵਾਰ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਰਾਣਾ ਨੇ ਕਿਹਾ ਕਿ ਵਿਰੋਧੀ ਧਿਰ ਪੂਰੀ ਤਰ੍ਹਾਂ ਨਾਲ ਟੁੱਟ ਚੁੱਕਿਆ ਹੈ ਤੇ ਲੋਕਾਂ ਨੂੰ ਸਿਰਫ਼ ਕਾਂਗਰਸ ਤੋਂ ਹੀ ਉਮੀਦ ਹੈ। ਪੰਜਾਬ ਲੋਕ ਦੇਖ ਚੁੱਕੇ ਹਨ ਕਿ ਕਾਂਗਰਸ ਲੋਕ ਹਿੱਤ ਦੇ ਮਾਮਲੇ ਵਿੱਚ ਸਮਝੌਤਾ ਨਹੀਂ ਕਰਦੀ, ਜਦੋਂ ਪਾਰਟੀ ਨੂੰ ਸੂਬੇ ਦੇ ਹਿੱਤ ਵਿੱਚ ਅਗਵਾਈ ਚ ਬਦਲਾਅ ਕਰਨਾ ਪਿਆ, ਤਾਂ ਉਸਨੇ ਸਮਾਂ ਨਾ ਲੈਂਦਿਆਂ ਚੰਨੀ ਨੂੰ ਮੁੱਖ ਮੰਤਰੀ ਬਣਾਇਆ, ਜਿਹੜੇ ਲੋਕਾਂ ਦੀਆਂ ਉਮੀਦਾਂ ਤੇ ਖਰੇ ਉਤਰੇ ਹਨ। ਉਨ੍ਹਾਂ ਨੇ ਕਿਹਾ ਕਿ ਬੀਤੇ ਤਿੰਨ ਮਹੀਨਿਆਂ ਦੌਰਾਨ ਪੰਜਾਬ ਦੇ ਲੋਕਾਂ ਨੇ ਮੁੱਖ ਮੰਤਰੀ ਦੀ ਮਿਹਨਤ ਨੂੰ ਦੇਖਿਆ ਹੈ ਤੇ ਉਹਨਾਂ ਨੂੰ ਇੱਕ ਹੋਰ ਮੌਕਾ ਮਿਲਣਾ ਚਾਹੀਦਾ ਹੈ।
ਬਾਅਦ ਵਿੱਚ ਪੱਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਦੌਰਾਨ ਰਾਣਾ ਨੇ ਕਿਹਾ ਕਿ ਭਗਵੰਤ ਮਾਨ ਨੂੰ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦੇ ਚਿਹਰੇ ਵਜੋਂ ਪੇਸ਼ ਕਰਨ ਨਾਲ ਕੋਈ ਵੀ ਫਰਕ ਨਹੀਂ ਪੈਣ ਵਾਲਾ। ਉਹ ਮਾਨ ਸਾਹਿਬ ਨੂੰ ਮੁੱਖ ਮੰਤਰੀ ਉਮੀਦਵਾਰ ਬਣਾਏ ਜਾਣ ਤੇ ਵਧਾਈ ਦਿੰਦੇ ਹਨ, ਪਰ ਇਹ ਵੀ ਕਹਿਣਾ ਚਾਹੁੰਦੇ ਹਨ ਕਿ ਕਾਂਗਰਸ ਇੰਨੀ ਮਜ਼ਬੂਤ ਹੈ ਕਿ ਕੋਈ ਵੀ ਹੋਰ ਪਾਰਟੀ ਉਸਨੂੰ ਪਾਰ ਨਹੀਂ ਪਾ ਸਕਦੀ।
ਜਦਕਿ ਪਾਰਟੀ ਦੇ ਕੁੱਝ ਵਿਧਾਇਕਾਂ ਵੱਲੋਂ ਉਨ੍ਹਾਂ ਖ਼ਿਲਾਫ਼ ਉਨ੍ਹਾਂ ਲੋਕਾਂ ਦੇ ਵਿਧਾਨ ਸਭਾ ਹਲਕਿਆਂ ਚ ਦਖਲਅੰਦਾਜ਼ੀ ਕਰਨ ਸੰਬੰਧੀ ਲਗਾਏ ਆਰੋਪਾਂ ਤੇ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ, ਰਾਣਾ ਨੇ ਕਿਹਾ ਕਿ ਉਹ ਉਨ੍ਹਾਂ ਵਿਧਾਇਕਾਂ ਦਾ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਆਪਣੇ ਹਲਕਿਆਂ ਚ ਉਨ੍ਹਾਂ ਦੇ ਅਸਰ ਨੂੰ ਮੰਨਿਆ ਹੈ। ਇਸਦਾ ਮਤਲਬ ਹੈ ਕਿ ਇਨ੍ਹਾਂ ਨੂੰ ਇਹ ਲੱਗਦਾ ਹੈ ਕਿ ਇਨ੍ਹਾਂ ਦੇ ਹਲਕਿਆਂ ਚ ਇਹ ਖੁਦ ਨਹੀਂ, ਸਗੋਂ ਉਹ ਪ੍ਰਭਾਵੀ ਹਨ।
ਇਸ ਤਰ੍ਹਾਂ, ਉਨ੍ਹਾਂ ਦੇ ਬੇਟੇ ਰਾਣਾ ਇੰਦਰ ਸਿੰਘ ਦੇ ਸੁਲਤਾਨਪੁਰ ਲੋਧੀ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਬਾਰੇ ਉਨ੍ਹਾਂ ਕਿਹਾ ਕਿ ਰਾਣਾ ਇੰਦਰ ਨੂੰ ਉਹ ਸਭ ਕੁਝ ਕਰਨ ਦਾ ਹੱਕ ਹੈ, ਜਿਸਨੂੰ ਉਹ ਠੀਕ ਸਮਝਦੇ ਹਨ। ਅਜਿਹੇ ਚ ਸਿਰਫ ਇਸ ਲਈ ਕਿ ਉਹ ਉਨ੍ਹਾਂ ਦੇ ਬੇਟੇ ਹਨ, ਉਹ ਚੋਣ ਲੜਨ ਲਈ ਨਾਕਾਬਿਲ ਨਹੀਂ ਹੋ ਜਾਂਦੇ। ਰਾਣਾ ਇੰਦਰ ਨੇ ਹਲਕੇ ਚ ਕੰਮ ਕੀਤਾ ਹੈ ਅਤੇ ਉਨ੍ਹਾਂ ਨੂੰ ਲੋਕਾਂ ਤੋਂ ਚੰਗਾ ਸਮਰਥਨ ਮਿਲਿਆ ਹੈ ਤੇ ਜ਼ਿਆਦਾਤਰ ਕਾਂਗਰਸੀ ਵਰਕਰ ਉਨ੍ਹਾਂ ਦੇ ਨਾਲ ਹਨ।