ਪੰਜਾਬ

*ਪੰਜਾਬ ਪੁਲਿਸ ਅਤੇ  ਬੀ.ਐਸ.ਐਫ. ਨੇ ਸਰਹੱਦੀ ਜ਼ਿਲਿਆਂ ਵਿੱਚ ਰਾਤ ਨੂੰ 10 ਘੰਟੇ ਲੰਮਾ ਸਾਂਝਾ ਤਲਾਸ਼ੀ ਅਭਿਆਨ ਚਲਾਇਆ*

* ਸੱਤ ਸਰਹੱਦੀ ਜ਼ਿਲਿਆਂ ਵਿੱਚ 2500 ਤੋਂ ਵੱਧ ਪੁਲਿਸ ਕਰਮੀਆਂ ਦੀ ਤਾਇਨਾਤੀ ਨਾਲ ਲਗਾਏ 100 ਤੋਂ ਵੱਧ ਨਾਕੇ*

ਅਭਿਆਨ ਦਾ ਮੁੱਖ ਉਦੇਸ਼ ਸੂਬੇ ਦੇ ਸਰਹੱਦੀ ਖੇਤਰ ਵਿੱਚ ਹੋੋ ਰਹੀਆਂ ਡਰੋਨ ਕਾਰਵਾਈਆਂ ਨੂੰ ਠੱਲ ਪਾਉਣਾ 

ਡੀ.ਜੀ.ਪੀ. ਗੌਰਵ ਯਾਦਵ ਨੇ ਵਧ ਰਹੇ ਸੁਰੱਖਿਆ ਖ਼ਤਰੇ ਨੂੰ ਰੋਕਣ ਲਈ ਪੰਜਾਬ ਪੁਲਿਸ ਅਤੇ ਬੀ.ਐਸ.ਐਫ. ਨੂੰ ਆਪਸੀ ਤਾਲਮੇੇਲ ਵਧਾਉਣ ਦੀ ਕੀਤੀ ਅਪੀਲ

ਚੰਡੀਗੜ/ਅੰਮਿ੍ਰਤਸਰ, 5 ਅਗਸਤ:

ਪੰਜਾਬ ਦੇ ਮੁੱਖ ਮੰਤਰੀ  ਭਗਵੰਤ ਮਾਨ ਦੇ ਦਿਸ਼ਾ ਨਿਰਦੇਸਾਂ ‘ਤੇ ਸੂਬੇ ਦੇ ਸਰਹੱਦੀ ਜਿਲਿਆਂ ਵਿੱਚ ਸੁਰੱਖਿਆ ਨੂੰ ਹੋਰ ਮਜਬੂਤ ਕਰਨ ਲਈ, ਪੰਜਾਬ ਪੁਲਿਸ ਨੇ ਸੀਮਾ ਸੁਰੱਖਿਆ ਬਲ (ਬੀ.ਐਸ.ਐਫ) ਦੇ ਨਾਲ ਵੀਰਵਾਰ ਅਤੇ ਸ਼ੁੱਕਰਵਾਰ ਦੀ ਦਰਮਿਆਨੀ ਰਾਤ ਨੂੰ ਸਾਂਝੇ ਆਪ੍ਰੇਸ਼ਨ ਦੌਰਾਨ ਨਾਈਟ ਡਾਮੀਨੇਸ਼ਨ/ਚੈਕਿੰਗ ਕੀਤੀ ਅਤੇ ਉਸ ਤੋਂ ਬਾਅਦ ਸਰਹੱਦੀ ਪਿੰਡਾਂ ਵਿੱਚ ਤਲਾਸ਼ੀ ਅਤੇ ਘੇਰਾਬੰਦੀ ਦੀ ਮੁਹਿੰਮ ਚਲਾਈ ਗਈ।

 ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ (ਡੀ.ਜੀ.ਪੀ.) ਗੌਰਵ ਯਾਦਵ ਨੇ ਦੱਸਿਆ  ਕਿ ਪਠਾਨਕੋਟ, ਗੁਰਦਾਸਪੁਰ, ਬਟਾਲਾ, ਅੰਮਿ੍ਰਤਸਰ-ਦਿਹਾਤੀ, ਤਰਨਤਾਰਨ, ਫਿਰੋਜਪੁਰ ਅਤੇ ਫਾਜਿਲਕਾ ਸਮੇਤ ਪੰਜਾਬ ਦੇ ਸਾਰੇ ਸੱਤ ਸਰਹੱਦੀ ਜ਼ਿਲਿਆਂ ਵਿੱਚ ਅੱਧੀ ਰਾਤ ਨੂੰ ਲਗਭਗ 10 ਘੰਟੇ ਲੰਮਾ ਤਲਾਸ਼ੀ  ਅਭਿਆਨ ਚਲਾਇਆ ਗਿਆ  ।

ਇਹ ਕਾਰਵਾਈ ਅਜਿਹੇ ਸਮੇਂ ਅਮਲ ਵਿੱਚ ਲਿਆਂਦੀ ਗਈ ਹੈ, ਜਦੋਂ ਪੰਜਾਬ, ਜਿਸਦੀ ਪਾਕਿਸਤਾਨ ਨਾਲ 553 ਕਿਲੋਮੀਟਰ ਦੀ ਅੰਤਰਰਾਸ਼ਟਰੀ ਸਰਹੱਦ ਸਾਂਝੀ  ਹੈ,ਵਿੱਚ ਡਰੋਨਾਂ ਅਤੇ ਹੋਰ ਸਾਧਨਾਂ ਰਾਹੀਂ ਨਸ਼ੀਲੇ ਪਦਾਰਥਾਂ (ਹੈਰੋਇਨ), ਹਥਿਆਰ/ਗੋਲੀ ਸਿੱਕਾ, ਵਿਸਫੋਟਕ, ਗ੍ਰਨੇਡ ਆਦਿ ਦੀ ਵੱਡੀ ਖੇਪ ਦੀ ਆਮਦ ਹੋ ਰਹੀ ਹੈ। ਇਥੋਂ ਸਪੱਸ਼ਟ ਹੁੰਦਾ ਹੈ ਕਿ ਦੇਸ਼ ਵਿਰੋਧੀ ਅਨਸਰਾਂ ਵੱਲੋਂ ਸਰਹੱਦੀ ਸੂਬੇ ਵਿੱਚ ਸਾਂਤੀ ਅਤੇ ਫਿਰਕੂ ਸਦਭਾਵਨਾ ਨੂੰ ਭੰਗ ਕਰਨ ਦੀਆਂ ਕੋਝੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਏ.ਡੀ.ਜੀ.ਪੀ. (ਕਾਨੂੰਨ ਤੇ ਵਿਵਸਥਾ) ਡਾ: ਨਰੇਸ਼ ਅਰੋੜਾ ਨੇ ਆਈ.ਜੀ.ਪੀ. ਬਾਰਡਰ ਰੇਂਜ ਮੋਹਨੀਸ਼ ਚਾਵਲਾ ਅਤੇ ਐਸ.ਐਸ.ਪੀ. ਅੰਮਿ੍ਰਤਸਰ ਦਿਹਾਤੀ ਸਵਪਨ ਸ਼ਰਮਾ ਦੇ ਨਾਲ ਅੰਮਿ੍ਰਤਸਰ ਦਿਹਾਤੀ ਦੇ ਵੱਖ-ਵੱਖ ਪਿੰਡਾਂ ਵਿੱਚ ਅਭਿਆਨ ਦੀ ਅਗਵਾਈ ਕੀਤੀ, ਜਦੋਂ ਕਿ ਪੰਜਾਬ ਪੁਲਿਸ ਦੇ ਹੋਰ ਸੱਤ  ਸੀਨੀਅਰ ਆਈ.ਜੀ./ਡੀ.ਆਈ.ਜੀ./ਏ.ਆਈ.ਜੀ. ਰੈਂਕ ਦੇ ਅਧਿਕਾਰੀਆਂ ਨੇ ਨਿੱਜੀ ਤੌਰ ‘ਤੇ ਸੱਤ ਸਰਹੱਦੀ ਜ਼ਿਲਿਆਂ ਵਿੱਚ ਆਪਰੇਸ਼ਨ ਦੀ  ਨਿਗਰਾਨੀ ਕੀਤੀ ਅਤੇ ਇਨਾਂ ਜਿਲਿਆਂ ਦੇ ਐਸ.ਐਸ.ਪੀਜ਼ ਦੀ ਸੇਧਪੂਰਨ ਅਗਵਾਈ ਕੀਤੀ।

ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਇਸ ਆਪਰੇਸ਼ਨ ਵਿੱਚ ਸਰਹੱਦੀ ਜ਼ਿਲਿਆਂ ਵਿੱਚ ਲਗਭਗ 100 ਥਾਵਾਂ ‘ਤੇ ਰਾਤ ਭਰ ਨਾਕੇ ਲਗਾਏ ਗਏ, ਜਿਸ ਤੋਂ ਬਾਅਦ ਸ਼ੱਕੀ ਘਰਾਂ ਅਤੇ ਪਿੰਡਾਂ ਦੀ ਵਿਸ਼ੇਸ਼ ਤਲਾਸ਼ੀ ਅਤੇ ਘੇਰਾਬੰਦੀ ਕੀਤੀ ਗਈ। ਉਨਾਂ ਕਿਹਾ ਕਿ ਸਬੰਧਤ ਜ਼ਿਲਿਆਂ ਦੇ ਸਾਰੇ ਐਸ.ਐਸ.ਪੀਜ ਨੇ ਇਸ ਅਪਰੇਸ਼ਨ ਲਈ ਵੱਧ ਤੋਂ ਵੱਧ ਮੁਲਾਜ਼ਮ ਲਾਮਬੰਦ ਕੀਤੇ ਸਨ ਅਤੇ ਇਸ ਅਪਰੇਸ਼ਨ ਨੂੰ ਸਫਲਤਾਪੂਰਵਕ ਨੇਪਰੇ ਚਾੜਨ ਲਈ 60 ਗਜਟਿਡ ਅਫਸਰ ਅਤੇ 2500 ਐਨ.ਜੀ.ਓ/ਈਪੀਓਜ ਸਮੇਤ 28 ਆਰਮਡ ਪੁਲਿਸ ਕਰਮੀਆਂ ਨੂੰ ਤਾਇਨਾਤ ਕੀਤਾ ਗਿਆ ।

ਬੀ.ਐਸ.ਐਫ. ਅਤੇ ਪੰਜਾਬ ਪੁਲਿਸ ਦਰਮਿਆਨ ਪੂਰੇ ਤਾਲਮੇਲ ਅਤੇ ਟੀਮ ਵਰਕ ਦਾ ਸੱਦਾ ਦਿੰਦੇ ਹੋਏ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਹੁਣ ਸਮਾਂ  ਹੈ ਕਿ ਸਰਹੱਦ ਪਾਰ ਤੋਂ ਆਉਣ ਵਾਲੇ ਇਸ ਨਵੇਂ ਖਤਰੇ ਨਾਲ ਟਾਕਰਾ ਕਰਨ ਲਈ ਦੋਵੇਂ  ਸੁਰੱਖਿਆ ਬਲਾਂ ਨੂੰ ਇੱਕ ਟੀਮ ਵਜੋਂ ਕੰਮ ਕਰਨਾ ਚਾਹੀਦਾ ਹੈ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!