ਪਰਮਿੰਦਰ ਸਿੰਘ ਢੀਂਡਸਾ ਬਾਬਾ ਰਾਮ ਸਿੰਘ ਜੀ ਦੇ ਅੰਤਿਮ ਸਸਕਾਰ `ਚ ਹੋਏ ਸ਼ਾਮਿਲ
*ਬਾਬਾ ਰਾਮ ਸਿੰਘ ਤੇ ਹੋਰ ਕਿਸਾਨਾਂ ਦੀਆਂ ਕੁਰਬਾਨੀਆਂ ਅਜ਼ਾਈ ਨਹੀ ਜਾਣਗੀਆਂ: ਸ. ਢੀਂਡਸਾ*
*ਚੰਡੀਗੜ੍ਹ, ਦਸੰਬਰ 18, 2020*
ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ) ਦੇ ਸੀਨੀਅਰ ਆਗੂ, ਵਿਧਾਇਕ ਅਤੇ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਸ.ਪਰਮਿੰਦਰ ਸਿੰਘ ਢੀਂਡਸਾ ਅੱਜ ਕਰਨਾਲ ਸਥਿਤ ਪਿੰਡ ਸਿੰਘੜਾਂ ਵਿੱਚ ਨਾਨਕਸਰ ਸੰਪ੍ਰਦਾਇ ਨਾਲ ਸਬੰਧਤ ਬਾਬਾ ਰਾਮ ਸਿੰਘ ਜੀ ਦੇ ਅੰਤਿਮ ਸਸਕਾਰ ਵਿੱਚ ਸ਼ਾਮਿਲ ਹੋਏ। ਇਸ ਮੌਕੇ `ਤੇ ਸ.ਢੀਂਡਸਾ ਨੇ ਬਾਬਾ ਜੀ ਦੇ ਪਰਿਵਾਰ ਅਤੇ ਪੈਰੋਕਾਰਾਂ ਨਾਲ ਦੁੱਖ ਸਾਂਝਾ ਕੀਤਾ ਅਤੇ ਵਿਛੜੀ ਰੂਹ ਲਈ ਅਰਦਾਸ ਕੀਤੀ। ਇਸ ਮੌਕੇ ਤੇ ਆਪਣੇ ਭਾਵ ਪ੍ਰਗਟ ਕਰਦਿਆਂ ਸ.ਢੀਂਡਸਾ ਨੇ ਕਿਹਾ ਇਸ ਸੰਘਰਸ਼ ਵਿਚ ਬਾਬਾ ਜੀ ਅਤੇ ਹੋਰ ਕਿਸਾਨਾਂ ਦੀਆਂ ਕੁਰਬਾਨੀਆਂ ਅਜ਼ਾਈ ਨਹੀ ਜਾਣਗੀਆਂ। ਉਨ੍ਹਾਂ ਕਿਹਾ ਕਿ ਕਿਸਾਨ ਦ੍ਰਿੜ ਹੌਂਸਲੇ ਨਾਲ ਇਸ ਅੰਦੋਲਨ ਨੂੰ ਅੱਗੇ ਵਧਾ ਰਹੇ ਹਨ ਅਤੇ ਇਹ ਸੰਘਰਸ਼ ਹੁਣ ਮਹੱਵਪੂਰਨ ਪੜਾਅ ਵਿੱਚ ਸ਼ਾਮਿਲ ਹੋ ਚੁੱਕਾ ਹੈ, ਜਿੱਥੋਂ ਸੰਘਰਸ਼ ਦੀ ਜਿੱਤ ਯਕੀਨੀ ਜਾਪਣ ਲੱਗ ਪਈ ਹੈ। ਬਾਬਾ ਰਾਮ ਸਿੰਘ ਜੀ ਦੀ ਮੌਤ `ਤੇ ਦੁੱਖੀ ਹਿਰਦੇ ਨਾਲ ਬੋਲਦਿਆਂ ਸ. ਢੀਂਡਸਾ ਨੇ ਕਿਹਾ ਕਿ ਬਹੁਤ ਦੱਖ ਦੀ ਗੱਲ ਹੈ ਕਿ ਕੇਂਦਰ ਸਰਕਾਰ ਨੂੰ ਕਿਸਾਨਾਂ ਦਾ ਦੁੱਖ ਦਿਖਾਈ ਨਹੀ ਦੇ ਰਿਹਾ ਹੈ, ਜਦਕਿ ਸੰਤ ਮਹਾਤਮਾ ਇਨ੍ਹਾਂ ਕਾਲੇ ਕਾਨੂੰਨਾਂ ਤੋਂ ਦੁੱਖੀ ਹੋਕੇ ਖੁਦਕੁਸ਼ੀ ਕਰਨ ਲਈ ਮਜਬੂਰ ਹੋ ਗਏ ਹਨ ਅਤੇ ਬੀਤੇ ਕੁੱਝ ਦਿਨਾਂ ਵਿੱਚ ਧਰਨੇ ਨਾਲ ਜੁੜੇ 20 ਤੋਂ ਵੱਧ ਪੰਜਾਬੀ ਸ਼ਹੀਦ ਹੋ ਚੁੱਕੇ ਹਨ। ਉਨ੍ਹਾ ਨੇ ਕੇਂਦਰ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸਾਨਾਂ ਦੇ ਮਸਲਿਆਂ ਦਾ ਬਿਨਾਂ ਕਿਸੇ ਦੇਰੀ ਦੇ ਹੱਲ ਕੀਤਾ ਜਾਵੇ।