ਅਕਾਲੀ ਦਲ ਨੇ ਟੀ ਐਮ ਸੀ ਮੁਖੀ ਮਮਤਾ ਬੈਨਰਜੀ ਨਾਲ ਪ੍ਰਗਟਾਈ ਹਮਦਰਦੀ ਤੇ ਉਹਨਾਂ ਨੂੰ ਕਿਸਾਨਾਂ ਦਾ ਪੱਖ ਪੂਰਨ ਲਈ ਦਿੱਤੀ ਵਧਾਈ
ਦੇਸ਼ ਵਿਚ ਅਸਲ ਸੰਘੀ ਢਾਂਚਾ ਸਥਾਪਿਤ ਕਰਵਾਉਣ ਲਈ ਦੇਸ਼ ਵਿਆਪੀ ਇਕਜੁੱਟ ਮੁਹਿੰਮ ਦਾ ਸੱਦਾ
ਚੰਡੀਗੜ੍ਹ, 23 ਦਸੰਬਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਦੇਸ਼ ਵਿਚ ਤਾਨਾਸ਼ਾਹੀ ਰੁਝਾਨਾਂ ਖਿਲਾਫ ਦੇਸ਼ ਵਿਆਪਕੀ ਇਕਜੁੱਟ ਲਹਿਰ ਚਲਾਉਣ ਦਾ ਸੱਦਾ ਦਿੱਤਾ ਤੇ ਕਿਹਾ ਕਿ ਦੇਸ਼ ਵਿਚ ਅਸਲ ਸੰਘੀ ਢਾਂਚਾ ਸਥਾਪਿਤ ਕਰਨ ਲਈ ਅਜਿਹੀ ਮੁਹਿੰਮ ਜ਼ਰੂਰੀ ਹੈ।
ਕਿਸਾਨ ਰੈਲੀ ਤੋਂ ਪਹਿਲਾਂ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਤੇ ਤ੍ਰਿਣਾਮੂਲ ਕਾਂਗਰਸ ਦੇ ਚੇਅਰਪਰਸਨ ਮਮਤਾ ਬੈਨਰਜੀ ਨਾਲ ਇਕਜੁੱਟਤਾ ਪ੍ਰਗਟਾਉਣ ਲਈ ਲਿਖੇ ਪੱਤਰ ਵਿਚ ਬਾਦਲ ਨੇ ਕਿਹਾ ਕਿ ਪੰਜਾਬ ਅਤੇ ਪੱਛਮੀ ਬੰਗਾਲ ਨੇ ਹਮੇਸ਼ਾ ਰਾਜਾਂ ਲਈ ਸਹੀ ਵਿੱਤੀ ਤਾਕਤਾਂ ਤੇ ਸਿਆਸੀ ਖੁਦਮੁਖ਼ਤਿਆਰੀ ਦੀ ਲੜਾਈ ਲੜੀ ਹੈ ਤੇ ਸੂਬੇ ਮਜ਼ਬੂਤ ਹੋਣ ਦੀ ਬਦੌਲਤ ਭਾਰਤ ਇਕ ਮਜ਼ਬੂਤ ਸੰਘੀ ਰਾਜ ਹੈ। ਉਹਨਾਂ ਕਿਹਾ ਕਿ ਸਾਨੂੰ ਇਹ ਰਵਾਇਤ ਜਾਰੀ ਰੱਖਣੀ ਚਾਹੀਦੀ ਹੈ ਅਤੇ ਹਮ ਖਿਆਲੀ ਪਾਰਟੀਆਂ ਨੂੰ ਸੰਵਿਧਾਨ ਨਿਰਮਾਤਿਆਂ ਦੀਆਂ ਭਾਵਨਾਵਾਂ ਅਨੁਸਾਰ ਦੇਸ਼ ਵਿਚ ਸਹੀ ਸੰਘੀ ਢਾਂਚਾ ਸਥਾਪਿਤ ਕਰਨ ਵਾਸਤੇ ਸਟੈਂਡ ਲੈਣਾ ਚਾਹੀਦਾ ਹੈ।
ਉਹਨਾਂ ਕਿਹਾ ਕਿ ਲੰਬੇ ਸਮੇਂ ਤੋਂ ਅਸੀਂ ਰਾਜਾਂ ਦੀਆਂ ਸ਼ਕਤੀਆਂ ਕੇਂਦਰ ਵੱਲੋਂ ਆਨੇ ਬਹਾਨ ਐਕਟ ਪਾਸ ਕੇ ਕੇ ਖੋਰ੍ਹਾ ਲੱਗਦੀਆਂ ਵੇਖੀਆਂ ਹਨ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੇ ਖੇਤੀਬਾੜੀ ਸਮੇਤ ਰਾਜ ਸੂਚੀ ਦੇ ਅਨੇਕਾਂ ਵਿਸ਼ਿਆਂ ’ਤੇ ਕਾਨੂੰਨ ਬਣਾਏ ਹਨ ਜਿਸ ਕਾਰਨ ਦੇਸ਼ ਵਿਚ ਮੌਜੂਦਾ ਸਮੇਂ ਵਿਚ ਕਿਸਾਨ ਅੰਦੋਲਨ ਚਲ ਰਿਹਾ ਹੈ।
ਮਮਤਾ ਬੈਨਰਜੀ ਨੂੰ ਕਿਸਾਨੀ ਹੱਕਾਂ ਲਈ ਲੜਾਈ ਵਾਸਤੇ ਸ਼ੁਭ ਕਾਮਨਾਵਾਂ ਭੇਂਟ ਕਰਦਿਆਂ ਬਾਦਲ ਨੇ ਉਹਨਾਂ ਨੂੰ ਟੀ ਐਮ ਸੀ ਦੇ ਸੰਸਦ ਮੈਂਬਰਾਂ ਦੀ ਪੰਜ ਮੈਂਬਰੀ ਟੀਮ ਸੰਘਰਸ਼ ਕਰ ਰਹੇ ਕਿਸਾਨਾਂ ਨਾਲ ਗੱਲਬਾਤ ਕਰਨ ਵਾਸਤੇ ਭੇਜਣ ਦੀ ਵਧਾਈ ਵੀ ਦਿੱਤੀ ਤੇ ਕਿਹਾ ਕਿ ਤੁਸੀਂ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਅਗਲੇ ਹਫਤੇ ਤੋਂ ਕਈ ਲੜੀਵਾਰ ਪ੍ਰੋਗਰਾਮ ਐਲਾਨ ਕੇ ਕਿਸਾਨ ਸੰਘਰਸ਼ ਨੂੰ ਮਜ਼ਬੂਤ ਕੀਤਾ ਹੈ। ਇਸ ਬਦੌਲਤ ਕਿਸਾਨ ਅੰਦੋਲਨ ਨੂੰ ਸਹੀ ਅਰਥਾਂ ਵਿਚ ਕਿਸਾਨ ਅੰਦੋਲਨ ਬਣਾਉਣ ਵਿਚ ਮਦਦ ਮਿਲੇਗੀ।
ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਰਾਜਾਂ ਤੇ ਰਾਜ ਸਰਕਾਰਾਂ ਨੂੰ ਵੱਧ ਅਧਿਕਾਰਾਂ ਦੀ ਵਕਾਲਤ ਕਰਦਾ ਰਿਹਾ ਹੈ ਕਿਉਂਕਿ ਕੇਂਦਰ ਸਰਕਾਰ ਨਾਲੋਂ ਲੋਕਾਂ ਦੀਆਂ ਮੁਸ਼ਕਿਲਾਂ ਸੁਣਨ ਵਿਚ ਰਾਜ ਸਰਕਾਰਾਂ ਜ਼ਿਆਦਾ ਸਰਗਰਮ ਹਨ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਕਿਸਾਨਾਂ ਵਾਸਤੇ ਤੇ ਸੰਘੀ ਢਾਂਚੇ ਦੇ ਹੱਕ ਵਿਚ ਵੱਧ ਚੜ੍ਹ ਕੇ ਕੁਰਬਾਨੀਆਂ ਦਿੱਤੀਆਂ ਹਨ। ਉਹਨਾਂ ਕਿਹਾ ਕਿ ਦੋਹੇਂ ਮਾਮਲੇ ਸਾਂਝੇ ਕੌਮੀ ਮਸਲੇ ਹਨ ਜੋ ਖੇਤਰੀ ਪਾਰਟੀਆਂ ਤੇ ਸਹੀ ਸੋਚਣ ਵਾਲੀਆਂ ਕੌਮੀ ਪਾਰਟੀਆਂ ਦੇ ਯਤਨਾਂ ਦਾ ਹਿੱਸਾ ਹਨ। ਉਨ੍ਹਾਂ ਕਿਹਾਕਿ ਮੈਨੁੰ ਵਿਸ਼ਵਾਸ ਹੈ ਕਿ ਤੁਹਾਡੇ ਵੱਲੋਂ ਕਿਸਾਨ ਸੰਘਰਸ਼ ਦੀ ਡਟਵੀਂ ਹਮਾਇਤ ਕਰਨ ਨਾਲ ਸਾਡੇ ਸਾਂਝੇ ਯਤਨ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਤਿੰਨ ਖੇਤੀ ਕਾਨੂੰਨ ਰੱਦ ਕਰਨ ਲਈ ਮਜਬੂਰ ਕਰ ਦੇਣਗੇ ਤਾਂ ਜੋ ਮਨਚਾਹੇ ਨਤੀਜੇ ਹਾਸਲ ਕੀਤੇ ਜਾ ਸਕਣ।
ਅਕਾਲੀ ਦਲ ਦੇ ਪ੍ਰਧਾਨ ਨੇ ਟੀ ਐਮ ਸੀ ਆਗੂ ਨੂੰ ਇਹ ਵੀ ਦੱਸਿਆ ਕਿ ਪਾਰਟੀ ਨੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸਿਕੰਦਰ ਸਿੰਘ ਮਲੂਕਾ ਦੀ ਸ਼ਮੂਲੀਅਤ ਵਾਲੀ ਤਿੰਨ ਮੈਂਬਰੀ ਕਮੇਟੀ ਗਠਿਤ ਕੀਤੀ ਹੈ ਜੋ ਇਸ ਮਾਮਲ ’ਤੇ ਹਮ ਖਿਆਲੀ ਪਾਰਟੀਆਂ ਨਾਲ ਰਾਏ ਮਸ਼ਵਰਾ ਕਰਨਗੇ। ਉਹਨਾਂ ਕਿਹਾ ਕਿ ਟੀ ਐਮ ਸੀ ਦੇ ਚੇਅਰਪਸਨ ਨਾਲ ਮੁਲਾਕਾਤ ਕਰਨ ਤੋਂ ਇਲਾਵਾ ਕਮੇਟੀ ਮੈਂਬਰਾਂ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਤੇ ਐਨ ਸੀ ਪੀ ਦੇ ਆਗੂ ਸ਼ਰਦ ਪਵਾਰ ਨਾਲ ਵੀ ਮੁਲਾਕਾਤ ਕੀਤੀ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ’ਤੇ ਤਿੰਨ ਖੇਤੀ ਕਾਨੁੰਨ ਰੱਦ ਕਰਵਾਉਣ ਲਈ ਦਬਾਅ ਪਾਉਣ ਵਾਸਤੇ ਯਤਨ ਕਰਦਾ ਰਹੇਗਾ।