ਪੰਜਾਬ

ਸੰਧਵਾਂ ਨੇ ਜਪਾਨ ਦੌਰਾ ਕਰਕੇ ਪਰਤੇ ਸੱਤ ਵਿਦਿਆਰਥੀਆਂ ਨੂੰ ਨਕਦ ਇਨਾਮਾਂ ਨਾਲ ਕੀਤਾ ਸਨਮਾਨਿਤ

 

 

ਚੰਡੀਗੜ੍ਹ, 1 ਅਗਸਤ:

 

ਪੰਜਾਬ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਮਿੱਠੀਆਂ ਯਾਦਾਂ ਤੇ ਨਿਵੇਕਲੇ ਤਜਰਬੇ ਲੈ ਕੇ ਜਪਾਨ ਦੇ ਦੌਰੇ ਤੋਂ ਪਰਤੇ ਪੰਜਾਬ ਦੇ ਸੱਤ ਵਿਦਿਆਰਥੀਆਂ ਨੂੰ ਨਕਦ ਇਨਾਮ ਦੇ ਕੇ ਸਨਮਾਨ ਕੀਤਾ।

 

ਸ. ਸੰਧਵਾਂ ਨੇ ਕਿਹਾ ਕਿ ਇਹ ਬੜੇ ਮਾਣ ਅਤੇ ਤਸੱਲੀ ਵਾਲੀ ਗੱਲ ਹੈ ਕਿ ਪੰਜਾਬ ਦੇ ਇਨ੍ਹਾਂ ਹੋਣਹਾਰ ਵਿਦਿਆਰਥੀਆਂ ਨੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਸੱਭਿਆਚਾਰਕ ਯੋਜਨਾ ਤਹਿਤ ਜਾਪਾਨ ਦਾ ਦੌਰਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਹ ਸਾਰੇ ਵਿਦਿਆਰਥੀ ਸਰਕਾਰੀ ਸਕੂਲਾਂ ਨਾਲ ਸਬੰਧਤ ਹਨ ਅਤੇ ਇਨ੍ਹਾਂ ਨੇ ਮੈਰਿਟ ਸੂਚੀ ਵਿੱਚ ਉੱਚੀਆਂ ਥਾਵਾਂ ਹਾਸਲ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਦਿਆਰਥੀਆਂ ਨੂੰ ਇੱਕ ਹਫ਼ਤੇ ਦੇ ਦੌਰੇ ਦੌਰਾਨ ਜਾਪਾਨ ਦੇ ਸੱਭਿਆਚਾਰ, ਵਿਗਿਆਨ ਅਤੇ ਤਕਨੀਕੀ ਢੰਗ -ਤਰੀਕਿਆਂ ਨੂੰ ਸਮਝਣ ਦਾ ਮੌਕਾ ਮਿਲਿਆ।

 

ਸ. ਸੰਧਵਾਂ ਨੇ ਅੱਜ ਪੰਜਾਬ ਵਿਧਾਨ ਸਭਾ ਸਕੱਤਰੇਤ ਵਿਖੇ ਹਰਮਨਦੀਪ ਕੌਰ (ਮਾਨਸਾ), ਜਸਮੀਤ ਕੌਰ (ਸੰਗਰੂਰ), ਸੰਜਨਾ ਕੁਮਾਰੀ (ਪਟਿਆਲਾ), ਸਪਨਾ ਤੇ ਦੀਪਿਕਾ (ਬਠਿੰਡਾ), ਗੁਰਵਿੰਦਰ ਕੌਰ (ਫਿਰੋਜ਼ਪੁਰ) ਅਤੇ ਖੁਆਇਸ਼ (ਜਲੰਧਰ) ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ।

 

ਸਪੀਕਰ ਨੇ ਇਨ੍ਹਾਂ ਵਿਦਿਆਰਥੀਆਂ ਨਾਲ ਜਾਪਾਨ ਦੌਰੇ ਸਬੰਧੀ ਵਿਸਥਾਰ ‘ਚ ਗੱਲਬਾਤ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵਿਧਾਨ ਸਭਾ ਹਾਊਸ ਵੀ ਵਿਖਾਇਆ ਅਤੇ ਵਿਧਾਨ ਸਭਾ ‘ਚ ਹੁੰਦੇ ਵਿਧਾਨਕ ਕੰਮਕਾਜ ਬਾਰੇ ਵੀ ਜਾਣਕਾਰੀ ਦਿੱਤੀ।

 

ਸਪੀਕਰ ਨੇ ਆਸ ਪ੍ਰਗਟਾਈ ਕਿ ਇਹ ਵਿਦਿਆਰਥੀ ਹੋਰਨਾਂ ਵਿਦਿਆਰਥੀਆਂ ਲਈ ਰੋਲ ਮਾਡਲ ਬਣਨਗੇ ਅਤੇ ਉਨ੍ਹਾਂ ਨੂੰ ਵੱਖ-ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਲਈ ਪ੍ਰੇਰਿਤ ਕਰਨਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਦਿਆਰਥੀਆਂ ਨੇ ਆਪਣੀ ਮਿਹਨਤ ਤੇ ਲਗਨ ਸਦਕਾ ਨਾ ਕੇਵਲ ਆਪਣਾ ਬਲਕਿ ਆਪਣੇ ਮਾਪਿਆਂ ਅਤੇ ਅਧਿਆਪਕਾਂ ਦਾ ਨਾਮ ਵੀ ਚਮਕਾਇਆ ਹੈ।

 

ਇਸ ਮੌਕੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ, ਵਿਧਾਇਕ ਜਸਵਿੰਦਰ ਸਿੰਘ, ਵਿਧਾਇਕ ਸੰਦੀਪ ਜਾਖੜ ਅਤੇ ਵਿਧਾਇਕ ਬਰਿੰਦਰ ਗੋਇਲ ਤੋਂ ਇਲਾਵਾ ਵਿਦਿਆਰਥੀਆਂ ਦੇ ਮਾਪੇ ਅਤੇ ਅਧਿਆਪਕ ਵੀ ਹਾਜ਼ਰ ਸਨ।

 

———-

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!