ਪੰਜਾਬ

*10,762 ਕਰੋੜ ਰੁਪਏ ਦਾ ਕਰਜ਼ਾ ਲੈਣ ਨਾਲ ਭਗਵੰਤ ਮਾਨ ਵੱਲੋਂ ਸਹੀ ਤਰੀਕੇ ਪੈਸਾ ਖਰਚਣ ਦੇ ਦਾਅਵਿਆਂ ਦੀ ਪੋਲ੍ਹ ਖੁਲ੍ਹੀ : ਅਕਾਲੀ ਦਲ*

*ਕਿਸਨੇ 13 ਮਾਰਚ ਨੂੰ ਆਪ ਦੇ ਜਿੱਤ ਮਾਰਚ ਲਈ 14.63 ਕਰੋੜ ਰੁਪਏ ਖਰਚਣ ਦੀ ਪ੍ਰਵਾਨਗੀ ਦਿੱਤੀ ਜਦੋਂ ਨਵੇਂ ਮੁੱਖ ਮੰਤਰੀ ਨੇ ਸਹੁੰ ਵੀ ਨਹੀਂ ਚੁੱਕ ਸੀ : ਅਕਾਲੀ ਦਲ ਨੇ ਕੀਤਾ ਸਵਾਲ*


ਚੰਡੀਗੜ੍ਹ, 6 ਅਗਸਤ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸ੍ਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੂੰ ਆਖਿਆ ਕਿ ਉਹ ਪੰਜਾਬੀਆਂ ਨੂੰ ਦੱਸੇ ਕਿ ਕਿਸ ਵਿਅਕਤੀ ਨੇ 13 ਮਾਰਚ ਨੂੰ ਆਮ ਆਦਮੀ ਪਾਰਟੀ ਦੇ ਜਿੱਤੇ ਦੇ ਮਾਰਚ ਲਈ ਪੈਸੇ ਖਰਚਣ ਦੀ ਪ੍ਰਵਾਨਗੀ ਦਿੱਤੀ ਜਦੋਂ ਕਿ  ਭਗਵੰਤ ਮਾਨ ਨੇ ਮੁੱਖ ਮੰਤਰੀ ਵਜੋਂ ਸਹੁੰ ਹਾਲੇ ਚੁੱਕੀ ਨਹੀਂ ਸੀ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਾਬਕਾ ਸਿੱਖਿਆ ਮੰਤਰੀ ਤੇ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਕ ਆਰ ਟੀ ਆਈ ਸੂਚਨਾ ਮੁਤਾਬਕ 14 ਕਰੋੜ 63 ਲੱਖ ਰੁਪਏ ਜਿੱਤ ਦੇ ਮਾਰਚ ’ਤੇ ਖਰਚੇ ਗਏ ਜਿਸਦੀ ਅਗਵਾਈ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਕਰ ਰਹੇ ਸਨ। ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਇਹ ਹੈ ਕਿ ਆਪ ਦੇ ਆਗੂਆਂ ਦਾ ਸੋਨੇ ਚੜ੍ਹੀਆਂ ਪਲੇਟਾਂ ਨਾਲ ਸਨਮਾਨ ਕੀਤਾ ਗਿਆ, ਉਹਨਾਂ ਨੂੰ 5 ਸਟਾਰ ਹੋਟਲਾਂ ਵਿਚ ਠਹਿਰਾਇਆ ਗਿਆ ਤੇ ਆਪ ਲੀਡਰਸ਼ਿਪ ਤੇ ਵਰਕਰਾਂ ਦੇ ਸਵਾਗਤ ਲਈ ਸੜਕਾਂ ਨੁੰ ਫੁੱਲਾਂ ਨਾਲ ਸਜਾਇਆ ਗਿਆ।

ਡਾ. ਚੀਮਾ ਨੇ ਕਿਹਾ ਕਿ ਹੋਰ ਵੀ ਹੈਰਾਨੀ ਵਾਲੀ ਗੱਲ ਹੈ ਕਿ ਆਪ ਨੇ ਨਾ ਸਿਰਫ ਸਰਕਾਰੀ ਫੰਡਾਂ ਦੀ ਦੁਰਵਰਤੋਂ ਕੀਤੀ ਬਲਕਿ ਇਸਨੇ ਹੋਰ ਕਰਜ਼ੇ ਲੈ ਕੇ ਸੂਬੇ ਨੂੰ ਹੋਰ ਕਰਜ਼ਈ ਕੀਤਾ ਹੈ। ਉਹਨਾਂ ਕਿਹਾ ਕਿ ਮੀਡੀਆ ਰਿਪੋਰਟਾਂ ਮੁਤਾਬਕ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਪੰਜ ਮਹੀਨਿਆਂ ਵਿਚ 10,762 ਕਰੋੜ ਰੁਪਏ ਦਾ ਕਰਜ਼ਾ ਲਿਆ ਹੈ। ਉਹਨਾਂ ਕਿਹਾ ਕਿ ਇਕ ਪਾਸੇ ਤਾਂ ਆਪ ਇਹ ਕਹਿ ਰਹੀ ਹੈ ਕਿ ਉਹ ਪੰਜਾਬ ਨੂੰ ਬਚਾਉਣ ਵਾਸਤੇ ਕੰਮ ਕਰ ਰਹੀ ਹੈ ਜਦੋਂ ਕਿ ਦੂਜੇ ਪਾਸੇ ਉਹ ਗੈਰ ਲੋੜੀਂਦੇ ਖਰਚਿਆਂ ਨਾਲ ਪੰਜਾਬ ਚਲਾ ਰਹੀ ਹੈ ਤੇ ਇਕ ਪਾਸੇ ਪੰਜਾਬ ਬਚਾਉਣ ਦੀ ਗੱਲ ਕਰ ਰਹੀ ਹੈ ਤੇ ਦੂਜੇ ਪਾਸੇ  ਗੈਰ ਲੋੜੀਂਦੇ ਕਰਜ਼ੇ ਚੁੱਕ ਰਹੀ ਹੈ। ਉਹਨਾਂ ਕਿਹਾ ਕਿ ਇਹਨਾਂ ਨੀਤੀਆਂ ਨੇ ਪੰਜਾਬ ਦਾ ਬਹੁਤ ਨੁਕਸਾਨ ਕੀਤਾ ਹੈ।

ਅਕਾਲੀ ਆਗੂ ਨੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੂੰ ਅਖਿਆ ਕਿ ਉਹ ਇਸ ਸਬੰਧ ਵਿਚ ਜਵਾਬ ਦੇਣ ਤੇ ਪੰਜਾਬੀਆਂ ਨੂੰ ਦੱਸਣ ਕਿ ਉਹ ਪੰਜਾਬ ਦੀ ਬਰਬਾਦੀ ਲਈ ਮੁਹਿੰਮ ਦੀ ਅਗਵਾਈ ਕਿਉਂ ਕਰ ਰਹੇ ਹਨ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!