ਪੰਜਾਬ
ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਦੋ ਸਿੱਖਾਂ ਦੀ ਹਾਈ ਕੋਰਟ ਦੇ ਜੱਜਾਂ ਵੱਲੋਂ ਨਿਯੁਕਤੀ ਦੇ ਮਾਮਲੇ ਵਿਚ ਦਖਲ ਦੇ ਕੇ ਵਿਤਕਰਾ ਖਤਮ ਕਰਵਾਉਣ ਦੀ ਕੀਤੀ ਅਪੀਲ
ਕਿਹਾ ਕਿ ਦੋਵਾਂ ਸਿੱਖਾਂ ਦੇ ਨਾਂ ਸੁਪਰੀਮ ਕੋਰਟ ਕਾਲਜੀਅਮ ਨੇ ਸਿਫਾਰਸ਼ ਕੀਤੇ ਸਨ ਪਰ ਦੋਵਾਂ ਦੀ ਨਿਯੁਕਤੀ ਰੋਕੀ ਹੋਈ ਹੈ
ਚੰਡੀਗੜ੍ਹ, 23 ਨਵੰਬਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਦੋ ਸਿੱਖ ਵਕੀਲਾਂ ਹਰਮੀਤ ਸਿੰਘ ਗਰੇਵਾਲ ਤੇ ਦੀਪਿੰਦਰ ਸਿੰਘ ਨਲਵਾ ਦੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜਾਂ ਵਜੋਂ ਨਿਯੁਕਤੀ ਲਈ ਸੁਪਰੀਮ ਕੋਰਟ ਕਾਲਜੀਅਮ ਵੱਲੋਂ ਸਿਫਾਰਸ਼ ਕੀਤੇ ਜਾਣ ਦੇ ਬਾਵਜੂਦ ਨਿਯੁਕਤੀ ਨਾ ਹੋਣ ਦੇ ਮਾਮਲੇ ਵਿਚ ਤੁਰੰਤ ਦਖਲ ਮੰਗਿਆ।
ਬਾਦਲ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਸਿੱਖਾਂ ਖਿਲਾਫ ਉਹ ਇਸ ਅਨਿਆਂ ਤੇ ਫਿਰਕੂ ਵਿਤਕਰੇ ਨੂੰ ਮਾਮਲੇ ਵਿਚ ਨਿੱਜੀ ਦਖਲ ਦੇ ਕੇ ਖਤਮ ਕਰਵਾਉਣ।
ਮੋਦੀ ਨੂੰ ਲਿਖੇ ਆਪਣੇ ਪੱਤਰ ਵਿਚ ਬਾਦਲ ਨੇ ਮਾਮਲੇ ਨੂੰ ਬਹੁਤ ਹੀ ਸੰਜੀਦਗੀ ਵਾਲਾ ਕਰਾਰ ਦਿੱਤਾ ਤੇ ਕਿਹਾ ਕਿ ਨਿਯੁਕਤੀ ਲਈ ਸਿਰਫ ਸਿੱਖ ਵਕੀਲਾਂ ਦੇ ਨਾਂ ਬਾਹਰ ਕਰ ਦੇਣਾ ਫਿਰਕੂ ਵਿਚਾਰਧਾਰਾ ਨੂੰ ਪ੍ਰਗਟਾਉਂਦਾ ਹੈ। ਉਹਨਾਂ ਕਿਹਾ ਕਿ ਇਸ ਪ੍ਰਭਾਵ ਨਾਲ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਸਹੀ ਵੀ ਸਾਬਤ ਹੋਈਆਂ ਹਨ ਤੇ ਇਸ ਗੱਲ ਨੂੰ ਮਜ਼ਬੂਤੀ ਮਿਲੀ ਹੈ ਕਿ ਸਿਰਫ ਸਿੱਖ ਵਕੀਲਾਂ ਨੂੰ ਹੀ ਕਿਉਂ ਨਿਯੁਕਤ ਨਹੀਂ ਕਰ ਰਹੀ ਤੇ ਇਸ ਮਾਮਲੇ ਵਿਚ ਮਨਪਸੰਦ ਦੇ ਵਕੀਲ ਚੁਣੇ ਜਾ ਰਹੇ ਹਨ।
ਬਾਦਲ ਨੇ ਦੱਸਿਆ ਕਿ ਸੁਪਰੀਮ ਕੋਰਟ ਕਾਲਜੀਅਮ ਨੇ 17 ਅਕਤੂਬਰ ਨੂੰ ਪੰਜ ਵਕੀਲਾਂ ਦੇ ਨਾਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜੱਜ ਵਜੋਂ ਨਿਯੁਕਤ ਕਰਨ ਲਈ ਸਰਕਾਰ ਨੂੰ ਭੇਜੇ ਸਨ। ਉਹਨਾਂ ਕਿਹਾ ਕਿ ਸਰਕਾਰ ਨੇ ਪੰਜ ਵਿਚੋਂ ਤਿੰਨ ਨਾਵਾਂ ਨੂੰ ਤਾਂ ਪ੍ਰਵਾਨਗੀ ਦੇ ਦਿੱਤੀ ਪਰ ਦੋ ਸਿੱਖ ਵਕੀਲਾਂ ਦੀ ਨਿਯੁਕਤੀ ਨਹੀਂ ਕੀਤੀ ਹਾਲਾਂਕਿ ਉਹਨਾਂ ਦੇ ਨਾਵਾਂ ਦੀ ਸੁਪਰੀਮ ਕੋਰਟ ਕਾਲਜੀਅਮ ਨੇ ਸਿਫਾਰਸ਼ ਕੀਤੀ ਸੀ।
ਬਾਦਲ ਨੇ ਕਿਹਾ ਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ। ਇਸ ਤੋਂ ਪਹਿਲਾਂ ਵੀ ਮਾਰਚ 2022 ਵਿਚ ਸੁਪਰੀਮ ਕੋਰਟ ਕਾਲਜੀਅਮ ਨੇ 12 ਨਾਵਾਂ ਦੀ ਸਿਫਾਰਸ਼ ਹਾਈ ਕੋਰਟ ਦੇ ਜੱਜਾਂ ਵਜੋਂ ਨਿਯੁਕਤੀ ਲਈ ਕੀਤੀ ਸੀ ਜਿਹਨਾਂ ਵਿਚੋਂ ਸਿਰਫ ਇਕ ਹੀ ਸਿੱਖ ਸੀ। ਇਹ ਤਾਂ ਪਹਿਲੀ ਨਜ਼ਰੇ ਹੀ ਵਿਤਕਰਾ ਲੱਗ ਰਿਹਾ ਸੀ ਪਰ ਸਰਕਾਰ ਨੇ ਤਾਂ ਹੱਦ ਹੀ ਕਰ ਦਿੱਤੀ ਜਦੋਂ ਉਸ ਸਿੱਖ ਵਕੀਲ ਨੂੰ ਛੱਡ ਕੇ ਬਾਕੀ 11 ਵਕੀਲਾਂ ਦੀ ਨਿਯੁਕਤੀ ਜੱਜਾਂ ਵਜੋਂ ਕਰ ਦਿੱਤੀ।
ਬਾਦਲ ਨੇ ਕਿਹਾ ਕਿ ਮਾਣਯੋਗ ਸੁਪਰੀਮ ਕੋਰਟ ਦੇ ਦਖਲ ਤੋਂ ਬਾਅਦ ਹੀ ਸਿੱਖ ਵਕੀਲ ਦੇ ਨਾਂ ਨੂੰ ਪ੍ਰਵਾਨਗੀ ਦਿੱਤੀ ਗਈ ਪਰ ਉਹ ਵੀ ਐਸ ਸੀ ਕਾਲਜੀਅਮ ਦੀ ਸਿਫਾਰਸ਼ ਦੇ ਇਕ ਸਾਲ ਬਾਅਦ ਜਿਸ ਨਾਲ ਉਸਦੀ ਸੀਨੀਆਰਤਾ ਬੁਰੀ ਤਰ੍ਹਾਂ ਪ੍ਰਭਾਵਤ ਹੋਈ।
ਉਹਨਾਂ ਕਿਹਾ ਕਿ ਇਹ ਸਾਰੇ ਉਦਾਹਰਣ ਸਿੱਖਾਂ ਖਿਲਾਫ ਯੋਜਨਾਬੱਧ ਢੰਗ ਨਾਲ ਫਿਰਕੂ ਵਿਤਕਰਾ ਕੀਤੇ ਜਾਣ ਦਾ ਪ੍ਰਭਾਵ ਦਿੰਦੇ ਹਨ। ਉਹਨਾਂ ਕਿਹਾ ਕਿ ਸਾਡੇ ਬਹੁਤ ਸਭਿਆਚਾਰਕ, ਬਹੁਤ ਭਾਸ਼ਾਈ ਤੇ ਬਹੁ ਧਾਰਮਿਕ ਦੇਸ਼ ਦੇ ਧਰਮ ਨਿਰਪੱਖ ਸਰੂਪ ਵਾਸਤੇ ਅਜਿਹਾ ਹੋਣਾ ਸਿਹਤਮੰਦ ਨਹੀਂ ਹੈ।
ਬਾਦਲ ਨੇ ਪ੍ਰਧਾਨ ਮੰਤਰੀ ਨੂੰ ਸਿੱਖ ਕੌਮ ਵੱਲੋਂ ਦੇਸ਼ ਦੀ ਆਜ਼ਾਦੀ ਵਾਸਤੇ ਤੇ ਪ੍ਰਭੂਸੱਤਾ ਵਾਸਤੇ ਦਿੱਤੀਆਂ ਹਜ਼ਾਰਾਂ ਸ਼ਹਾਦਤਾਂ ਚੇਤੇ ਕਰਵਾਈਆਂ। ਉਹਨਾਂ ਕਿਹਾ ਕਿ ਵਿਤਕਰੇ ਵਾਲੀਆਂ ਕਾਰਵਾਈਆਂ ਨਾਲ ਸਿੱਖ ਹਿਰਦਿਆਂ ਨੂੰ ਠੇਸ ਪਹੁੰਚੀ ਹੈ। ਉਹਨਾਂ ਕਿਹਾ ਕਿ ਘੱਟ ਗਿਣਤੀਆਂ ਖਾਸ ਤੌਰ ’ਤੇ ਸਿੱਖਾਂ ਨਾਲ ਵਿਤਕਰੇ ਦਾ ਪ੍ਰਭਾਵ ਖਤਮ ਕਰਨ ਲਈ ਤੁਰੰਤ ਕਦਮ ਚੁੱਕੇ ਜਾਣੇ ਚਾਹੀਦੇ ਹਨ।