ਪੰਜਾਬ
ਸੀਨੀਅਰ ਸਿਟੀਜ਼ਨਾਂ ਨੇ ਚੰਗੇ ਨਾਗਰਿਕ ਬਣਨ ਦੀ ਮਹੱਤਤਾ ’ਤੇ ਦਿੱਤਾ ਜ਼ੋਰ
ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਨਵਾਂਸ਼ਹਿਰ ਦੀ ਅੱਜ ਹੋਈ ਮਾਸਿਕ ਮੀਟਿੰਗ ਵਿੱਚ ਕੁਝ ਸੀਨੀਅਰ ਸਿਟੀਜ਼ਨਾਂ ਨੇ ਚੰਗੇ ਨਾਗਰਿਕ ਬਣਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਮੈਂਬਰ ਸੁਭਾਸ਼ ਅਰੋੜਾ ਨੇ ਵਿਅੰਗਮਈ ਕਵਿਤਾ ਰਾਹੀਂ ‘ਅੱਛੇ ਦਿਨ ਕਦੋਂ ਆਉਣਗੇ’ ਪੁੱਛਣ ਵਾਲਿਆਂ ਨੂੰ ਸਵਾਲ ਕੀਤਾ।
ਐਸੋਸੀਏਸ਼ਨ ਦੇ ਮੁਖੀ ਡਾ.ਜੇ.ਡੀ.ਵਰਮਾ, ਪ੍ਰੋ.ਐਸ.ਕੇ. ਪੁਰੀ, ਅਸ਼ਵਨੀ ਜੋਸ਼ੀ ਅਤੇ ਹੋਰਨਾਂ ਨੇ ਸਮਾਜ ਵਿੱਚ ਚੰਗੇ ਨਾਗਰਿਕ ਬਣਾਉਣ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਸਾਨੂੰ ਸਮਾਜ ਨੂੰ ਚੰਗਾ ਬਣਾਉਣ ਲਈ ਹਰ ਸੰਭਵ ਯਤਨ ਕਰਨੇ ਪੈਣਗੇ। ਜੇਕਰ ਸਮਾਜ ਪੜ੍ਹਿਆ-ਲਿਖਿਆ, ਮਿਹਨਤੀ ਅਤੇ ਇਮਾਨਦਾਰ ਬਣੇਗਾ ਤਾਂ ਹਰ ਦਿਨ ਚੰਗਾ ਹੋਵੇਗਾ।
ਸਮਾਜਿਕ ਬੁਰਾਈਆਂ ਨੂੰ ਦੂਰ ਕਰਨਾ ਹੋਵੇਗਾ। ਸਾਰਿਆਂ ਨੂੰ ਦੇਸ਼ ਪ੍ਰਤੀ ਜ਼ਿੰਮੇਵਾਰੀ ਨਿਭਾਉਣੀ ਹੋਵੇਗੀ। ਸਮਾਜ ਸੇਵਕ ਅਸ਼ਵਨੀ ਜੋਸ਼ੀ ਨੇ ਕਿਹਾ ਕਿ ਜਿਹੜੇ ਲੋਕ ਪੁੱਛਦੇ ਹਨ ਕਿ ਦੇਸ਼ ਨੇ ਸਾਡੇ ਲਈ ਕੀ ਕੀਤਾ ਹੈ, ਉਨ੍ਹਾਂ ਨੂੰ ਆਪਣੀ ਸੋਚ ਬਦਲਣੀ ਪਵੇਗੀ। ਆਓ ਸਾਰੇ ਇਕੱਠੇ ਹੋ ਕੇ ਆਪਣੇ ਆਪ ਤੋਂ ਪੁੱਛੀਏ ਕਿ ਅਸੀਂ ਦੇਸ਼ ਦੇ ਹਿੱਤ ਵਿੱਚ ਕੀ ਕੀਤਾ ਹੈ?