ਪੰਜਾਬ

ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ ਛੇ ਹੋਰ ਕੈਡਿਟ ਬਣੇ ਭਾਰਤੀ ਫ਼ੌਜ ਦੇ ਕਮਿਸ਼ਨਡ ਅਫ਼ਸਰ

ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਕੈਡਿਟਾਂ ਨੂੰ ਵਧਾਈ ਅਤੇ ਦੇਸ਼ ਦੇ ਸੱਚੇ ਸਿਪਾਹੀ ਬਣਨ ਲਈ ਪ੍ਰੇਰਿਆ

ਚੰਡੀਗੜ੍ਹ, 9 ਜੂਨ:ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਐਮ.ਆਰ.ਐਸ.ਏ.ਐਫ.ਪੀ.ਆਈ.) ਐਸ.ਏ.ਐੱਸ.ਨਗਰ ਦੇ ਛੇ ਹੋਰ ਕੈਡਿਟਾਂ ਨੂੰ ਦੇਹਰਾਦੂਨ ਸਥਿਤ ਇੰਡੀਅਨ ਮਿਲਟਰੀ ਅਕੈਡਮੀ (ਆਈ.ਐਮ.ਏ) ਤੋਂ ਸਫਲਤਾਪੂਰਵਕ ਪਾਸ ਹੋਣ ਉਪਰੰਤ ਭਾਰਤੀ ਫੌਜ ਵਿੱਚ ਕਮਿਸ਼ਨ ਮਿਲ ਗਿਆ ਹੈ। ਪਾਸਿੰਗ ਆਊਟ ਪਰੇਡ ਦਾ ਨਿਰੀਖਣ ਲੈਫਟੀਨੈਂਟ ਜਨਰਲ ਐੱਮ.ਵੀ. ਸੁਚਿੰਦਰ ਕੁਮਾਰ, ਪੀ.ਵੀ.ਐਸ.ਐੱਮ., ਏ.ਵੀ.ਐਸ.ਐਮ., ਵਾਈ.ਐਸ.ਐਮ., ਵੀ.ਐਸ.ਐਮ., ਜੀਓਸੀ-ਇਨ-ਸੀ, ਨਾਰਦਰਨ ਕਮਾਂਡ ਵੱਲੋਂ ਕੀਤਾ ਗਿਆ।

158 ਕੈਡਿਟਾਂ ਨੇ ਭਾਰਤੀ ਹਥਿਆਰਬੰਦ ਸੈਨਾਵਾਂ ਵਿੱਚ ਕਮਿਸ਼ਨ ਹਾਸਲ ਕੀਤਾ

ਇਨ੍ਹਾਂ ਛੇ ਕੈਡਿਟਾਂ ਅਮਰਿੰਦਰ ਸਿੰਘ (ਜ਼ਿਲ੍ਹਾ ਮੋਹਾਲੀ), ਸ਼ੋਭਿਤਦੀਪ ਸਿੰਘ (ਗੁਰਦਾਸਪੁਰ), ਅਭੈ ਪ੍ਰਤਾਪ ਸਿੰਘ (ਮੋਹਾਲੀ), ਅਦਿੱਤਿਆ ਬਰਮੀ (ਹੁਸ਼ਿਆਰਪੁਰ), ਅਦਿੱਤਿਆ ਸ਼ਰਮਾ (ਮੋਹਾਲੀ) ਅਤੇ ਤੁਸ਼ਾਂਤ (ਪਠਾਨਕੋਟ) ਦੇ ਕਮਿਸ਼ਨਡ ਅਫ਼ਸਰ ਬਣਨ ਨਾਲ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੀ ਸਥਾਪਨ ਤੋਂ ਲੈ ਕੇ ਹੁਣ ਤੱਕ ਕੁੱਲ 158 ਕੈਡਿਟਾਂ ਨੇ ਭਾਰਤੀ ਹਥਿਆਰਬੰਦ ਸੈਨਾਵਾਂ ਵਿੱਚ ਕਮਿਸ਼ਨ ਹਾਸਲ ਕੀਤਾ ਹੈ।

ਇੰਸਟੀਚਿਊਟ ਨੇ 56.64 ਫੀਸਦ ਦੀ ਸਫ਼ਲਤਾ ਦਰ ਨਾਲ ਸਥਾਪਤ ਕੀਤਾ ਇੱਕ ਹੋਰ ਮੀਲ ਪੱਥਰ

ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਇਹਨਾਂ ਕੈਡਿਟਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਨੂੰ ਹਥਿਆਰਬੰਦ ਸੈਨਾਵਾਂ ਵਿੱਚ ਸਫ਼ਲ ਭਵਿੱਖ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ। ਉਹਨਾਂ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਪੰਜਾਬ ਵਿੱਚ ਸੱਤਾ ਸੰਭਾਲਣ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇ 50 ਕੈਡਿਟ ਕਮਿਸ਼ਨਡ ਅਫ਼ਸਰ ਬਣੇ ਹਨ। ਇਸ ਇੰਸਟੀਚਿਊਟ ਨੇ 56.64 ਫੀਸਦ ਦੀ ਸਫਲਤਾ ਦਰ ਹਾਸਲ ਕਰਕੇ ਇੱਕ ਹੋਰ ਮੀਲ ਪੱਥਰ ਸਥਾਪਤ ਕੀਤਾ ਹੈ।

ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇ ਡਾਇਰੈਕਟਰ ਮੇਜਰ ਜਨਰਲ ਅਜੈ ਐਚ. ਚੌਹਾਨ (ਸੇਵਾਮੁਕਤ) ਨੇ ਦੱਸਿਆ ਕਿ ਸੰਸਥਾ ਦੇ ਦੋ ਹੋਰ ਕੈਡਿਟਾਂ ਜਸਕੀਰਤ ਸਿੰਘ (ਜ਼ਿਲ੍ਹਾ ਮੋਹਾਲੀ) ਅਤੇ ਜਲੰਧਰ ਜ਼ਿਲ੍ਹੇ ਦੇ ਸਕਸ਼ਮ ਗੁਪਤਾ ਨੂੰ ਇਸ ਸਾਲ ਮਈ ਵਿੱਚ ਭਾਰਤੀ ਜਲ ਸੈਨਾ ਵਿੱਚ ਸਬ-ਲੈਫ਼ਟੀਨੈਂਟ ਵਜੋਂ ਕਮਿਸ਼ਨ ਮਿਲਿਆ ਹੈ। ਉਨ੍ਹਾਂ ਨੇ ਕੈਡਿਟਾਂ ਨੂੰ ਇੰਸਟੀਚਿਊਟ ਦੇ ‘ਨਿਸ਼ਚੈ ਕਰ ਅਪਨੀ ਜੀਤ ਕਰੋਂ’ ਵਾਲੇ ਮੋਟੋ ਉਤੇ ਖਰਾ ਉਤਰਨ ਅਤੇ ਦੇਸ਼ ਦੀ ਸੇਵਾ ਪ੍ਰਤੀ ਸੱਚੇ ਸਿਪਾਹੀ ਬਣਨ ਲਈ ਪ੍ਰੇਰਿਆ।

ਬਾਕਸ

22 ਕੈਡਿਟਾਂ ਨੇ ਸਰਵਿਸ ਸਿਲੈਕਸ਼ਨ ਬੋਰਡ ਦੀ ਇੰਟਰਵਿਊ ਕੀਤੀ ਪਾਸ

ਡਾਇਰੈਕਟਰ ਮੇਜਰ ਜਨਰਲ ਅਜੈ ਐਚ ਚੌਹਾਨ (ਸੇਵਾਮੁਕਤ) ਨੇ ਦੱਸਿਆ ਕਿ ਇਸ ਇੰਸਟੀਚਿਊਟ ਦੇ 22 ਹੋਰ ਕੈਡਿਟਾਂ ਨੇ ਸਰਵਿਸ ਸਿਲੈਕਸ਼ਨ ਬੋਰਡ (ਐਸ.ਐਸ.ਬੀ.) ਦੀ ਇੰਟਰਵਿਊ ਵੀ ਪਾਸ ਕੀਤੀ ਹੈ। ਉਹਨਾਂ ਦੱਸਿਆ ਕਿ ਇਸ ਸਾਲ ਅਪ੍ਰੈਲ ਵਿੱਚ ਐਨ.ਡੀ.ਏ.-152 ਕੋਰਸ ਦੀ ਮੈਰਿਟ ਸੂਚੀ ਦਾ ਐਲਾਨ ਕੀਤਾ ਗਿਆ ਸੀ, ਜਿਸ ਵਿੱਚ ਕੈਡਿਟ ਨਵਜੋਤ ਸਿੰਘ ਨੇ ਆਲ-ਇੰਡੀਆ ਆਰਡਰ ਆਫ਼ ਮੈਰਿਟ ਵਿੱਚ 11ਵਾਂ ਰੈਂਕ ਹਾਸਲ ਕੀਤਾ ਹੈ। ਹੁਣ ਇਹ 22 ਕੈਡਿਟ ਨੈਸ਼ਨਲ ਡਿਫੈਂਸ ਅਕੈਡਮੀ (ਐਨ.ਡੀ.ਏ.) ਜਾਂ ਇਸ ਦੇ ਬਰਾਬਰ ਦੀਆਂ ਸਿਖਲਾਈ ਅਕੈਡਮੀਆਂ ਵਿੱਚ ਜਾਣ ਲਈ ਜੁਆਇੰਨ ਲੈਟਰਾਂ ਦੀ ਉਡੀਕ ਕਰ ਰਹੇ ਹਨ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!