ਪੰਜਾਬ

*ਸੁਖਬੀਰ ਬਾਦਲ ਨੇ ਅਕਾਲੀ ਦਲ ਵਿਚ ਨਿਵੇਕਲੀਆਂ ਤੇ  ਅਹਿਮ ਤਬਦੀਲੀਆਂ ਦਾ ਕੀਤਾ ਐਲਾਨ*

*ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ 50 ਫੀਸਦੀ ਸੀਟਾਂ 50 ਸਾਲ ਤੋਂ ਘੱਟ ਉਮਰ ਦੇ ਪਾਰਟੀ ਵਰਕਰਾਂ ਲਈ ਰਾਖਵੀਂਆਂ ਰੱਖੀਆਂ*

ਇਕ ਪਰਿਵਾਰ ਲਈ ਇਕ ਟਿਕਟ  ਸਿਧਾਂਤ ਹੋਂਦ ਵਿਚ ਆਇਆ, ਜ਼ਿਲ੍ਹਾ ਪ੍ਰਧਾਨ ਨਹੀਂ ਲੜਨਗੇ ਚੋਣਾਂ

ਚੰਡੀਗੜ੍ਹ, 2 ਸਤੰਬਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਅਕਾਲੀ ਦਲ ਨੂੰ ਮਜ਼ਬੂਤ ਕਰਨ ਅਤੇ ਨੌਜਵਾਨਾਂ, ਮਹਿਲਾਵਾਂ ਤੇ ਸਮਾਜ ਦੇ ਹੋਰ ਵਰਗਾਂ ਨੁੰ ਪਾਰਟੀ ਵਿਚ ਵੱਧ ਥਾਂ ਦੇਣ ਦੇ ਇਰਾਦੇ ਨਾਲ ਪਾਰਟੀ ਜਥੇਬੰਦਕ ਢਾਂਚੇ ਵਿਚ ਨਿਵੇਕਲੀਆਂ ਤੇ ਅਹਿਮ ਤਬਦੀਲੀਆਂ ਕਰਨ ਦਾ ਐਲਾਨ ਕੀਤਾ ਤੇ ਕਿਹਾ ਕਿ ਨਵੇਂ ਜਥੇਬੰਦਕ ਢਾਂਚੇ ਦੀ ਚੋਣ ਨਵੀਂ ਬਣਾਈ ਕੇਂਦਰੀ ਚੋਣ ਕਮੇਟੀ ਦੀ ਨਿਗਰਾਨੀ ਹੇਠ ਚੋਣ ਪ੍ਰਣਾਲੀ ਰਾਹੀਂ ਕੀਤੀ ਜਾਵੇਗੀ।

ਅਕਾਲੀ ਦਲ ਦੇ ਪ੍ਰਧਾਨ, ਜਿਹਨਾਂ ਨੇ ਪਾਰਟੀ ਦੇ ਸੀਨੀਅਰ ਆਗੂਆਂ ਦੇ ਨਾਲ ਹੁੰਦਿਆਂ ਤਬਦੀਲੀਆਂ ਦੇ ਇਸ ਪਹਿਲੇ ਦੌਰ ਦਾ ਐਲਾਨ ਇਕ ਪ੍ਰੈਸ ਕਾਨਫਰੰਸ ਵਿਚ ਕੀਤਾ, ਨੇ ਕਿਹਾ ਕਿ  ਪਾਰਟੀ ਆਪਣੇ ਮੂਲ ਸਿਧਾਂਤਾਂ ’ਤੇ ਡਟੀ ਰਹੇਗੀ ਜਿਹਨਾਂ ਵਿਚ ਸਹੀ ਸੰਘੀ ਢਾਂਚੇ ਦੀ ਲੋੜ, ਸਮਾਜ ਦੇ ਸਾਰੇ ਵਰਗਾਂ ਨੂੰ ਅਤੇ ਸਾਰੇ ਧਰਮਾਂ ਦੇ ਲੋਕਾਂ ਨੂੰ ਨਾਲ ਲੈ ਕੇ ਗੁਰੂ ਸਾਹਿਬਾਨ ਦੇ ਦੱਸੇ ਸਿਧਾਂਤਾਂ ’ਤੇ ਉਹਨਾਂ ਦੇ ਦਰਸਾਏ ਮਾਰਗ ’ਤੇ ਚੱਲਣਾ ਅਤੇ ਸੂਬੇ ਵਿਚ ਸ਼ਾਂਤੀ ਤੇ ਫਿਰਕੂ ਸਦਭਾਵਨਾ ਕਾਇਮ ਰੱਖਣ ਲਈ ਕੰਮ ਕਰਨਾ ਸ਼ਾਮਲ ਹੈ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਜੋ 102 ਸਾਲ ਪੁਰਾਣੀ ਪਾਰਟੀ ਹੈ ਜੋ ਗਰੀਬਾਂ, ਕਿਸਾਨਾਂ ਤੇ ਮਜ਼ਦੂਰਾਂ ਦੀ ਅਤੇ ਨਾਲੋ ਨਾਲ ਪੰਥ ਤੇ ਕੌਮ ਦੀ ਸੇਵਾ ਕਰਦੀ ਹੈ, ਪੰਜਾਬ ਦੇ ਲੋਕਾਂ ਦੀਆਂ ਖੇਤਰੀ ਇੱਛਾਵਾਂ ਦੀ ਪੂਰਤੀ ਵਾਸਤੇ ਕੰਮ ਕਰਦੀ ਰਹੇਗੀ।
ਬਾਦਲ ਨੇ ਪੰਜਾਬੀਆਂ ਨੂੰ ਸੱਦਾ ਦਿੱਤਾ ਕਿ ਉਹ ਵੁਹਨਾਂ ਪਾਰਟੀਆਂ ਬਾਰੇ ਸਮਝਣ ਜੋ ਆਪਣੇ ਸੌੜੇ ਸਿਆਸੀ ਟੀਚਿਆਂ ਕਾਰਨ ਉਹਨਾਂ ਨੂੰ ਵੰਡਣਾ ਚਾਹੁੰਦੀਆਂ ਹਨ।

ਉਹਨਾਂ ਨੇ ਪਾਰਟੀ ਵਿਚ ਕੀਤੀਆਂ ਗਈਆਂ ਤਬਦੀਲੀਆਂ ਦੀ ਜਾਣਕਾਰੀ ਦਿੰਦਿਆਂ ਐਲਾਨ ਕੀਤਾ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ 50 ਫੀਸਦੀ ਸੀਟਾਂ ਉਹਨਾਂ ਪਾਰਟੀ ਵਰਕਰਾਂ ਲਈ ਰਾਖਵੀਂਆਂ ਹੋਣਗੀਆਂ ਜਿਹਨਾਂ ਦੀ ਉਮਰ 50 ਸਾਲ ਤੋਂ ਘੱਟ ਹੈ ਤੇ ਇਸ ਤਰੀਕੇ ਨਵੀਂ ਪੀੜੀ ਦੇ ਆਗੂ ਤਿਆਰ ਕੀਤੇ ਜਾਣਗੇ।
ਸੁਖਬੀਰ ਬਾਦਲ ਨੇ ਕਿਹਾ ਕਿ ਇਹ ਤਬਦੀਲੀਆਂ ਪਾਰਟੀ ਦੀ ਫੈਸਲਾ ਲੈਣ ਵਾਲੀ ਸਰਵਉਚ ਕਮੇਟੀ ਯਾਨੀ ਕੋਰ ਕਮੇਟੀ ਵਿਚ ਵੀ ਲਾਗੂ ਕੀਤੀਆਂ ਜਾਣਗੀਆਂ। ਉਹਨਾਂ ਕਿਹਾ ਕਿ ਕੋਰ ਕਮੇਟੀ ਦਾ ਪੁਨਰਗਠਨ ਕੀਤਾ ਜਾਵੇਗਾ ਅਤੇ ਇਸ ਵਿਚ ਨੌਜਵਾਨਾਂ, ਮਹਿਲਾਵਾਂ ਤੇ ਸਮਾਜ ਦੇ ਹੋਰ ਵਰਗਾਂ ਦੇ ਨਵੀਂ ਪੀੜੀ ਦੇ ਪ੍ਰਤੀਨਿਧਾਂ ਨੂੰ ਸ਼ਾਮਲ ਕੀਤਾ ਜਾਵੇਗਾ।
ਉਹਨਾਂ ਇਹ ਵੀ ਐਲਾਨ ਕੀਤਾ ਕਿ ਪਾਰਟੀ ਹੁਣ ਤੋਂ ਇਕ ਪਰਿਵਾਰ ਇਕ ਟਿਕਟ ਦਾ ਸਿਧਾਂਤ ਲਾਗੂ ਕਰੇਗੀ। ਉਹਨਾਂ ਇਹ ਵੀ ਐਨਾਨ ਕੀਤਾ ਕਿ ਸਰਕਾਰ ਬਣਨ ’ਤੇ ਜ਼ਿਲ੍ਹਾ ਤੇ ਸੂਬਾ ਪੱਧਰੀ ਚੇਅਰਮੈਨੀਆਂ ਪਾਰਟੀ ਵਰਕਰਾਂ ਨੂੰ ਦਿੱਤੀਆਂ ਜਾਣਗੀਆਂ ਅਤੇ ਸੰਸਦ ਮੈਂਬਰਾਂ ਤੇ ਵਿਧਾਇਕਾਂ ਦੇ ਪਰਿਵਾਰਕ ਮੈਂਬਰ ਇਹਨਾਂ ਅਹੁਦਿਆਂ ਵਾਸਤੇ ਵਿਚਾਰੇ ਨਹੀਂ ਜਾਣਗੇ। ਉਹਨਾਂ ਕਿਹਾ ਕਿ ਇਸਦਾ ਮਕਸਦ ਵਰਕਰਾਂ ਨੂੰ ਵੱਧ ਤੋਂ ਵੱਧ ਮੌਕੇ ਦੇਣਾ ਅਤੇ ਆਗੂਆਂ ਦੀ ਨਵੀਂ ਪੀੜੀ ਤਿਆਰ ਕਰਨਾ ਸ਼ਾਮਲ ਹੈ। ਉਹਨਾਂ ਇਹ ਵੀ ਐਲਾਨ ਕੀਤਾ ਕਿ ਹੁਣ ਤੋਂ ਜ਼ਿਲ੍ਹਾ ਪ੍ਰਧਾਨ ਚੋਣਾਂ ਨਹੀਂ ਲੜਨਗੇ।

 ਬਾਦਲ ਨੇ ਦੱਸਿਆ ਕਿ ਇਹ ਫੈਸਲੇ ਪਾਰਟੀ ਦੇ ਆਗੂਆਂ, ਵਰਕਰਾਂ, ਬੁੱਧੀਜੀਵੀਆਂ ਤੇ ਪਾਰਟੀ ਦੇ ਸ਼ੁਭਚਿੰਤਕਾਂ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਲਏ ਗਏ ਹਨ। ਉਹਨਾਂ ਕਿਹਾ ਕਿ ਨਵੇਂ ਜਥੇਬੰਦਕ ਢਾਂਚੇ ਲਈ ਚੋਣਾਂ 30 ਨਵੰਬਰ ਤੱਕ ਕੇਂਦਰੀ ਚੋਣ ਕਮੇਟੀ ਦੀ ਨਿਗਰਾਨੀ ਹੇਠ ਮੁਕੰਮਲ ਹੋ ਜਾਣਗੀਆਂ। ਉਹਨਾਂ ਕਿਹਾ ਕਿ ਸੂਬੇ ਦੇ ਸਾਰੇ ਹਲਕਿਆਂ ਵਿਚ 117 ਚੋਣ ਆਬਜ਼ਰਵਰ ਨਿਯੁਕਤ ਕੀਤੇ ਜਾਣਗੇ। ਉਹਨਾਂ ਕਿਹਾ ਕਿ ਸਾਡਾ ਧਿਆਨ ਬੂਥ ਕਮੇਟੀਆਂ ’ਤੇ ਰਹੇਗਾ ਜੋ ਬੂਥ ਪ੍ਰਧਾਨ ਦੀ ਚੋਣ ਕਰਨਗੀਆਂ। ਬੂਥ ਪ੍ਰਧਾਨ ਅੱਗੇ ਸਰਕਲ ਪ੍ਰਧਾਨਾਂ ਦੀ ਚੋਣ ਕਰਨਗੇ ਤੇ ਸਰਕਲ ਪ੍ਰਧਾਨ ਜ਼ਿਲ੍ਹਾ ਪ੍ਰਧਾਨਾਂ ਦੀ ਚੋਣ ਕਰਨਗੇ।

ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਨੁੰ ਧਿਆਨ ਵਿਚ ਰੱਖਦਿਆਂ ਬਾਦਲ ਨੇ ਐਲਾਨ ਕੀਤਾ ਕਿ ਯੂਥ ਅਕਾਲੀ ਦਲ ਅਤੇ ਵਿਦਿਆਰਥੀ ਵਿੰਗ ਐਸ ਓ ਆਈ ਦਾ ਪੁਨਰਗਠਨ ਕੀਤਾ ਜਾਵੇਗਾ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਨੂੰ ਵੀ ਸੁਰਜੀਤ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਯੂਥ ਅਕਾਲੀ ਦਲ ਦੇ ਮੈਂਬਰਾਂ ਲਈ ਉਮਰ ਹੱਦ 35 ਸਾਲ ਹੋਵੇਗੀ ਤੇ ਪ੍ਰਧਾਨ ਲਈ 5 ਸਾਲ ਦੀ ਛੋਟ ਹੋਵੇੀਗ। ਉਹਨਾਂ ਕਿਹਾ ਕਿ ਇਸੇ ਤਰੀਕੇ ਐਸ ਓ ਆਈ ਤੇ ਫੈਡਰੇਸ਼ਨ ਮੈਂਬਰਾਂ ਲਈ ਉਮਰ ਹੱਦ 30 ਸਾਲ ਹੋਵੇਗੀ ਤੇ ਸਿਰਫ ਵਿਦਿਆਰਥੀ ਹੀ ਇਹਨਾਂ ਸੰਗਠਨਾਂ ਵਿਚ ਭਰਤੀ ਕੀਤੇ ਜਾਣਗੇ।
ਬਾਦਲ ਨੇ ਐਲਾਨ ਕੀਤਾ ਕਿ ਅਨੁਸੂਚਿਤ ਜਾਤੀਆਂ ਤੇ ਪਛੜੀਆਂ ਸ਼੍ਰੇਣੀਆਂ ਨੂੰ ਪਾਰਟੀ ਵਿਚ ਹਰ ਪੱਧਰ ’ਤੇ ਬਣਦੀ ਪ੍ਰਤੀਨਿਧਤਾ ਦਿੱਤੀ ਜਾਵੇਗੀ। ਉਹਨਾਂ ਬੁੱਧੀਜੀਵੀਆਂ ਤੇ ਸਮਾਜ ਵੱਖ ਵੱਖ ਵਰਗਾਂ ਤੋਂ ਸਿਆਣੇ ਲੋਕਾਂ ਦੀ ਸ਼ਮੂਲੀਅਤ ਵਾਲੇ ਇਕ ਸਲਾਹਕਾਰੀ ਬੋਰਡ ਦੇ ਗਠਨ ਦਾ ਵੀ ਐਲਾਨ ਕੀਤਾ ਜੋ ਪਾਰਟੀ ਪ੍ਰਧਾਨ ਨੂੰ ਅਹਿਮ ਮਾਮਲਿਆਂ ’ਤੇ ਸਲਾਹ ਮਸ਼ਵਰਾ ਦੇਵੇਗਾ। ਉਹਨਾਂ ਇਹ ਵੀ ਐਲਾਨ ਕੀਤਾ ਕਿ ਪਾਰਟੀ ਵਿਚ ਹੁਣ ਤੋਂ ਸਾਰੇ ਸਿੱਖ ਅਹੁਦੇਦਾਰ ਸਾਬਤ ਸੂਰਤ ਹੋਣਗੇ ਤੇ ਐਲਾਨ ਕੀਤਾ ਕਿ ਪਾਰਟੀ ਪ੍ਰਧਾਨ ਸਿਰਫ ਦੋ ਵਾਰ ਪੰਜ ਪੰਜ ਸਾਲ ਲਈ ਪ੍ਰਧਾਨ ਰਹਿ ਸਕੇਗਾ ਤੇ ਇਸ ਤੋਂ ਬਾਅਦ 5 ਸਾਲ ਦੀ ਬ੍ਰੇਕ ਲੈਣੀ ਲਾਜ਼ਮੀ ਹੋਵੇਗੀ। ਉਹਨਾਂ ਐਲਾਨ ਕੀਤਾ ਕਿ ਇਸ ਨਾਲ ਪਾਰਟੀ ਵਿਚ ਸਿਖਰਲੇ ਪੱਧਰ ’ਤੇ ਨਵੇਂ ਚੇਹਰੇ ਸ਼ਾਮਲ ਹੋ ਸਕਣਗੇ।

ਨਵੀਂਆਂ ਤਬਦੀਲੀਆਂ ਵਿਚ ਸੰਸਦੀ ਬੋਰਡ ਦਾ ਗਠਨ ਵੀ ਸ਼ਾਮਲ ਹੈ ਜੋ ਹੁਨਰਮੰਦ ਵਿਅਕਤੀਆਂ ਨੂੰ ਪਾਰਟੀ ਵਿਚ ਸ਼ਾਮਲ ਕਰਨ ਅਤੇ ਵਿਧਾਨ ਸਭਾ ਚੋਣਾਂ ਲਈ ਸਰਵੋਤਮ ਉਮੀਦਵਾਰਾਂ ਦੀ ਚੋਣ ਲਈ ਤੌਰ ਤਰੀਕੇ ਸੁਝਾਵੇਗਾ। ਉਹਨਾਂ ਕਿਹਾ ਕਿ ਸਰਦਾਰ ਸਿਕੰਦਰ ਸਿੰਘ ਮਲੂਕਾ ਦੀ ਅਗਵਾਈ ਵਾਲਾ ਅਨੁਸ਼ਾਸਨੀ ਬੋਰਡ ਪਹਿਲਾਂ ਹੀ ਗਠਿਤ ਕੀਤਾ ਜਾ ਚੁੱਕਾ ਹੈ ਅਤੇ ਉਹਨਾਂ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਮਤਭੇਦਾਂ ਦੀ ਗੱਲ ਪਾਰਟੀ ਫੋਰਮਾਂ ’ਤੇ ਰੱਖਣ ਅਤੇ ਮੀਡੀਆ ਵਿਚ ਨਾ ਜਾਣ।

ਇਸ ਮੌਕੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸਿਕੰਦਰ ਸਿੰਘ ਮਲੂਕਾ, ਡਾ. ਦਲਜੀਤ ਸਿੰਘ ਚੀਮਾ, ਹਰਚਰਨ ਬੈਂਸ ਅਤੇ ਗੁਰਿੰਦਰ ਸਿੰਘ ਗੋਗੀ ਵੀ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!