ਪੰਜਾਬ

ਸੁਖਬੀਰ ਸਿੰਘ ਬਾਦਲ ਨੇ ਸ਼੍ਰੀ ਅਕਾਲ ਤਖਤ ਸਨਮੁਖ ਹੋ ਕੇ ਬੇਅਦਬੀ ਘਟਨਾਵਾਂ ਲਈ ਪੰਥ ਤੋਂ ਮੁਆਫੀ ਮੰਗੀ

ਪਾਰਟੀ ਛੱਡ ਕੇ ਗਏ ਸਮੂਹ ਅਕਾਲੀ ਯੋਧਿਆਂ ਤੋਂ ਵੀ ਖਿਮਾ ਜਾਚਨਾਂ ਤੇ ਘਰ ਵਾਪਸੀ ਦੀ ਅਪੀਲ

ਪਾਰਟੀ ਨੇ ਗਨੀਵ ਕੌਰ ਮਜੀਠੀਆ ਵਿਰੁੱਧ ਦਰਜ ਕੇਸ ਨੂੰ ਮੁੱਖ ਮੰਤਰੀ ਦਾ ਹੋਛਾ ਹੱਥਕੰਡਾ ਦੱਸਿਆ
ਬੇਅਦਬੀ ਦੀਆਂ ਘਟਨਾਵਾਂ ਪੰਜਾਬ ਵਿਚ ਪੰਥਕ ਸਰਕਾਰਦੀਆਂ ਸੰਭਾਵਨਾਂ ਹੀ ਖਤਮ ਕਰਨ ਦੀ ਗਹਿਰੀ ਸਾਜ਼ਿਸ਼ : ਸੁਖਬੀਰ ਸਿੰਘ ਬਾਦਲ
ਅੰਮ੍ਰਿਤਸਰ, 14 ਦਸੰਬਰ, 2023:  ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ  ਅਕਾਲੀ ਸਰਕਾਰ ਦੌਰਾਨ ਵਾਪਰੀਆਂ
ਬੇਅਦਬੀ ਅਤੇ ਉਸ ਨਾਲ ਸਬੰਧਤ ਘਟਨਾਵਾਂ ਅਤੇ ਇਹਨਾਂ ਦਰਦਨਾਕ ਘਟਨਾਵਾਂ ਲਈ ਜਿੰਮੇਵਾਰ ਪਾਪੀਆਂ ਨੂੰ ਤੁਰੰਤ ਫੜ ਕੇ ਸਜ਼ਾਵਾਂ ਨਾ ਦੁਆ ਸਕਣ ਲਈ “ਸ਼੍ਰੀ ਅਕਾਲ ਤਖਤ ਸਾਹਿਬ ਦੇ ਸਨਮੁੱਖ ਹੋ ਕੇ ਸਮੁੱਚੇ ਗੁਰੂ ਪੰਥ ਤੋ ਬਿਨਾਂ ਸ਼ਰਤ ਮੁਆਫੀ ਮੰਗਦਿਆਂ ਕਿਹਾ ਹੈ ਕਿ ਇਹ ਘਟਨਾਵਾਂ ਉਹਨਾਂ ਦੀ ਅਤੇ ਸਰਦਾਰ ਪਰਕਾਸ਼ ਸਿੰਘ ਬਾਦਲ ਦੀ ਜ਼ਿੰਦਗੀ ਦੀਆਂ ਸਭ ਤੋਂ ਦਰਦਨਾਕ ਘਟਨਾਵਾਂ ਸਨ।
“ਅਕਾਲੀ ਸਰਕਾਰ ਦੌਰਾਨ ਵਾਪਰੀਆਂ ਇਹਨਾਂ ਘਟਨਾਵਾਂ ਲਈ ਅਤੇ  ਇਹਨਾਂ ਘਟਨਾਵਾਂ ਪਿੱਛੇ ਕੰਮ ਕਰ ਰਹੀ ਗਹਿਰੀ ਸਾਜ਼ਿਸ਼ ਨੂੰ ਸਮੇਂ ਸਿਰ  ਸਮਝ ਕੇ ਨੰਗਿਆਂ ਨਾ ਕਰ  ਸਕਣ ਅਤੇ ਇਹਨਾਂ ਲਈ ਜ਼ਿੰਮੇਵਾਰ ਪਾਪੀਆਂ ਨੂੰ ਨੰਗਿਆਂ ਕਰਕੇ ਕਟਹਿਰੇ ਵਿਚ ਖੜੇ ਕਰ ਕੇ ਸਜ਼ਾਵਾਂ ਨਾ ਦੁਆ ਸਕਣ ਦਾ ਮੇਰੇ ਮਨ ਵਿਚ ਬਹੁਤ ਦੁੱਖ ਹੈ ਤੇ ਇਸ ਲਈ ਮੈਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਹੋ ਕੇ  ਸਮੁੱਚੇ ਗੁਰੂ  ਪੰਥ ਤੋਂ ਮੁਆਫੀ ਮੰਗਦਾ ਹਾਂ।’’
 ਸੁਖਬੀਰ ਸਿੰਘ ਬਾਦਲ ਅੱਜ ਮੀਰੀ ਮੀਰੀ ਦੇ ਪਾਵਨ ਤੇ ਸਰਵਉੱਚ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਦੀ ਹਦੂਦ ਅੰਦਰ ਸਥਿਤ  ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਗੁਰਦਵਾਰਾ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ 103ਵੀਂ ਸ਼ਤਾਬਦੀ ਦੇ ਮੌਕੇ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੀ ਸਮਾਪਤੀ ਉਪਰੰਤ ਸੰਗਤਾਂ ਨੂੰ ਸੰਬੋਧਨ ਕਰ ਰਹੇ ਸਨ।
ਇਕ ਹੋਰ ਅਹਿਮ ਐਲਾਨ ਕਰਦਿਆਂ ਬਾਦਲ ਨੇ  ਉਹਨਾਂ ਸਮੂਹ ਅਕਾਲੀ ਆਗੂਆਂ ਤੇ ਵਰਕਰ ਸਾਹਿਬਾਨ ਨੂੰ ਤਹਿ ਦਿਲੋਂ ਅਪੀਲ ਕੀਤੀ ਕਿ  ਪੰਥ ਅਤੇ ਪੰਜਾਬ ਦੀ ਚੜ੍ਹਦੀਕਲਾ ਲਈ ਅਤੇ ਕੌਮ ਨੂੰ ਗਹਿਰੀਆਂ ਤੇ ਖਤਰਨਾਕ ਸਾਜ਼ਿਸ਼ਾਂ ਤੋਂ ਬਚਾਉਣ ਲਈ ਉਹ ਆਪਣੀ ਮਾਂ ਪਾਰਟੀ ਅੰਦਰ “ਘਰ ਵਾਪਸੀ” ਕਰਨ ।  ਬਾਦਲ ਨੇ ਕਿਹਾ ਕਿ ਗੁਰਧਾਮਾਂ ਦੀ ਪਵਿੱਤਰਤਾ ਕਾਇਮ ਰੱਖਣ ਲਈ ਸਮੂਹ ਪੰਥ ਦਰਦੀਆਂ ਦਾ ਪਹਿਲੋਂ ਵਾਂਗ ਅਕਾਲੀ ਨਿਸ਼ਾਨ ਹੇਠ ਇਕੱਠਾ ਹੋਣਾ ਸਮੇਂ ਸਖਤ ਦੀ ਲੋੜ ਹੈ ।
ਕਿਸੇ ਨਾ ਕਿਸੇ ਕਾਰਨ ਨਾਰਾਜ਼ਗੀ ਵਿਚ ਪਾਰਟੀ ਨੂੰ ਛੱਡ ਕੇ ਜਾਣ ਵਾਲੇ ਅਕਾਲੀ ਅਗੂਆਂ ਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ” ਮੈਂ ਆਪਣੀ ਨਿੱਜੀ ਹੈਸੀਅਤ ਵਿਚ ਅਤੇ  ਬਤੌਰ ਪਾਰਟੀ  ਪ੍ਰਧਾਨ ਸੱਚੇ ਮਨੋਂ ਤੇ ਪੂਰੀ ਨਿਮਰਤਾ ਸਹਿਤ ਇਹਨਾਂ ਅਕਾਲੀ ਆਗੂਆਂ ਤੇ ਵਰਕਰ ਸਾਹਿਬਾਨ ਤੋਂ ਵੀ ਮੁਆਫੀ ਮੰਗਦਾ ਹਾਂ ਜਿਹਨਾਂ ਨਾਲ  ਮੇਰੇ ਵੱਲੋਂ, ਜਾਂ ਬਾਦਲ ਸਾਹਿਬ ਵੱਲੋਂ ਜਾਂ ਪਾਰਟੀ ਦੇ ਕਿਸੇ ਵੀ ਆਗੂ  ਵੱਲੋਂ ਜਾਣੇ ਜਾਂ ਅਨਜਾਣੇ ਕੋਈ  ਵਧੀਕੀ ਜਾਂ ਬੇ-ਇਨਸਾਫੀ ਹੋ ਗਈ ਹੋਵੇ।ਬਤੌਰ ਪ੍ਰਧਾਨ ਮੈਂ ਅਜਿਹੀ ਹਰ ਭੁੱਲ ਦੀ ਜ਼ਿੰਮੇਵਾਰੀ ਆਪਣੇ ਸਿਰ ਲੈਂਦਾ ਹਾਂ ਤੇ ਸਨਿਮਰ ਮੁਆਫੀ ਮੰਗਦਾਂ ਹਾਂ”।
ਉਹਨਾਂ ਸਮੂਹ “ਅਕਾਲੀ  ਯੋਧਿਆਂ” ਨੂੰ ਵਿਸ਼ਵਾਸ ਦੁਆਇਆ ਕਿ  ਅੱਗੋਂ ਤੋਂ ਉਹ ਖੁਦ ਨਿੱਜੀ ਦਿਲਚਸਪੀ ਲੈ ਕੇ ਇਹ  ਯਕੀਨੀ ਬਣਾਉਣਗੇ ਕਿ ਪਾਰਟੀ ਵਿਚ ਕਿਸੇ ਇਕ ਵੀ ਵਰਕਰ ਨਾਲ  ਕੋਈ ਵੀ ਜ਼ਿਆਦਤੀ ਜਾਂ ਬੇਇਨਸਾਫੀ ਨਾ ਹੋਵੇ ਤੇ ਸਭ ਨੂੰ ਬਣਦਾ ਹੱਕ, ਇਨਸਾਫ ਤੇ ਸਨਮਾਨ ਮਿਲੇ”।
 ਬਾਦਲ ਨੇ ਸਮੂਹ ਅਕਾਲੀ ਵਰਕਰਾਂ ਅਤੇ ਸਮੂਹ ਪੰਥ ਹਿਤੈਸ਼ੀਆਂ ਤੇ ਪੰਥ ਦਰਦੀਆਂ ਨੂੰ ਅਪੀਲ ਕੀਤੀ ਕਿ ਉਹ ਬੰਦੀ ਸਿੰਘਾਂ ਦੀ ਰਿਹਾਈ ਸਮੇਤ ਸਮੂਹ ਪੰਥਕ ਮੰਗਾਂ ਮਨਵਾਉਣ ਹਿਤ ਅਤੇ ਦੇਸ਼ ਵਿਚ ਸਹੀ ਅਰਥਾਂ ਵਿਚ ਫੈਡਰਲ ਢਾਂਚਾ ਕਾਇਮ ਕਰਨ ਲਈ  ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਮਾਰੇ ਜਾ ਰਹੇ ਹੰਭਲਿਆਂ ਨੂੰ ਸਫਲ ਬਨਾਉਣ ਲਈ ਸਰਗਰਮ ਹਿੱਸਾ ਲੈਣ। ਉਹਨਾਂ ਕਿਹਾ ਕਿ ਪਾਣੀਆਂ, ਭਾਖੜਾ ਬਿਆਸ ਮੈਨੇਜਮੈਂਟ ਬੋਰਡ ਅਤੇ  ਪੰਜਾਬ ਦੇ ਕੀਮਤੀ ਕੁਦਰਤੀ ਸੋਮਿਆਂ ਦੀ ਰਾਖੀ ਲਈ ਅਤੇ ਸਾਡੇ ਨੌਜਵਾਨਾਂ ਦੇ ਰੋਸ਼ਨ ਭਵਿੱਖ ਲਈ ਦੂਰ ਅੰਦੇਸ਼ ਨੀਤੀਆਂ ਸਿਰਜਣ ਅਤੇ ਲਾਗੂ ਕਰਨ ਲਈ  ਪੰਥਕ ਏਕਤਾ ਅਤੇ ਸਮੂਹ ਪੰਜਾਬੀਆਂ ਦਾ ਇਕਜੁੱਟ ਹੋਣਾ ਬੁਨਿਆਦੀ ਸ਼ਰਤ ਹੈ।
ਉਹਨਾਂ  ਕਿਹਾ  ਸਰਦਾਰ ਬਾਦਲ ਵੱਲੋਂ ਪੰਥ ਅਤੇ ਸਮੁੱਚੇ ਪੰਜਾਬ ਤੇ ਪੰਜਾਬੀਆਂ ਦੀ ਭਲਾਈ ਅਤੇ ਚੜ੍ਹਦੀਕਲਾ ਲਈ ਮਹਾਨ ਗੁਰੂ ਸਾਹਿਬਾਨ ਵੱਲੋਂ ਦਰਸਾਏ ਸਰਬੱਤ ਦੇ ਭਲੇ ਦੇ ਪਾਵਨ ਸੰਕਲਪ ਉੱਤੇ ਆਧਾਰਤ ਅਮਨ ਤੇ ਭਾਈਚਾਰਕ ਸਾਂਝ ਉਤੇ ਪਹਿਰਾ ਦੇਣ ਦੀ ਲੋੜ ਹੈ।
ਬੇਅਦਬੀ ਦੀਆਂ ਘਟਨਾਵਾਂ ਦਾ ਮੁੜ ਜ਼ਿਕਰ ਕਰਦਿਆਂ ਉਹਨਾਂ ਕਿਹਾ ਕਿ ਅਕਾਲੀ ਸਰਕਾਰ ਦੌਰਾਨ ਹੋਈਆਂ ਇਹ  ਦਰਦਨਾਕ ਘਟਨਾਵਾਂ ਖਾਲਸਾ ਪੰਥ ਨੂੰ ਦੋਫਾੜ ਕਰਨ ਅਤੇ ਕੌਮ ਨੁੰ ਅਪਣੀ ਖੜਗ ਭੁਜਾ ਅਤੇ ਹਰਿਆਵਲ ਦਸਤੇ ਸ਼੍ਰੋਮਣੀ ਅਕਾਲੀ ਦਲ ਵਿਰੁੱਧ ਉਕਸਾਉਣ ਲਈ ਘੜੀ ਗਈ ਗਹਿਰੀ ਸਾਜ਼ਿਸ਼ ਦਾ ਹਿੱਸਾ ਸਨ। ਇਸ ਸਾਜ਼ਿਸ਼ ਦਾ ਅਸਲੀ ਮੰਤਵ ਪੰਜਾਬ ਵਿਚ ਪੰਥ ਦੀ ਸਰਕਾਰ ਢਾਹੁਣਾ ਅਤੇ ਅੱਗੋਂ ਤੋਂ ਪੰਥਕ ਸਰਕਾਰ ਬਨਣ ਦੀ ਸੰਭਾਵਨਾ ਨੂੰ ਸਦਾ ਲਈ ਖੇਰੂੰ-ਖੇਰੂੰ ਕਰਨਾ ਸੀ।ਪਰ ਇਸ ਸਾਜ਼ਿਸ਼ ਨੂੰ ਸਮੇਂ ਸਿਰ ਨਾ ਸਮਝ ਸਕਣ ਅਤੇ ਤੁਰੰਤ ਲੋੜੀਂਦੀ ਕਾਰਵਾਈ ਨਾ ਕਰ ਸਕਣ ਲਈ ਉਹ ਸ਼੍ਰੀ  ਗੁਰ ਗ੍ਰੰਥ ਸਾਹਿਬ ਅਤੇ ਗੁਰੂ ਪੰਥ ਤੋਂ  ਮੁਆਫੀ ਮੰਗਦੇ ਹਨ ।
ਬਾਦਲ ਨੇ ਸਿੱਖ ਕੌਮ ਨੂੰ ਬੇਨਤੀ ਭੀ ਕੀਤੀ ਕਿ ਉਹ ਖੁਦ ਇਹ ਦੇਖਣ ਕਿ  ਅਕਾਲੀ ਸਰਕਾਰ ਦੌਰਾਨ ਬੇਅਦਬੀ ਦੀਆਂ ਘਟਨਾਵਾਂ ਬਾਰੇ ਬਿਨਾਂ ਸਬੂਤ ਇਲਜਾਮ ਲਾਉਣ ਵਾਲੇ ਸਾਜ਼ਿਸ਼ੀ ਅਨਸਰ ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ ਸਮੇਤ ਹੋਰਨਾਂ ਥਾਵਾਂ ’ਤੇ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਬਾਰੇ ਕਿਵੇਂ  ਮੂੰਹ ਵਿਚ ਘੁੰਗਣੀਆਂ ਪਾਈ ਬੈਠੇ ਹਨ। ਸੁਲਤਾਨਪੁਰ ਲੋਧੀ ਪਾਵਨ ਗੁਰਧਾਮ ਵਿੱਚ ਪੁਲਿਸ ਵੱਲੋਂ ਕੀਤੇ ਗਏ ਵਹਿਸ਼ੀ ਨੰਗੇ ਨਾਚ ਵਿਰੁੱਧ ਵੀ  ਇਹਨਾਂ  ਅਖੌਤੀ ਪੰਥਕ ਸਖਸ਼ੀਅਤਾਂ ਤੇ ਜਥੇਬੰਦੀਆਂ ਦੀ ਜ਼ੁਬਾਨ ਹੀ ਨਹੀਂ ਖੁੱਲ ਰਹੀ।
ਬਾਦਲ ਨੇ ਗੰਭੀਰ ਦੋਸ਼ ਲਾਇਆ ਕਿ  ਪੰਥਕ ਸਰਕਾਰ ਨੂੰ ਢਾਹੁਣ ਲਈ ਸਰਗਰਮ  ਸਾਰੇ ਅਨਸਰ ਕਰੋੜਾਂ ਰੁਪਏ ਦੇ ਲਾਲਚ ਨਾਲ ਪੰਥ ਵਿਰੋਧੀ ਸ਼ਕਤੀਆਂ ਵੱਲੋਂ ਖੜੇ ਕੀਤੇ ਗਏ ਸਨ ਅਤੇ ਅਜੇ ਵੀ ਇਹਨਾਂ ਨੂੰ  ਇੱਕੋ ਇਕ ਹੀ ਟਾਸਕ ਅਤੇ ਟੀਚਾ ਦਿੱਤਾ ਹੋਇਆ ਹੈ ਕਿ ਪੰਜਾਬ ਵਿਚ ਮੁੜ ਪੰਥ ਦੀ ਸਰਕਾਰ ਨਾ ਬਣੇ।
ਇਹ ਗੱਲ ਸੰਗਤਾਂ ਨੂੰ ਖੁਦ ਸਮਝਣੀ ਪਏਗੀ ਕਿ ਇਹਨਾਂਅਨਸਰਾਂ ਦਾ  ਕਿਰਦਾਰ ਕੀ ਹੈ ਅਤੇ ਕਿਉਂ  ਇਹਨਾਂ ਦਾ ਇੱਕੋ ਇੱਕ ਕੰਮ ਦਿਨ ਰਾਤ ਸ਼੍ਰੌਮਣੀ ਅਕਾਲੀ ਦਲ ਅਤੇ ਅਕਾਲੀ ਲੀਡਰਸ਼ਿਪ ਦੇ ਵਿਰੁਧ ਜ਼ਹਿਰ ਉਗਲਣਾ ਹੀ  ਹੈ।
ਬਾਅਦ ਵਿੱਚ ਇੱਕ ਵਿਸ਼ੇਸ਼ ਮੀਟਿੰਗ ਵਿੱਚ ਪਾਰਟੀ ਨੇ ਪਾਰਟੀ ਦੇ ਸੀਨੀਅਰ ਆਗੂ ਸ ਬਿਕਰਮ ਸਿੰਘ ਮਜੀਠੀਆ  ਦੀ ਧਰਮ ਪਤਨੀ ਬੀਬੀ ਗਨੀਵ ਕੌਰ ਮਜੀਠੀਆ ਵਿਰੁੱਧ ਸਿਆਸੀ ਬਦਲਾਖੋਰੀ  ਹੇਠ ਕੀਤੇ ਝੂਠੇ ਕੇਸ ਦੀ ਭਰਪੂਰ ਨਿਖੇਧੀ ਕੀਤੀ ਤੇ ਇਸ ਨੂੰ ਮੁੱਖ ਮੰਤਰੀ ਭਗਵੰਤ ਮਾਨ ਦਾ ਹੋਛਾ ਹੱਥਕੰਡਾ ਦੱਸਿਆ।  ਪਾਰਟੀ ਨੇ ਅਲਾਨ ਕੀਤਾ ਕਿ ਉਹ ਬੀਬੀ ਮਜੀਠੀਆ ਵਿਰੱਧ ਦਰਜ ਕੀਤੇ ਝੂਠੇ ਕੇਸ ਨੂੰ ਸ਼੍ਰੌਮਣੀ ਅਕਾਲੀ ਦਲ ਵਿਰੁੱਧ ਚੈਲੰਜ ਸਮਝ ਕੇ ਕਬੂਲ ਕਰਦੀ ਹੈ
ਇਕ ਹੋਰ ਮਤੇ ਰਾਹੀਂ ਪਾਰਟੀ ਨੇ ਸ੍ਰੀ ਸੁਲਤਾਨਪੁਰ ਲੋਧੀ ਵਿਖੇ  ਗੁਰਧਾਮ ਉੱਤੇ ਕੀਤੇ ਪੁਲਸ ਹਮਲੇ ਤੇ ਪੁਲਿਸ਼ ਵੱਲੋ ਗੁਰੂ ਘਰ ਦੀ ਬੇਅਦਬੀ  ਦੀ ਸਖਤ ਨਿਖੇਧੀ ਕੀਤੀ।
ਇੱਕ ਹੋਰ ਮਤੇ ਰਾਹੀਂ ਪਾਰਟੀ ਨੇ ਮੁੱਖ ਮੰਤਰੀ ਵੱਲੋਂ ਵਿਧਾਨ ਸਭਾ ਦਾ ਅੰਨਾ ਦੁਰਉਪਯੋਗ  ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਤੇ ਹਮਲਾ ਕਰਕੇ ਖਾਲਸਾ ਪੰਥ ਤੇ ਗੁਰੂ ਘਰ ਨਾਲ ਮੱਥਾ ਲਾਉਣ ਦੀ ਮੁਗਲੀਆ ਮਾਨਸਿਕਤਾ ਦੀ ਵੀ ਨਿਖੇਧੀ ਕੀਤੀ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!