ਸਿੱਖਿਆ ਬੋਰਡ ਨੇ ਜਾਗਰੂਕਤਾ ਪੈਦਾ ਕਰਨ ਲਈ ਅੰਤਰਰਾਸ਼ਟਰੀ ਓਜ਼ੋਨ ਦਿਵਸ ਮਨਾਇਆ
· ਓਜ਼ੋਨ ਪਰਤ ਨੂੰ ਬਚਾਉਣ ਲਈ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਕੀਤਾ ਜਾਵੇ ਜਾਗਰੂਕ : ਯੋਗ ਰਾਜ
ਐਸ.ਏ.ਐਸ.ਨਗਰ, 15 ਸਤੰਬਰ: ਪੰਜਾਬ ਸਕੂਲ ਸਿੱਖਿਆ ਬੋਰਡ (ਪੀ.ਐਸ.ਈ.ਬੀ.) ਐਸ.ਏ.ਐਸ.ਨਗਰ ਵੱਲੋਂ ਅੱਜ ਵਿਸ਼ਵ ਭਰ ਵਿੱਚ ਹਰ 16 ਸਤੰਬਰ ਨੂੰ ਮਨਾਏ ਜਾ ਰਹੇ ਅੰਤਰਰਾਸ਼ਟਰੀ ਓਜ਼ੋਨ ਦਿਵਸ ਮੌਕੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਓਜ਼ੋਨ ਦੀ ਕਮੀ ਸਬੰਧੀ ਸੈਮੀਨਾਰ ਕਰਵਾਇਆ ਗਿਆ। ਓਜ਼ੋਨ ਪਰਤ ਦੀ ਰੱਖਿਆ ਲਈ ਸਾਲ 2022 ਲਈ ਅੰਤਰਰਾਸ਼ਟਰੀ ਦਿਵਸ ਦਾ ਥੀਮ “ਧਰਤੀ ‘ਤੇ ਵਾਤਾਵਰਣ ਅਤੇ ਜੀਵਨ ਦੀ ਸੁਰੱਖਿਆ ਲਈ ਗਲੋਬਲ ਸਹਿਯੋਗ” ਹੈ । ਇਹ ਸੈਮੀਨਾਰ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ (ਪੀ.ਐਸ.ਸੀ.ਐਸ.ਟੀ.) ਦੇ ਸਹਿਯੋਗ ਨਾਲ ਕਰਵਾਇਆ ਗਿਆ।
ਸੈਮੀਨਾਰ ਦਾ ਉਦਘਾਟਨ ਕਰਦਿਆਂ ਪੀ.ਐਸ.ਈ.ਬੀ. ਦੇ ਚੇਅਰਮੈਨ ਪ੍ਰੋਫੈਸਰ (ਡਾ.) ਯੋਗ ਰਾਜ ਨੇ ਕਿਹਾ ਕਿ ਓਜ਼ੋਨ ਪਰਤ ਨੂੰ ਬਚਾਉਣਾ ਸਾਡੇ ਜੀਵਨ ਦਾ ਅੰਗ ਹੋਣਾ ਚਾਹੀਦਾ ਹੈ ਕਿਉਂਕਿ ਓਜ਼ੋਨ ਪਰਤ ਦੇ ਘਟਣ ਨਾਲ ਵਿਸ਼ਵ ਭਰ ਦੀ ਮਨੁੱਖਤਾ ‘ਤੇ ਬਹੁਤ ਨੁਕਸਾਨਦੇਹ ਪ੍ਰਭਾਵ ਪੈ ਰਿਹਾ ਹੈ। ਉਨ੍ਹਾਂ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਤ ਸਕੂਲਾਂ ਦੇ ਸਮੂਹ ਵਿਦਿਆਰਥੀਆਂ ਅਤੇ ਅਧਿਆਪਕਾਂ ਤੋਂ ਇਲਾਵਾ ਹੋਰ ਵਿਦਿਅਕ ਸੰਸਥਾਵਾਂ ਨੂੰ ਓਜ਼ੋਨ ਪਰਤ ਦੇ ਘਟਣ ਪ੍ਰਤੀ ਜਾਗਰੂਕ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਓਜ਼ੋਨ ਪਰਤ ਦਾ ਘਟਣਾ ਇੱਕ ਵਿਸ਼ਵਵਿਆਪੀ ਮੁੱਦਾ ਹੈ ਅਤੇ ਇਸ ਦੇ ਹਾਨੀਕਾਰਕ ਪ੍ਰਭਾਵ ਨੂੰ ਸਾਂਝੇ ਸਹਿਯੋਗ ਅਤੇ ਜਨਤਕ ਜਾਗਰੂਕਤਾ ਪੈਦਾ ਕਰਕੇ ਹੀ ਘੱਟ ਕੀਤਾ ਜਾ ਸਕਦਾ ਹੈ।
ਡਾ: ਵਰਿੰਦਰ ਭਾਟੀਆ ਵਾਈਸ ਚੇਅਰਮੈਨ ਅਤੇ ਸ੍ਰੀਮਤੀ ਅਮਰਜੀਤ ਕੌਰ ਦਾਲਮ ਡਿਪਟੀ ਸਕੱਤਰ (ਅਕਾਦਮਿਕ) ਵੀ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਸਨ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪ੍ਰੋਫ਼ੈਸਰ ਡਾ: ਡੇਜ਼ੀ ਬਾਤਿਸ਼ ਇਸ ਸਮਾਗਮ ਵਿੱਚ ਰਿਸੋਰਸ ਪਰਸਨ ਸਨ। ਡਾ: ਸ਼ਰੂਤੀ ਸ਼ੁਕਲਾ ਵਿਸ਼ਾ ਮਾਹਿਰ, (ਵਾਤਾਵਰਨ) ਨੇ ਪ੍ਰੋਗਰਾਮ ਸੰਚਾਵੲ ਕਰਦਿਆਂ ਵਾਤਾਵਰਣ ਦੀ ਰੱਖਿਆ ਲਈ ਜੀਵਨ ਸ਼ੈਲੀ ਨੂੰ ਬਦਲਣ ‘ਤੇ ਜ਼ੋਰ ਦਿੰਦੇ ਹੋਏ ਸਾਰੇ ਭਾਗੀਦਾਰਾਂ ਨੂੰ ਪ੍ਰੇਰਿਤ ਕੀਤਾ।
ਪੀ.ਐਸ.ਸੀ.ਐਸ.ਟੀ. ਦੇ ਵਿਗਿਆਨੀ ਡਾ: ਰੂਪਾਲੀ ਬੱਲ, ਨੇ ਵੀ ਵਾਤਾਵਰਣ ਦੀ ਮੌਜੂਦਾ ਸਮੱਸਿਆ ਤੇ ਜਲਵਾਯੂ ਪਰਿਵਰਤਨ ਬਾਰੇ ਇਕੱਠ ਨੂੰ ਸੰਬੋਧਨ ਕੀਤਾ। ਇਸ ਮੌਕੇ ਪੇਸ਼ਕਾਰੀ ਤੋਂ ਬਾਅਦ ਆਪਸੀ ਵਿਚਾਰ ਵਟਾਂਦਰੇ ਦਾ ਸੈਸ਼ਨ ਹੋਇਆ ਅਤੇ ਪੀ.ਐਸ.ਈ.ਬੀ. ਦੇ ਵੱਖ-ਵੱਖ ਵਿੰਗਾਂ ਦੇ ਸਾਰੇ ਵਿਸ਼ਾ ਮਾਹਿਰ ਇਸ ਸੈਮੀਨਾਰ ਵਿੱਚ ਸ਼ਾਮਲ ਹੋਏ।