*ਨਸਿਆਂ ਤੇ ਫੈਸਲਾਕੁੰਨ ਵਾਰ ਲਈ ਜਿ਼ਲ੍ਹਾ ਪ੍ਰਸ਼ਾਸਨ ਸਰਗਰਮ, ਜਨਜਾਗਰੂਕਤਾ ਮੁਹਿੰਮ ਮੁੜ ਹੋਵੇਗੀ ਸ਼ੁਰੂ*
*ਡਿਪਟੀ ਕਮਿਸ਼ਨਰ ਨੇ ਕੀਤੀ ਅਧਿਕਾਰੀਆਂ ਨਾਲ ਬੈਠਕ*
ਫਾਜਿ਼ਲਕਾ, 8 ਦਸੰਬਰ
ਫਾਜਿ਼ਲਕਾ ਜਿ਼ਲ੍ਹਾ ਪ੍ਰ਼ਸਾਸਨ ਨੇ ਨਸਿ਼ਆਂ ਤੇ ਫੈਸਲਾਕੁੰਨ ਵਾਰ ਕਰਨ ਦੇ ਕੀਤੇ ਫੈਸਲੇ ਤਹਿਤ ਨਸ਼ੇ ਤੋਂ ਪੀੜਤਾਂ ਦੇ ਇਲਾਜ ਵਿਵਸਥਾ ਦੀ ਸਮੀਖਿਆ ਤੋਂ ਬਾਅਦ ਅੱਜ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਨੇ ਜਨ ਜਾਗਰੂਕਤਾ ਮੁਹਿੰਮ ਨੂੰ ਮੁੜ ਵਿਆਪਕ ਪੱਧਰ ਤੇ ਚਲਾਉਣ ਲਈ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ।
ਡਿਪਟੀ ਕਮਿਸ਼ਨਰ ਨੇ ਇਸ ਸਬੰਧ ਵਿਚ ਸਖ਼ਤ ਰੁੱਖ ਅਖਤਿਆਰ ਕੀਤਾ ਹੈ ਤਾਂ ਜ਼ੋ ਜਿ਼ਲ੍ਹੇ ਵਿਚੋ ਨਸ਼ੇ ਦੇ ਕੋਹੜ ਨੂੰ ਖਤਮ ਕੀਤਾ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਨਸ਼ਾ ਨਾ ਕੇਵਲ ਇਸਤੋਂ ਪੀੜਤ ਵਿਅਕਤੀ ਦੀ ਸਮੱਸਿਆ ਹੈ ਬਲਕਿ ਉਹ ਪੂਰੇ ਸਮਾਜ ਲਈ ਚੁਣੌਤੀ ਹੈ। ਇਸ ਲਈ ਉਨ੍ਹਾਂ ਨੇ ਜਿ਼ਲ੍ਹੇ ਵਿਚ ਨਸ਼ੇ ਦੇ ਪੀੜਤਾਂ ਦੇ ਇਲਾਜ ਦੀ ਵਿਵਸਥਾ ਨੂੰ ਚਾਕਚੌਬੰਧ ਕਰਨ ਤੋਂ ਬਾਅਦ ਹੁਣ ਇਸ ਸਬੰਧ ਵਿਚ ਸਮਾਜਿਕ ਜਾਗਰੁਕਤਾ ਤੇ ਵੀ ਕੰਮ ਕਰਨ ਦਾ ਫੈਸਲਾ ਕੀਤਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਸੀਂ ਸਮਾਜਿਕ ਭਾਗੀਦਾਰੀ ਨਾਲ ਨਸਿਆਂ ਨੂੰ ਠੱਲ ਪਾ ਸਕਦੇ ਹਾਂ। ਉਨ੍ਹਾਂ ਨੇ ਕਿਹਾ ਕਿ ਸਾਡੀ ਨਵੀਂ ਪੀੜ੍ਹੀ ਇਸ ਦੇ ਚੰਗੁਲ ਵਿਚ ਨਾ ਫਸੇ ਅਤੇ ਬੱਚੇ ਆਪਣੇ ਮਾਪਿਆਂ ਨੂੰ ਨਸ਼ੇ ਛੱਡਣ ਲਈ ਪ੍ਰੇਰਿਤ ਕਰਨ ਇਸ ਲਈ ਸਕੂਲਾਂ ਵਿਚ ਬੱਡੀ ਪ੍ਰੋਗਰਾਮ ਤਹਿਤ ਮੁੜ ਗਤੀਵਿਧੀਆਂ ਕਰਵਾਈਆਂ ਜਾਣ। ਉਨ੍ਹਾਂ ਨੇ ਕਿਹਾ ਕਿ ਮਹੀਨੇ ਵਿਚ ਇਕ ਵਾਰ ਕਿਸੇ ਵਿਸੇਸ਼ ਵਿਅਕਤੀ ਨੂੰ ਪ੍ਰੇਰਕ ਭਾਸ਼ਣ ਦੇਣ ਲਈ ਵੀ ਬੁਲਾਇਆ ਜਾਵੇ। ਅਧਿਆਪਕ ਬੱਚਿਆਂ ਨਾਲ ਇਸ ਵਿਸ਼ੇ ਤੇ ਸੰਵਾਦ ਕਰਨ ਅਤੇ ਉਨ੍ਹਾਂ ਨੂੰ ਭੱਵਿੱਖ ਦੀਆਂ ਚੁਣੌਤੀਆਂ ਨਾਲ ਲੜਨ ਦੇ ਸਮੱਰਥ ਨਾਗਰਿਕ ਬਣਾਉਣ।
ਇਸੇ ਤਰਾਂ ਡਿਪਟੀ ਕਮਿਸ਼ਨਰ ਨੇ ਪੁਲਿਸ ਵਿਭਾਗ ਨੂੰ ਹਦਾਇਤ ਕੀਤੀ ਕਿ ਜਿੱਥੇ ਨਸ਼ੇ ਦੀ ਸਪਲਾਈ ਲਾਈਨ ਤੋੜਨ ਲਈ ਪੁਲਿਸ ਕੰਮ ਕਰ ਰਹੀ ਹੈ ਉਥੇ ਹੀ ਪੁਲਿਸ ਡੈਪੋ ਪ੍ਰੋਗਰਾਮ ਤਹਿਤ ਪਿੰਡਾਂ ਦੇ ਲੋਕਾਂ ਨਾਲ ਸਿੱਧਾ ਸੰਵਾਦ ਕਾਇਮ ਕਰਕੇ ਉਨ੍ਹਾਂ ਵਿਚ ਭਰੋਸੇ ਦੀ ਭਾਵਨਾ ਪੈਦਾ ਕਰੇ ਤਾਂ ਜ਼ੋ ਲੋਕ ਨਸ਼ੇ ਦੀ ਤਸਕਰੀ ਵਿਚ ਲੱਗੇ ਲੋਕਾਂ ਦੀ ਪੁਲਿਸ ਨੂੰ ਨਿਡਰ ਹੋ ਕੇ ਸੂਚਨਾ ਵੀ ਦੇ ਸਕਨ ਅਤੇ ਜ਼ੋ ਲੋਕ ਨਸ਼ੇ ਲੈਣ ਤੋਂ ਪੀੜਤ ਹਨ ਉਹ ਆਪਣਾ ਇਲਾਜ ਕਰਵਾਉਣ ਲਈ ਅੱਗੇ ਆਉਣ। ਉਨ੍ਹਾਂ ਨੇ ਕਿਹਾ ਕਿ ਪਿੰਡਾਂ ਅਤੇ ਵਾਰਡਾਂ ਵਿਚ ਜਾਗਰੁਕਤਾ ਸੈਮੀਨਾਰ ਲਗਾਏ ਜਾਣ।
ਬੈਠਕ ਵਿਚ ਐਸਪੀ ਜੀਐਸ ਸੰਘਾ, ਡਾ: ਸਰਬਿੰਦਰ ਸਿੰਘ ਅਤੇ ਡਾ: ਮਹੇਸ਼ ਕੁਮਾਰ, ਤਹਿਸੀਲ ਭਲਾਈ ਅਫ਼ਸਰ ਅਸ਼ੋਕ ਕੁਮਾਰ, ਡੀਸੀਪੀਓ ਰਿਤੂ, ਸਿੱਖਿਆ ਵਿਭਾਗ ਤੋਂ ਵਿਜੈ ਕੁਮਾਰ ਆਦਿ ਹਾਜਰ ਸਨ।