ਪੰਜਾਬ

ਸਰਕਾਰੀ ਸਿੱਖਿਆ ਢਾਂਚੇ ਵਿੱਚ ਸਿਹਤਮੰਦ ਤੇ ਉਸਾਰੂ ਢਾਂਚਾ ਸਿਰਜਣ ਲਈ ਸੂਬਾ ਸਰਕਾਰ ਵਚਨਬੱਧ: ਮੀਤ ਹੇਅਰ

“ਸਿੱਖਿਆ ਸੁਧਾਰਾਂ ਲਈ ਅਧਿਆਪਕ ਹੀ ਮੁੱਖ ਜ਼ਰੀਆ”
ਸਿੱਖਿਆ ਮੰਤਰੀ ਵੱਲੋਂ ਅਧਿਆਪਕ ਜਥੇਬੰਦੀਆਂ ਨਾਲ ਮੀਟਿੰਗਾਂ
ਚੰਡੀਗੜ੍ਹ, 20 ਅਪ੍ਰੈਲ
ਪੰਜਾਬ ਦੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਅੱਜ ਸੂਬੇ ਦੀਆਂ ਵੱਖ-ਵੱਖ ਅਧਿਆਪਕ ਜਥੇਬੰਦੀਆਂ ਨਾਲ ਮੀਟਿੰਗਾਂ ਕੀਤੀਆਂ ਗਈਆਂ।
ਮੀਟਿੰਗ ਦੌਰਾਨ ਸਿੱਖਿਆ ਮੰਤਰੀ ਨੇ ਕਿਹਾ ਕਿ ਸਿੱਖਿਆ ਖੇਤਰ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਮੁੱਖ ਤਰਜੀਹ ਹੈ ਅਤੇ ਸੂਬੇ ਦੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਲਈ ਉਸਾਰੂ ਤੇ ਸਿਹਤਮੰਦ ਮਾਹੌਲ ਸਿਰਜਣ ਲਈ ਸਰਕਾਰ ਵਚਨਬੱਧ ਹੈ।ਉਨ੍ਹਾਂ ਵੱਖ-ਵੱਖ ਯੂਨੀਅਨਾਂ ਵੱਲੋਂ ਉਠਾਏ ਗਏ ਮਾਮਲਿਆਂ ਉੱਤੇ ਹਮਦਰਦੀ ਨਾਲ ਵਿਚਾਰ ਕਰਦੇ ਹੋਏ ਬਹੁਤੀਆਂ ਮੰਗਾਂ ਨੂੰ ਮੌਕੇ ਉਤੇ ਹੀ ਤੁਰੰਤ ਸਹੀ ਠਹਿਰਾਇਆ ਅਤੇ ਇਸ ਤੋਂ ਇਲਾਵਾ ਹੋਰ ਵੀ ਜਾਇਜ਼ ਤੇ ਸੰਭਵ ਮੰਗਾਂ ਨੂੰ ਮੰਨਣ ਦਾ ਵਿਸ਼ਵਾਸ ਦਿਵਾਇਆ।
 ਮੀਤ ਹੇਅਰ ਨੇ ਕਿਹਾ ਕਿ ਸਕੂਲ ਸਿੱਖਿਆ ਵਿੱਚ ਸੁਧਾਰ ਅਧਿਆਪਕਾਂ ਜ਼ਰੀਏ ਹੀ ਹੋ ਸਕਦਾ ਹੈ ਅਤੇ ਇਸ ਲਈ ਉਹ ਅਧਿਆਪਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਉੱਤੇ ਹੱਲ ਕਰਨਗੇ। ਉਨ੍ਹਾਂ ਕਿਹਾ ਕਿ ਸਰਕਾਰ ਇਮਾਨਦਾਰੀ ਨਾਲ ਇਸ ਖੇਤਰ ਵਿੱਚ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਸਰਕਾਰ ਦੀ ਭ੍ਰਿਸ਼ਟਾਚਾਰ ਖਿਲਾਫ ਜ਼ੀਰੋ ਟਾਲਰੈਂਸ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਖੇਤਰ ਵਿੱਚ ਕੰਮ ਕਰਨ ਲਈ ਉਹ ਜ਼ਮੀਨੀ ਪੱਧਰ ਉੱਤੇ ਫੀਡਬੈਕ ਲੈ ਕੇ ਕੰਮ ਕਰਨਗੇ। ਸਿੱਖਿਆ ਮੰਤਰੀ ਨੇ ਅਧਿਆਪਕਾਂ ਦੀ ਆਨਲਾਈਨ ਤਬਾਦਲਾ ਨੀਤੀ ਨੂੰ ਪੂਰਨ ਤੌਰ ਉਤੇ ਲਾਗੂ ਕਰਨ ਸਮੇਤ ਹੋਰ ਵੀ ਸੁਧਾਰਾਂ ਲਈ ਅਧਿਆਪਕ ਜਥੇਬੰਦੀਆਂ ਤੋਂ ਸਹਿਯੋਗ ਮੰਗਿਆ।ਉਨ੍ਹਾਂ ਕਿਹਾ ਕਿ ਅਧਿਆਪਕ ਸੰਘਰਸ਼ ਦੌਰਾਨ ਵਿਤਕਰੇਬਾਜ਼ੀ ਦਾ ਸ਼ਿਕਾਰ ਹੋਏ ਅਧਿਆਪਕਾਂ ਦੇ ਕੇਸਾਂ ਨੂੰ ਰੀਵਿਊ ਕਰਕੇ ਇਨਸਾਫ਼ ਦਿਵਾਇਆ ਜਾਵੇਗਾ।ਵਿੱਤ ਵਿਭਾਗ ਨਾਲ ਸਬੰਧਤ ਮੰਗਾਂ ਨੂੰ ਸਬੰਧਤ ਵਿਭਾਗ ਨਾਲ ਵਿਚਾਰਿਆ ਜਾਵੇਗਾ।
ਮੀਟਿੰਗ ਦੌਰਾਨ ਅਧਿਆਪਕ ਜਥੇਬੰਦੀਆਂ ਵੱਲੋਂ ਉਠਾਏ ਗਏ ਮਾਮਲਿਆਂ ਵਿੱਚ ਕੌਮੀ ਸਿੱਖਿਆ ਨੀਤੀ-2020 ਨੂੰ ਲਾਗੂ ਕਰਨ ਉੱਤੇ ਰੋਕ ਲਗਾਉਣਾ, ਪਿਛਲੇ ਸਮੇਂ ਵਿੱਚ ਅਧਿਆਪਕਾਂ ਨਾਲ ਹੋਈਆਂ ਵਿਤਕਰੇਬਾਜ਼ੀ ਦੇ ਕੇਸਾਂ ਨੂੰ ਰੀਵਿਊ ਕਰ ਕੇ ਅਧਿਆਪਕਾਂ ਨੂੰ ਇਨਸਾਫ਼ ਦੇਣਾ, ਸਕੂਲਾਂ ਦੀਆਂ ਖਾਲੀ ਅਸਾਮੀਆਂ ਭਰਨੀਆਂ, ਚੱਲ ਰਹੀਆਂ ਨਵੀਂ ਭਰਤੀਆਂ ਨੂੰ ਮੁਕੰਮਲ ਕਰਨਾ, ਖਤਮ ਕੀਤੀਆਂ ਅਸਾਮੀਆਂ ਬਹਾਲ ਕਰਨਾ, ਵੱਖ-ਵੱਖ ਕਾਡਰ ਦੀਆਂ ਪਦਉੱਨਤੀਆਂ ਸਮਾਂਬੱਧ ਕੀਤੀਆਂ ਜਾਣ, ਪਦਉੱਨਤੀਆਂ ਲਈ ਕੋਟੇ ਦੀ ਫੀਸਦੀ ਦਰ ਪਹਿਲਾਂ ਵਾਂਗ ਕਰਨੀ, ਦਫ਼ਤਰਾਂ ਵਿੱਚ ਤਾਇਨਾਤ ਅਧਿਆਪਕਾਂ ਨੂੰ ਵਾਪਸ ਪਿੱਤਰੀ ਸਕੂਲਾਂ ਵਿੱਚ ਭੇਜਣਾ, ਅਧਿਆਪਕਾਂ ਤੋਂ ਗੈਰ ਵਿੱਦਿਅਕ ਕੰਮ ਲੈਣੇ ਬੰਦ ਕਰਨੇ, ਬੀ.ਪੀ.ਈ.ਓਜ਼ ਦਫ਼ਤਰਾਂ ਵਿੱਚ ਸ਼ਿਫਟ ਕੀਤੇ ਪੀ.ਟੀ.ਆਈਜ਼ ਵਾਪਸ ਮਿਡਲ ਸਕੂਲਾਂ ਵਿੱਚ ਭੇਜੇ ਜਾਣ, ਆਦਰਸ਼ ਸਕੂਲਾਂ (ਪੀ.ਪੀ.ਪੀ. ਮੋਡ) ਦੇ ਪ੍ਰਬੰਧਾਂ ਨੂੰ ਸਹੀ ਲੀਹ ਉੱਤੇ ਲਿਆਂਦਾ ਜਾਵੇ, ਪਿਛਲੇ ਸਮੇਂ ਵਿੱਚ ਕੋਵਿਡ ਗ੍ਰਸਤ ਅਧਿਆਪਕਾਂ ਦੀ ਕੱਟੀ ਗਈ ਕਮਾਈ ਜਾਂ ਮੈਡੀਕਲ ਛੁੱਟੀ ਨੂੰ ਕੁਆਰੰਟਿਨ ਛੁੱਟੀ ਵਿੱਚ ਤਬਦੀਲ ਕੀਤਾ ਜਾਵੇ, ਵੱਖ-ਵੱਖ ਛੁੱਟੀਆਂ ਦੀ ਪ੍ਰਵਾਨਗੀ ਦੇਣ ਦੇ ਅਧਿਕਾਰਾਂ ਦਾ ਵਿਕੇਂਦਰੀਕਰਨ ਕੀਤਾ ਜਾਵੇ ਆਦਿ ਸ਼ਾਮਲ ਸੀ। ਇਸ ਤੋਂ ਇਲਾਵਾ ਵਿੱਤ ਤੇ ਪਰਸੋਨਲ ਵਿਭਾਗ ਨਾਲ ਸਬੰਧਤ ਮਾਮਲੇ ਅਤੇ ਤਨਖਾਹ ਕਮਿਸ਼ਨ ਦੀਆਂ ਤਰੁੱਟੀਆਂ ਦੇ ਮੁੱਦੇ ਉਠਾਏ ਗਏ।
ਮੀਟਿੰਗ ਵਿੱਚ 18 ਅਧਿਆਪਕ ਜਥੇਬੰਦੀਆਂ ਆਧਾਰਤ ਸਾਂਝਾ ਅਧਿਆਪਕ ਮੋਰਚਾ ਵੱਲੋਂ ਸੁਖਵਿੰਦਰ ਸਿੰਘ ਚਾਹਲ, ਵਿਕਰਮ ਦੇਵ ਸਿੰਘ, ਬਾਜ਼ ਸਿੰਘ ਖਹਿਰਾ, ਹਰਜੀਤ ਸਿੰਘ ਬਸੋਤਾ, ਹਰਵਿੰਦਰ ਸਿੰਘ ਬਿਲਗਾ ਸ਼ਾਮਲ ਹੋਏ।ਸਿੱਖਿਆ ਮੰਤਰੀ ਨੇ ਇਸ ਤੋਂ ਇਲਾਵਾ ਵੱਖ-ਵੱਖ ਕਾਡਰਾਂ ਨਾਲ ਸਬੰਧਤ ਯੂਨੀਅਨਾਂ ਦੇ ਆਗੂਆਂ ਨਾਲ ਵੀ ਮੀਟਿੰਗਾਂ ਕੀਤੀਆਂ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!