ਪੰਜਾਬ
*ਸਰਕਾਰੀ ਪ੍ਰਾਇਮਰੀ ਸਕੂਲ ਮਦਾਰਪੁਰ ਦੇ ਖੇਡਾਂ ਵਿੱਚ ਮੱਲਾਂ ਮਾਰ ਪਿੰਡ ਦਾ ਨਾਂ ਰੌਸ਼ਨ ਕਰਨ ਵਾਲੇ ਵਿਦਿਆਰਥੀ ਪਿੰਡ ਦੀ ਪੰਚਾਇਤ ਵੱਲੋਂ ਸਨਮਾਨਿਤ*
*ਸਰਕਾਰੀ ਸਕੂਲਾਂ ਦੇ ਪ੍ਰਤਿਭਾਸ਼ਾਲੀ ਵਿਦਿਆਰਥੀ ਜਿਸ ਵੀ ਖੇਤਰ ਵਿੱਚ ਪੈਰ ਰੱਖਦੇ ਹਨ ਉਹ ਆਪਣੀ ਮਿਹਨਤ, ਲਗਨ ਅਤੇ ਹੁਨਰ ਨਾਲ ਆਪਣੇ ਅਧਿਆਪਕਾਂ, ਮਾਪਿਆਂ ਅਤੇ ਪਿੰਡ ਦਾ ਮਾਣ ਬਣਦੇ ਹਨ:- ਬੀਪੀਈਓ ਰਿਸ਼ਮਾਂ ਦੇਵੀ *
ਪਠਾਨਕੋਟ, 27 ਨਵੰਬਰ ( ) ਸਰਕਾਰੀ ਪ੍ਰਾਇਮਰੀ ਸਕੂਲ ਮਦਾਰਪੁਰ ਵਿਖੇ ਅੱਜ ਪਿੰਡ ਦੀ ਸਰਪੰਚ ਸ਼ਵੇਤਾ ਸ਼ਰਮਾਂ, ਰਾਜੇਸ਼ ਸ਼ਰਮਾਂ ਅਤੇ ਪਿੰਡ ਦੇ ਲੰਬੜਦਾਰ ਸ੍ਰੀ ਰਾਮ ਲੁਭਾਇਆ ਨੇ ਸਕੂਲ ਸਟਾਫ਼ ਦੇ ਸਹਿਯੋਗ ਨਾਲ ਸਕੂਲ, ਕਲੱਸਟਰ, ਬਲਾਕ ਅਤੇ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਵਧੀਆ ਪ੍ਰਦਰਸ਼ਨ ਕਰ ਪਿੰਡ ਦਾ ਨਾਂ ਰੌਸ਼ਨ ਕਰਨ ਵਾਲੇ ਵਿਦਿਆਰਥੀਆਂ ਦੇ ਸਨਮਾਨ ਵਿੱਚ ਸਮਾਰੋਹ ਆਯੋਜਿਤ ਕਰ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਅਤੇ ਮੈਡਲ ਦੇ ਕੇ ਹੋਰ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ। ਸਮਾਰੋਹ ਦੌਰਾਨ ਸ੍ਰੀਮਤੀ ਰਿਸ਼ਮਾਂ ਦੇਵੀ ਬੀਪੀਈਓ ਨਰੋਟ ਜੈਮਲ ਸਿੰਘ ਨੇ ਮੁੱਖ ਮਹਿਮਾਨ ਦੇ ਤੌਰ ਤੇ ਅਤੇ ਬਲਾਕ ਸਪੋਰਟਸ ਅਫ਼ਸਰ ਗੁਰਸ਼ਰਨਜੀਤ ਕੌਰ ਅਤੇ ਸੈਂਟਰ ਹੈਡ ਟੀਚਰ ਸ੍ਰੀਮਤੀ ਅੰਜੂ ਬਾਲਾ ਨੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਿਰਕਤ ਕਰ ਬੱਚਿਆਂ ਦੀ ਹੌਂਸਲਾ ਅਫਜ਼ਾਈ ਕੀਤੀ। ਸਕੂਲ ਇੰਚਾਰਜ ਬਲਕਾਰ ਅੱਤਰੀ ਅਤੇ ਮਾਸਟਰ ਰਾਜੇਸ਼ ਕੁਮਾਰ ਵੱਲੋਂ ਆਏ ਹੋਏ ਸਾਰੇ ਮਹਿਮਾਨਾਂ ਦਾ ਗੁਲਦਸਤਿਆਂ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਤੇ ਸਕੂਲ ਇੰਚਾਰਜ ਬਲਕਾਰ ਅੱਤਰੀ ਅਤੇ ਮਾਸਟਰ ਰਾਜੇਸ਼ ਕੁਮਾਰ ਨੇ ਆਏ ਹੋਏ ਮਹਿਮਾਨਾਂ, ਪਤਵੰਤੇ ਸੱਜਣਾਂ ਅਤੇ ਬੱਚਿਆਂ ਦੇ ਮਾਪਿਆਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਪੰਜਵੀਂ ਦੀ ਵਿਦਿਆਰਥਣ ਰਾਧਿਕਾ ਨੇ ਸਕੀਪਿੰਗ ਮੁਕਾਬਲਿਆਂ ਵਿੱਚ ਜ਼ਿਲ੍ਹੇ ਵਿੱਚੋਂ ਦੂਜਾ ਸਥਾਨ ਪ੍ਰਾਪਤ ਕਰ ਸਿਲਵਰ ਮੈਡਲ ਅਤੇ ਪ੍ਰਸ਼ੰਸਾ ਪੱਤਰ ਪ੍ਰਾਪਤ ਕਰਨ ਦੇ ਨਾਲ ਨਾਲ ਰੱਸਾ ਕੱਸੀ ਮੁਕਾਬਲੇ ਵਿੱਚੋਂ ਵੀ ਗੋਲਡ ਮੈਡਲ ਅਤੇ ਪ੍ਰਸ਼ੰਸਾ ਪੱਤਰ ਪ੍ਰਾਪਤ ਕੀਤਾ ਹੈ, ਇਸਦੇ ਨਾਲ ਹੀ ਬਲਾਕ ਪੱਧਰੀ ਖੇਡਾਂ ਵਿੱਚ ਸਕੂਲ ਦੀ ਵਿਦਿਆਰਥਣ ਕਿਰਨ ਨੇ ਖੋ-ਖੋ ਵਿੱਚੋ ਸਿਲਵਰ ਮੈਡਲ ਅਤੇ ਪ੍ਰਸ਼ੰਸਾ ਪੱਤਰ ਪ੍ਰਾਪਤ ਕੀਤਾ ਅਤੇ ਬਲਾਕ ਪੱਧਰੀ ਸਕੀਪਿੰਗ ਮੁਕਾਬਲਿਆਂ ਵਿੱਚ ਨਿਖਿਲ ਨੇ ਬਲਾਕ ਵਿੱਚੋਂ ਦੂਜੇ ਸਥਾਨ ਤੇ ਰਹਿੰਦੇ ਹੋਏ ਸਿਲਵਰ ਮੈਡਲ ਅਤੇ ਪ੍ਰਸ਼ੰਸਾ ਪੱਤਰ ਪ੍ਰਾਪਤ ਕੀਤਾ। ਚੌਥੀ ਦੇ ਵਿਦਿਆਰਥੀ ਹਨੀ ਨੇ ਰੱਸਾ ਕੱਸੀ ਦੇ ਮੁਕਾਬਲੇ ਵਿੱਚ ਬਲਾਕ ਵਿੱਚੋਂ ਗੋਲਡ ਮੈਡਲ ਅਤੇ ਪ੍ਰਸ਼ੰਸਾ ਪੱਤਰ ਪ੍ਰਾਪਤ ਕੀਤਾ, ਜਦਕਿ ਕਲੱਸਟਰ ਪੱਧਰੀ ਖੇਡ ਮੁਕਾਬਲਿਆਂ ਵਿੱਚ ਪੰਜਵੀਂ ਦੀ ਵਿਦਿਆਰਥਣ ਡਿੰਪਲ ਨੇ ਬੈਡਮਿੰਟਨ ਵਿੱਚ ਪਹਿਲੇ ਸਥਾਨ ਤੇ ਰਹਿੰਦੇ ਹੋਏ ਗੋਲਡ ਮੈਡਲ ਪ੍ਰਾਪਤ ਕੀਤਾ ਸੀ, ਇਸਦੇ ਨਾਲ ਹੀ ਚੌਥੀ ਦੀ ਵਿਦਿਆਰਥਣ ਮੀਰਾ ਨੇ ਵੀ ਖੋ ਖੋ ਵਿੱਚ ਮੈਡਲ ਪ੍ਰਾਪਤ ਕਰ ਪਿੰਡ, ਸਕੂਲ ਅਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ।
ਬੀਪੀਈਓ ਰਿਸ਼ਮਾਂ ਦੇਵੀ ਨੇ ਇਸ ਮੌਕੇ ਬੱਚਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਪ੍ਰਤਿਭਾਸ਼ਾਲੀ ਵਿਦਿਆਰਥੀ ਜਿਸ ਵੀ ਖੇਤਰ ਵਿੱਚ ਪੈਰ ਰੱਖਦੇ ਹਨ ਉਹ ਆਪਣੀ ਮਿਹਨਤ, ਲਗਨ ਅਤੇ ਹੁਨਰ ਨਾਲ ਆਪਣੇ ਸਕੂਲਾਂ, ਅਧਿਆਪਕਾਂ ਅਤੇ ਮਾਪਿਆਂ ਦਾ ਸਿਰ ਮਾਣ ਨਾਲ ਉੱਚਾ ਕਰਦੇ ਹਨ। ਉਨ੍ਹਾਂ ਨੇ ਬੱਚਿਆਂ ਨੂੰ ਹਰ ਖੇਤਰ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਜਿਥੇ ਇਸ ਸਕੂਲ ਦੇ ਬੱਚਿਆਂ ਨੇ ਖੇਡਾਂ ਵਿੱਚ ਵਧੀਆ ਪ੍ਰਦਰਸ਼ਨ ਨਾਲ ਪਿੰਡ ਦਾ ਨਾਂ ਉੱਚਾ ਕੀਤਾ ਹੈ ਉਥੇ ਹੀ ਇਸ ਸਕੂਲ ਦੇ ਬੱਚੇ ਪੜ੍ਹਾਈ ਦੇ ਖੇਤਰ ਵਿੱਚ ਵੀ ਮੱਲਾਂ ਮਾਰ ਰਹੇ ਹਨ। ਉਨ੍ਹਾਂ ਮਾਪਿਆਂ ਅਤੇ ਪੰਚਾਇਤ ਨੂੰ ਅਪੀਲ ਕੀਤੀ ਕਿ ਸਕੂਲ ਵਿੱਚ ਦਾਖਲਾ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ ਅਤੇ ਮਾਪਿਆਂ ਨੂੰ ਸਕੂਲ ਦੀਆਂ ਉਪਲੱਬਧੀਆਂ ਦੱਸਦੇ ਹੋਏ ਆਪਣੇ ਬੱਚੇ ਇਸ ਸਕੂਲ ਵਿੱਚ ਦਾਖਲ ਕਰਵਾਉਣ ਲਈ ਪ੍ਰੇਰਿਤ ਕੀਤਾ ਜਾਵੇ।
ਸਰਪੰਚ ਸ਼ਵੇਤਾ ਸ਼ਰਮਾਂ, ਰਾਜੇਸ਼ ਸ਼ਰਮਾਂ ਅਤੇ ਲੰਬੜਦਾਰ ਰਾਮ ਲੁਭਾਇਆ ਨੇ ਕਿਹਾ ਕਿ ਸਕੂਲ ਦੇ ਵਿਦਿਆਰਥੀਆਂ ਦੇ ਕੀਤੇ ਹੋਏ ਪ੍ਰਦਰਸ਼ਨ ਨੂੰ ਦੇਖਦੇ ਹੋਏ ਵਿਦਿਆਰਥੀਆਂ ਦੀ ਹੌਂਸਲਾ ਅਫਜ਼ਾਈ ਲਈ ਇਹ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ ਹੈ। ਉਨ੍ਹਾਂ ਵੱਲੋਂ ਮੌਕੇ ਤੇ ਹੀ ਪਿੰਡ ਦੇ ਦੋ ਬੱਚਿਆਂ ਦੀ ਪ੍ਰੀ- ਪ੍ਰਾਇਮਰੀ ਜਮਾਤ ਲਈ ਦਾਖਲਾ ਰਜਿਸਟ੍ਰੇਸ਼ਨ ਕਰਵਾਈ ਗਈ ਅਤੇ ਭਵਿੱਖ ਵਿੱਚ ਵੀ ਸਕੂਲ ਦੀ ਬਿਹਤਰੀ ਲਈ ਸਕੂਲ ਸਟਾਫ਼ ਨੂੰ ਹਰ ਸੰਭਵ ਯੋਗਦਾਨ ਦੇਣ ਦਾ ਵਾਅਦਾ ਕਰਨ ਦੇ ਨਾਲ ਨਾਲ ਮੁੱਖ ਮਹਿਮਾਨ ਰਿਸ਼ਮਾਂ ਦੇਵੀ, ਸਪੋਰਟਸ ਅਫ਼ਸਰ ਗੁਰਸ਼ਰਨਜੀਤ ਕੌਰ ਅਤੇ ਸੈਂਟਰ ਹੈਡ ਟੀਚਰ ਅੰਜੂ ਬਾਲਾ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।
ਪ੍ਰੋਗਰਾਮ ਦੇ ਅੰਤ ਵਿੱਚ ਸਕੂਲ ਇੰਚਾਰਜ ਬਲਕਾਰ ਅੱਤਰੀ ਅਤੇ ਮਾਸਟਰ ਰਾਜੇਸ਼ ਕੁਮਾਰ ਨੇ ਆਏ ਹੋਏ ਸਾਰੇ ਮਹਿਮਾਨਾਂ, ਪਤਵੰਤੇ ਸੱਜਣਾਂ ਅਤੇ ਮਾਪਿਆਂ ਦਾ ਧੰਨਵਾਦ ਕੀਤਾ ਅਤੇ ਸਕੂਲ ਵਿੱਚ ਮਿਲ ਰਹੀਆਂ ਸਹੂਲਤਾਂ ਬਾਰੇ ਦੱਸਦੇ ਹੋਏ ਬੱਚਿਆਂ ਦਾ ਵੱਧ ਤੋਂ ਵੱਧ ਦਾਖ਼ਲਾ ਸਕੂਲ ਵਿੱਚ ਕਰਵਾਉਣ ਦੀ ਅਪੀਲ ਕਰਦਿਆਂ ਆਪਣੀ ਡਿਊਟੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣ ਦਾ ਭਰੋਸਾ ਦਿੱਤਾ।
ਇਸ ਮੌਕੇ ਤੇ ਰਾਣੀ ਦੇਵੀ, ਰਾਜ ਰਾਣੀ, ਪ੍ਰਿਅੰਕਾ ਦੇਵੀ, ਵੀਰ ਸਿੰਘ, ਨੈਨਸੀ, ਵੰਦਨਾ ਦੇਵੀ , ਪੂਜਾ, ਰਜਨੀ, ਸਪਨਾ, ਦੇਵਾਨੰਦ, ਬਿੱਲੂ ਚੌਕੀਦਾਰ, ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ:- ਬੀਪੀਈਓ ਰਿਸ਼ਮਾਂ ਦੇਵੀ, ਬਲਾਕ ਸਪੋਰਟਸ ਅਫ਼ਸਰ ਗੁਰਸ਼ਰਨਜੀਤ ਕੌਰ, ਸੈਂਟਰ ਹੈਡ ਟੀਚਰ ਅੰਜੂ ਬਾਲਾ, ਸਰਪੰਚ ਸ਼ਵੇਤਾ ਸ਼ਰਮਾਂ, ਰਾਜੇਸ਼ ਸ਼ਰਮਾ, ਲੰਬੜਦਾਰ ਰਾਮ ਲੁਭਾਇਆ, ਸਕੂਲ ਇੰਚਾਰਜ ਬਲਕਾਰ ਅੱਤਰੀ ਅਤੇ ਸਟਾਫ਼।